ਚੰਡੀਗੜ੍ਹ – “ਨਾਮਧਾਰੀ ਸੰਪਰਦਾ ਭੈਣੀ ਸਾਹਿਬ ਦੇ ਮੁੱਖੀ ਠਾਕੁਰ ਉਦੈ ਸਿੰਘ ਜੀ ਉਤੇ ਉਹਨਾਂ ਦੀ ਲੰਡਨ ਯਾਤਰਾ ਦੇ ਦੌਰਾਨ ਹੋਏ ਹਮਲੇ ਨੂੰ ਜੋ ਪੀ.ਟੀ.ਆਈ. ਦੀ ਏਜੰਸੀ ਅਤੇ ਅੰਗਰੇਜ਼ੀ ਟ੍ਰਿਬਿਊਨ ਵੱਲੋਂ ਸਿੱਖ ਕੌਮ ਦੇ ਨਾਮ ਮੜ੍ਹਕੇ ਖ਼ਬਰਾਂ ਜਾਰੀ ਕੀਤੀਆਂ ਗਈਆਂ ਹਨ, ਅਜਿਹੇ ਅਮਲ ਹਿੰਦ ਹਕੂਮਤ ਦੀਆਂ ਏਜੰਸੀਆਂ ਅਤੇ ਹਿੰਦੂਤਵ ਜਮਾਤਾਂ ਵੱਲੋਂ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੀ ਇਕ ਡੂੰਘੀ ਸਾਜਿਸ਼ ਹੈ । ਜਿਸ ਵਿਰੁੱਧ ਸਮੁੱਚੇ ਮੁਲਕਾਂ ਵਿਚ ਸਰਗਰਮ ਸਿੱਖ ਜਥੇਬੰਦੀਆਂ ਅਤੇ ਸਿਰਕੱਢ ਸਿੱਖ ਸਖਸ਼ੀਅਤਾਂ ਨੂੰ ਸਖ਼ਤ ਨੋਟਿਸ ਲੈਦੇ ਹੋਏ ਅਜਿਹੀਆਂ ਏਜੰਸੀ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਦਾ ਖੰਡਨ ਕਰਨ ਦੇ ਨਾਲ-ਨਾਲ ਸਿੱਖ ਕੌਮ ਦੀ ਸਰਬੱਤ ਦੇ ਭਲੇ ਵਾਲੀ ਸੋਚ ਤੋ ਵੀ ਜਾਣੂ ਕਰਵਾਉਣਾ ਚਾਹੀਦਾ ਹੈ । ਤਾਂ ਕਿ ਦੁਸ਼ਮਣ ਤਾਕਤਾਂ ਸਿੱਖ ਕੌਮ ਨੂੰ ਬਦਨਾਮ ਕਰਨ ਵਿਚ ਕਾਮਯਾਬ ਨਾ ਹੋ ਸਕਣ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੀ.ਟੀ.ਆਈ. ਏਜੰਸੀ ਅਤੇ ਮੁਤੱਸਵੀ ਸੋਚ ਦੇ ਮਾਲਕ ਅੰਗਰੇਜੀ ਟ੍ਰਿਬਿਊਨ ਦੇ ਅਖ਼ਬਾਰ ਵੱਲੋਂ ਸਿੱਖਾਂ ਵਿਰੁੱਧ ਨਫਰਤ ਫੈਲਾਉਣ ਦੀਆਂ ਕਾਰਵਾਈਆਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ, ਸਿੱਖ ਕੌਮ ਨੂੰ ਅਜਿਹੀਆਂ ਏਜੰਸੀਆਂ ਅਤੇ ਅਖ਼ਬਾਰਾਂ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਮੁੱਚੀ ਦੁਨੀਆਂ ਦੇ ਧਰਮ ਅਤੇ ਕੌਮਾਂ ਨੂੰ ਇਹ ਜਾਣਕਾਰੀ ਹੈ ਕਿ ਸਿੱਖ ਕਦੀ ਵੀ ਕਿਸੇ ਉਤੇ ਜਾਨਲੇਵਾ ਜਾ ਉਸ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਨਹੀ ਕਰਦੇ । ਸਿੱਖੀ ਕਿਰਦਾਰ ਤਾਂ ਦੂਸਰਿਆਂ ਦੀ, ਮਜਲੂਮਾਂ, ਲਤਾੜੇ ਵਰਗਾਂ, ਗਰੀਬਾਂ ਅਤੇ ਲੋੜਵੰਦਾ ਦੀ ਨਿਰਸਵਾਰਥ ਹੋ ਕੇ ਸੇਵਾ ਕਰਨ ਅਤੇ ਹਰ ਤਰ੍ਹਾਂ ਦੀ ਬੇਇਨਸਾਫੀ ਅਤੇ ਜ਼ਬਰ-ਜੁਲਮ ਵਿਰੁੱਧ ਅਵਾਜ ਉਠਾਉਣ ਦਾ ਸੰਦੇਸ਼ ਦਿੰਦਾ ਹੈ । ਆਪਣੀ ਜਾਣ ਤੋ ਖੇਲ੍ਹਕੇ ਵੀ ਦੂਸਰੇ ਨੂੰ ਜੀਵਨ ਦੇਣਾ ਜਾਂ ਮਦਦ ਕਰਨੀ ਸਿੱਖੀ ਕਿਰਦਾਰ ਦੀ ਵੱਡਮੁੱਲੀ ਨਿਸ਼ਾਨੀ ਹੈ । ਇਸ ਲਈ ਠਾਕੁਰ ਉਦੈ ਸਿੰਘ ਉਤੇ ਹਮਲਾ ਹੋਣ ਦੀ ਗੱਲ ਦੀ ਸਭਨਾਂ ਨੂੰ ਜਾਣਕਾਰੀ ਹੈ । ਫਿਰ ਅਜਿਹੀ ਨਿਰਰਾਰਥਿਕ ਤੇ ਤੱਥਹੀਣ ਗੱਲ ਨੂੰ ਸਿੱਖਾਂ ਨਾਲ ਜੋੜਕੇ ਮੁਤੱਸਵੀ ਹੁਕਮਰਾਨ ਅਤੇ ਉਸਦੀਆਂ ਏਜੰਸੀਆਂ ਸਿੱਖ ਕੌਮ ਦੇ ਉਚੇ-ਸੁੱਚੇ ਕਿਰਦਾਰ ਨੂੰ ਦਾਗੀ ਕਰਨ ਦੀਆਂ ਭਾਵਨਾਵਾਂ ਰੱਖਦੀਆਂ ਹਨ । ਜਿਸ ਵਿਚ ਉਹ ਕਦੇ ਵੀ ਕਾਮਯਾਬ ਨਹੀ ਹੋ ਸਕਣਗੇ । ਕਿਉਕਿ ਸਿੱਖ ਆਪਣੇ ਆਪ ਵਿਚ ਇਕ ਅੱਛੇ ਗੁਣਾ, ਇਨਸਾਨੀ ਕਦਰਾ-ਕੀਮਤਾਂ, ਸਮਾਜ ਨੂੰ ਸੁਚੱਜੀ ਅਗਵਾਈ ਦੇਣ ਅਤੇ ਬੁਰਾਈਆ ਦਾ ਨਾਸ ਕਰਨ ਦਾ ਪ੍ਰਤੀਕ ਹੈ ।
ਸ. ਮਾਨ ਨੇ ਬਰਤਾਨੀਆ ਵਿਚ ਵਿਚਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੈਂਬਰਾਂ ਅਤੇ ਹੋਰ ਪੰਥਕ ਜਥੇਬੰਦੀਆਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪੋ-ਆਪਣੀਆਂ ਹਕੂਮਤਾਂ ਕੋਲ ਸਿੱਖ ਕੌਮ ਦੇ ਉਪਰੋਕਤ ਕੇਸ ਦੀ ਸੱਚਾਈ ਨੂੰ ਉਜਾਗਰ ਕਰਕੇ, ਪੀ.ਟੀ.ਆਈ. ਅਤੇ ਇੰਗਲਿਸ ਟ੍ਰਿਬਿਊਨ ਆਦਿ ਦੀ ਸਾਜਿਸ਼ ਤੋਂ ਪਰਦਾ ਚੁੱਕਕੇ ਉਹਨਾਂ ਨੂੰ ਜਾਣੂ ਕਰਵਾਉਣ ਕਿ ਸੱਚਾਈ ਕੀ ਹੈ ਅਤੇ ਅਜਿਹੀਆਂ ਅਫ਼ਵਾਹਾਂ ਪਿਛੇ ਇਹਨਾਂ ਹਿੰਦੂਤਵ ਹੁਕਮਰਾਨਾਂ ਅਤੇ ਉਹਨਾਂ ਦੀ ਸੋਚ ਵਾਲਿਆਂ ਦਾ ਸਿੱਖ ਕੌਮ ਨੂੰ ਬਦਨਾਮ ਕਰਨ ਦਾ ਮਕਸਦ ਛੁਪਿਆ ਹੋਇਆ ਹੈ । ਤਾਂ ਕਿ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਜੋ ਸਿੱਖਾਂ ਦੇ ਕਿਰਦਾਰ ਅਤੇ ਬਹਾਦਰੀ ਕਾਰਨ ਸਤਿਕਾਰ-ਮਾਣ ਕਰਦੀਆਂ ਹਨ ਅਤੇ ਆਪੋ-ਆਪਣੇ ਮੁਲਕਾਂ ਵਿਚ ਸਿੱਖਾਂ ਨੂੰ ਕਾਰੋਬਾਰ ਕਰਨ, ਉਥੋ ਦੀ ਨਾਗਰਿਕਤਾ ਪ੍ਰਾਪਤ ਕਰਨ ਦੇ ਅਧਿਕਾਰ ਪ੍ਰਦਾਨ ਕਰਦੀਆਂ ਹਨ, ਉਹਨਾਂ ਨੂੰ ਸਿੱਖ ਕੌਮ ਪ੍ਰਤੀ ਕੋਈ ਗਲਤ ਫਹਿਮੀ ਪੈਦਾ ਨਾ ਹੋ ਸਕੇ ਅਤੇ ਸਿੱਖ ਵਿਰੋਧੀ ਤਾਕਤਾਂ ਦੀਆਂ ਸਾਜਿਸ਼ਾਂ ਨੂੰ ਉਥੋ ਦੇ ਹੁਕਮਰਾਨ ਸਾਂਭ ਸਕਣ ।