ਜੋਧਪੁਰ-ਰਾਜਸਥਾਨ ਪੁਲਿਸ ਨੇ ਬਲਾਤਕਾਰ ਦੇ ਆਰੋਪੀ ਆਸਾਰਾਮ ਬਾਪੂ ਨੂੰ ਪੇਸ਼ ਹੋਣ ਦੇ ਮਾਮਲੇ ਵਿੱਚ ਹੋਰ ਵਕਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਸਾਰਾਮ ਨੂੰ 30 ਅਗਸੱਤ ਤੱਕ ਰਹ ਹਾਲਤ ਵਿੱਚ ਪੁਲਿਸ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਬਿਆਨ ਦਰਜ਼ ਕਰਵਾਉਣਾ ਹੋਵੇਗਾ। ਅਜਿਹਾ ਨਾਂ ਕਰਨ ਦੀ ਹਾਲਤ ਵਿੱਚ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।
ਆਸਾਰਾਮ ਨੇ ਰਾਜਸਥਾਨ ਪੁਲਿਸ ਤੋਂ ਹੋਰ ਸਮਾਂ ਮੰਗਿਆ ਸੀ ਪਰ ਪੁਲਿਸ ਨੇ ਉਸ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਹੈ। ਉਸ ਨੇ ਜੋਧਪੁਰ ਪੁਲਿਸ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਬਿਜ਼ੀ ਹੋਣ ਕਰਕੇ 19 ਸਿਤੰਬਰ ਨੂੰ ਪੁੱਛਗਿੱਛ ਲਈ ਹਾਜਿ਼ਰ ਨਹੀਂ ਹੋ ਸਕਣਗੇ। ੳਧਰ ਭੀਮ ਸੈਨਾ ਨੇ ਕਥਿਤ ਤੌਰ ਤੇ ਨਾਗਪੁਰ ਦੇ ਕੋਲ ਫੇਤਰੀ ਇਲਾਕੇ ਵਿੱਚ ਆਸਾਰਾਮ ਦੇ ਇੱਕ ਆਸ਼ਰਮ ਵਿੱਚ ਤੋੜਫੋੜ ਕੀਤੀ ਹੈ।ਸਥਾਨਕ ਪੁਲਿਸ ਅਨੁਸਾਰ 25-30 ਨੌਜਵਾਨਾਂ ਨੇ ਆਸ਼ਰਮ ਵਿੱਚ ਵੜ ਕੇ ਤੋੜਭੰਨ੍ਹ ਕੀਤੀ ਅਤੇ ਸ਼ੀਸ਼ੇ ਤੋੜ ਦਿੱਤੇ। ਆਸਾਰਾਮ ਦੇ ਚੇਲਿਆਂ ਨਾਲ ਵੀ ਉਹ ਹੱਥੋਪਾਈ ਹੋਏ।
ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ ਸਬੰਧੀ ਗ੍ਰਹਿ ਮੰਤਰੀ ਛਿੰਦੇ ਨੂੰ ਵੀ ਪੂਰੀ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਇਸ ਕੇਸ ਦੀ ਜਾਂਚ ਦੌਰਾਨ ਪੁਲਿਸ ਨੂੰ ਕਿਸੇ ਤਰ੍ਹਾਂ ਦੇ ਦਬਾਅ ਵਿੱਚ ਨਹੀਂ ਆਉਣਾ ਚਾਹੀਦਾ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਆਧਾਰ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਬੀਜੇਪੀ ਤੇ ਵੀ ਇਹ ਆਰੋਪ ਲਗਾਏ ਜਾ ਰਹੇ ਹਨ ਕਿ ਉਹ ਆਸਾਰਾਮ ਦਾ ਬਚਾਅ ਕਰ ਰਹੀ ਹੈ। ਬੀਜੇਪੀ ਦੀ ਉਮਾ ਭਾਰਤੀ ਤੋਂ ਇਲਾਵਾ ਪਰਵੀਨ ਤੋਗੜੀਆ ਨੇ ਵੀ ਇਸ ਨੂੰ ਆਸਾਰਾਮ ਦੇ ਖਿਲਾਫ਼ ਸਾਜਿਸ਼ ਕਰਾਰ ਦਿੱਤਾ ਹੈ।