ਨਵੀਂ ਦਿੱਲੀ- ਦੇਸ਼ ਵਿੱਚ ਵੱਖ-ਵੱਖ ਕੌਮਾਂ ਵਿੱਚੋਂ ਮੁਸਲਮਾਨਾਂ ਦੇ ਰਹਿਣ ਸਹਿਣ ਦਾ ਪੱਧਰ ਸੱਭ ਤੋਂ ਹੇਠਲੇ ਪੱਧਰ ਤੇ ਮਾਪਿਆ ਗਿਆ ਹੈ। ਉਹ ਸਿਰਫ਼ ਔਸਤਨ 32.66 ਰੁਪੈ ਵਿੱਚ ਹੀ ਜੀਵਨ ਨਿਰਵਾਹ ਕਰਦੇ ਹਨ। ਇੱਕ ਸਰਕਾਰੀ ਸਰਵੇ ਦੁਆਰਾ ਦੇਸ਼ ਦੀਆਂ ਮੁੱਖ ਧਾਰਮਿਕ ਕੌਮਾਂ ਦੀਆਂ ਰੁਜ਼ਗਾਰ ਅਤੇ ਬੇਰੁਜ਼ਗਾਰੀ ਸਬੰਧੀ ਸਥਿਤੀ ਨੂੰ ਵੇਖਦੇ ਹੋਏ ਇਹ ਸਿੱਟਾ ਕੱਢਿਆ ਹੈ।
ਰਾਸ਼ਟਰੀ ਨਮੂਨਾ ਸਰਵੇ ਸੰਗਠਨ (ਐਨਐਸਐਸਓ) ਨੇ ਇਹ ਸਰਵੇ ਕਰਵਾਇਆ ਹੈ। ਇਸ ਸਰਵੇ ਅਨੁਸਾਰ ਸਿੱਖ ਕੌਮ ਦਾ ਔਸਤ ਪ੍ਰਤੀ ਵਿਅਕਤੀ ਖਰਚ 55.30 ਰੁਪੈ ਅਤੇ ਪ੍ਰਤੀ ਦਿਨ ,ਹਿੰਦੂਆਂ ਵਿੱਚ 37.50 ਰੁਪੈ ਅਤੇ ਈਸਾਈਆਂ ਵਿੱਚ ਇਹ 55.43 ਰੁਪੈ ਦੇ ਅੰਕੜੇ ਆਏ ਹਨ।
ਸਰਵੇ ਅਨੁਸਾਰ 2009-10 ਵਿੱਚ ਸਿੱਖ ਕੌਮ ਦੇ ਪ੍ਰੀਵਾਰਾਂ ਵਿੱਚ ਔਸਤ ਪ੍ਰਤੀ ਮਹੀਨਾ ਪ੍ਰਤੀ ਵਿਅਕਤੀ ਖਰਚ 1659 ਰੁਪੈ ਅਤੇ ਮੁਸਲਮਾਨ ਪ੍ਰੀਵਾਰਾਂ ਵਿੱਚ ਔਸਤ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਖਰਚ 980 ਰੁਪੈ ਰਿਹਾ। ਈਸਾਈਆਂ ਅਤੇ ਹਿੰਦੂਆਂ ਵਿੱਚ ਇਹ ਔਸਤ 1543 ਰੁਪੈ ਅਤੇ 1125 ਰੁਪੈ ਰਹੀ।
ਅਖਿਲ ਭਾਰਤੀ ਪੱਧਰ ਤੇ ਸਰਵੇ ਅਨੁਸਾਰ ਪਿੰਡਾਂ ਵਿੱਚ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਖਰਚ (ਐਮਪੀਸੀਈ)901 ਰੁਪੈ ਅਤੇ ਸ਼ਹਿਰਾਂ ਵਿੱਚ 1773 ਰੁਪੈ ਹੈ। ਕੁਲ ਮਿਲਾ ਕੇ ਔਸਤ ਐਮਪੀਸੀਈ 1128 ਰੁਪੈ ਹੈ।ਇਸ ਅਨੁਸਾਰ ਪਿੰਡਾਂ ਵਿੱਚ ਮੁਸਲਿਮ ਪ੍ਰੀਵਾਰ ਸੱਭ ਤੋਂ ਹੇਠਲੇ ਪੱਧਰ ਤੇ ਹਨ ਅਤੇ ਉਨ੍ਹਾਂ ਦਾ ਔਸਤ ਐਮਪੀਸੀਈ 833 ਰੁਪੈ ਹੈ। ਹਿੰਦੂਆਂ ਦਾ ਐਮਪੀਸੀਈ 888 ਰੁਪੈ, ਈਸਾਈਆਂ ਦਾ 1296 ਰੁਪੈ ਅਤੇ ਸਿੱਖਾਂ ਦਾ 1498 ਰੁਪੈ ਹੈ।
ਸ਼ਹਿਰੀ ਖੇਤਰ ਵਿੱਚ ਇਹ ਐਮਪੀਸੀਈ ਮੁਸਲਮਾਨਾਂ ਦਾ ਸੱਭ ਤੋਂ ਘੱਟ 1272 ਰੁਪੈ, ਹਿੰਦੂਆਂ ਦਾ 1797 ਰੁਪੈ, ਈਸਾਈ ਪ੍ਰੀਵਾਰਾਂ ਦਾ 2053 ਰੁਪੈ ਅਤੇ ਸਿੱਖਾਂ ਦਾ 2180 ਰੁਪੈ ਹੈ।