ਨਵੀਂ ਦਿੱਲੀ : ਵਿਵਾਦਿਤ ਸਾਧ ਆਸਾਰਾਮ ਬਾਪੂ ਦੇ ਬੁਲਾਰੇ ਬੀਬੀ ਨਿਲਮ ਦੁਬੇ ਵਲੋਂ ਇੰਡੀਆ ਨਿਯੂਜ਼ ਚੈਨਲ ਤੇ ਕਲ ਹੋਈ ਪ੍ਰਾਇਮ ਟਾਈਮ ਡਿਬੇਟ ਦੌਰਾਨ ਆਸਾਰਾਮ ਬਾਪੂ ਵਲੋਂ ਨਾਬਾਲਿਗ ਬੱਚੀ ਦੇ ਜਬਰ ਜਿਨਾਹ ਦੇ ਲਗ ਰਹੇ ਦੋਸ਼ਾ ਦਾ ਬਚਾਵ ਕਰਦੇ ਹੋਏ ਸਿਖ ਗੁਰੂ ਬਾਰੇ ਗਲਤ ਅਤੇ ਮੰਦੀ ਸ਼ਬਦਾਵਲੀ ਵਿਚ ਉਸ ਸਾਧ ਦੀ ਤੁਲਨਾ ਗੁਰੂਨਾਨਕ ਦੇਵ ਜੀ ਨਾਲ ਕਰਨ ਨੂੰ ਸਿੱਖ ਧਰਮ ਦੇ ਸਿੰਧਾਤਾਂ ਤੇ ਗਹਰੀ ਸੱਟ ਦਸਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਸ਼ਾਸਕ ਅਜਮੇਰ ਸਿੰਘ ਵਲੋਂ ਦਿੱਲੀ ਦੇ ਸੰਸਦ ਮਾਰਗ ਥਾਣੇ ਵਿਖੇ ਨਿਯੂਜ਼ ਚੈਨਲ ਅਤੇ ਨਿਲਮ ਦੁਬੇ ਖਿਲਾਫ ਸ਼ਿਕਾਅਤੀ ਪੱਤਰ ਦੇ ਕੇ ਧਾਰਮਿਕ ਭਾਵਨਾ ਭੜਕਾਉਣ ਕਾਰਣ ਧਾਰਾ 153A, 153, 295A, 298 ਤੇ 505 ਦੇ ਤਹਿਤ ਕਾਰਵਾਈ ਕਰਕੇ ਤੁਰੰਤ ਨਿਲਮ ਦੁਬੇ ਨੂੰ ਗਿਰਫਤਾਰ ਕਰਨ ਦੀ ਮੰਗ ਕੀਤੀ ਗਈ ਹੈ।
ਇਥੇ ਜਿਕਰਯੋਗ ਹੈ ਕਿ ਨਿਲਮ ਦੁਬੇ ਨੇ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਨੂੰ ਕੜਾਹੇ ਵਿਚ ਪਾ ਕੇ ਜਲਾਇਆ ਗਿਆ ਸੀ ਅਤੇ ਭਗਵਾਨ ਗੌਤਮ ਬੁੱਧ ਤੇ ਵੀ ਜਬਰ ਜਿਨਾਹ ਦੇ ਆਰੋਪ ਲਗੇ ਸੀ। ਜਿਸ ਕਰਕੇ ਉਨ੍ਹਾਂ ਨੇ ਜੇਲ ਵੀ ਕਟੀ ਸੀ ਤੇ ਇਸ ਕਰਕੇ ਉਨ੍ਹਾਂ ਦੇ ਖਿਲਾਫ ਵੀ ਤੁਰੰਤ ਵਰੰਟ ਤਮੀਲ ਹੋਣੇ ਚਾਹੀਦੇ ਹਨ। ਇਸ ਪੱਤਰ ਵਿਚ ਸਿੱਖ ਸਿਧਾਤਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਨਕਾਰੀ ਦਿੰਦੇ ਹੋਏ ਇਸ ਅਖੌਤੀ ਸਾਧ ਦੀ ਚੇਲੀ ਵਲੋਂ ਸਿੱਖ ਧਰਮ ਬਾਰੇ ਕੀਤੀ ਗਈ ਦੁਸ਼ਣਬਾਜ਼ੀ ਨੂੰ ਗੈਰ ਜ਼ਰੂਰੀ, ਗੈਰ ਕਾਨੂੰਨੀ ਅਤੇ ਸਿੱਖਾ ਦੇ ਮੰਨ ਤੇ ਸੱਟ ਮਾਰਨ ਵਾਲਾ ਦਸਿਆ ਗਿਆ ਹੈ, ਜਿਸ ਕਰਕੇ ਸੰਸਾਰ ਭਰ ਵਿਚ ਵਸਦੇ ਸਿੱਖਾ ਦੇ ਮਨ ਵਿਚ ਰੋਸ਼ ਪੈਦਾ ਹੋਇਆ ਹੈ। ਪੁਲਿਸ ਨੂੰ ਇਸ ਡਿਬੇਟ ਨਾਲ ਸੰਬਧਿਤ ਸਾਰੇ ਰਿਕਾਰਡ ਜਬਤ ਕਰਨ ਦੀ ਬੇਨਤੀ ਕਰਦੇ ਹੋਏ ਨਿਯੂਜ਼ ਚੈਨਲ ਵਲੋਂ ਜਾਣਬੁਝ ਕੇ ਇਸ ਪ੍ਰੋਗਰਾਮ ਦਾ ਪ੍ਰਸਾਰਨ ਜਾਰੀ ਰਖਣ ਅਤੇ ਆਸਾ ਰਾਮ ਤੋਂ ਵੀ ਇਸ ਮਸਲੇ ਤੇ ਸਫਾਈ ਲੈਣ ਦੀ ਮੰਗ ਵੀ ਕੀਤੀ ਗਈ ਹੈ।