ਪਟਨਾ- ਬਿਹਾਰ ਦੇ ਖਗੜੀਆ ਜਿਲ੍ਹੇ ਵਿੱਚ ਰਾਜਰਾਣੀ ਐਕਸਪ੍ਰੈਸ ਨਾਲ ਕਟ ਕੇ 35 ਲੋਕਾਂ ਦੀ ਮੌਤ ਹੋ ਗਈ ਹੈ। ਇਹ ਦੁਰਘਟਨਾ ਸਮਸਤੀਪੁਰ ਰੇਲਵੇ ਡਵੀਜਨ ਦੇ ਧਮਾਰਾਘਾਟ ਦੇ ਕੋਲ ਹੋਈ। ਇਸ ਹਾਦਸੇ ਤੋਂ ਬਾਅਦ ਘਟਨਾ ਸਥਾਨ ਤੇ ਸਥਿਤੀ ਤਨਾਅਪੂਰਣ ਬਣੀ ਹੋਈ ਹੈ।ਸਥਾਨਕ ਲੋਕਾਂ ਦੀ ਭੀੜ ਨੇ ਟਰੇਨ ਦੇ ਡਰਾਈਵਰ ਨੂੰ ਬੰਧਕ ਬਣਾ ਲਿਆ ਹੈ ਅਤੇ ਕਈਆਂ ਬੋਗੀਆਂ ਨੂੰ ਅੱਗ ਲਗਾ ਦਿੱਤੀ ਹੈ।
ਹਾਦਸੇ ਵਾਲੇ ਸਥਾਨ ਦੇ ਕੋਲ ਹੀ ਕਾਤਆਨੀ ਮੰਦਿਰ ਹੈ। ਸਾਉਣ ਮਹੀਨੇ ਦਾ ਆਖਰੀ ਸੋਮਵਾਰ ਹੋਣ ਕਰਕੇ ਬਹੁਤ ਭਾਰੀ ਸੰਖਿਆ ਵਿੱਚ ਉਥੇ ਸ਼ਰਧਾਲੂਆਂ ਦੀ ਭੀੜ ਇੱਕਠੀ ਹੋਈ ਸੀ। ਕਾਂਵੜੀਏ ਮੰਦਿਰ ਵਿੱਚ ਜਲ ਚੜਾਉਣ ਆਏ ਸਨ। ਇੱਥੇ ਸੋਮਵਾਰੀ ਮੇਲਾ ਵੀ ਲਗਦਾ ਹੈ। ਲੋਕ ਪਟੜੀ ਤੇ ਚਲਦੇ ਹੋਏ ਦੂਸਰੇ ਪਾਸੇ ਮੰਦਿਰ ਵੱਲ ਜਾ ਰਹੇ ਸਨ।ਧਮਾਰਾਘਾਟ ਇੱਕ ਛੋਟਾ ਜਿਹਾ ਸਟੇਸ਼ਨ ਹੋਣ ਕਰਕੇ ਇੱਥੇ ਰਾਜਰਾਣੀ ਐਕਸਪ੍ਰੈਸ ਦਾ ਸਟਾਪ ਨਹੀਂ ਹੈ। ਟਰੇਨ ਬਹੁਤ ਸਪੀਡ ਨਾਲ ਆ ਰਹੀ ਸੀ। ਐਕਸਪ੍ਰੈਸ ਦੀ ਚਪੇਟ ਵਿੱਚ ਕਾਫੀ ਲੋਕ ਆਏ ਹਨ।ਘਟਨਾ ਸਥਾਨ ਤੇ ਹੀ 35 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਜਖਮੀਆਂ ਦੀ ਤਦਾਦ ਵੀ ਕਾਫੀ ਹੈ।
ਸਮਸਤੀਪੁਰ ਦੇ ਅਧਿਕਾਰੀ ਅਨੁਸਾਰ ਗੁਸਾਈ ਭੀੜ੍ਹ ਨੇ ਪੂਰੇ ਸਟੇਸ਼ਨ ਨੂੰ ਹੀ ਘੇਰਿਆ ਹੋਇਆ ਹੈ ਅਤੇ ਇਹ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਭੜਕੀ ਭੀੜ ਨੇ ਡਰਾਈਵਰ ਦੀ ਹੱਤਿਆ ਕਰ ਦਿੱਤੀ ਹੈ। ਰੇਲਵੇ ਵਿਭਾਗ ਵੱਲੋਂ ਮੈਡੀਕਲ ਰਲੀਫ਼ ਵੇਨ ਰਵਾਨਾ ਕਰ ਦਿੱਤੀ ਗਈ ਹੈ।