ਨਵੀਂ ਦਿੱਲੀ :ਦਿੱਲੀ ਵਿਧਾਨਸਭਾ ਚੋਣਾ ਵਿਖੇ ਆਪਣਾ ਖਾਤਾ ਖੋਲਣ ਲਈ ਬੇਤਾਬ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਤੇ ਕਾਂਗ੍ਰੇਸ ਤੋਂ ਬਾਜ਼ੀ ਮਾਰਦੇ ਹੋਏ ਸਭ ਤੋਂ ਪਹਿਲੇ ਪਛਮੀ ਦਿੱਲੀ ਦੇ ਵੱਧ ਸਿੱਖ ਵੱਸੋ ਵਾਲੇ ਇਲਾਕਿਆਂ ਵਿਚ ਜਨ ਸੰਪਰਕ ਅਭਿਆਨ ਦੇ ਦੋਰ ਸ਼ੁਰੂ ਕਰ ਦਿੱਤੇ ਹਨ। ਜਿਸ ਵਿਚ ਕਲ ਖਿਆਲਾ ਦੇ ਗੁਰਦੁਆਰਾ ਭੱਠਾ ਸਾਹਿਬ ਅਤੇ ਵਿਸ਼ਨੂ ਗਾਰਡਨ ਵਿਖੇ ਦਿੱਲੀ ਕਮੇਟੀ ਦੇ ਮੈਂਬਰ ਜੀਤ ਸਿੰਘ ਖੋਖਰ, ਹਰਜਿੰਦਰ ਸਿੰਘ ਅਤੇ ਸਵਰਗਵਾਸੀ ਸਤਨਾਮ ਸਿੰਘ ਔਲਖ ਦੇ ਪੁੱਤਰ ਮਨਜੀਤ ਸਿੰਘ ਔਲਖ ਨੇ 3 ਮੀਟਿੰਗਾਂ ਕਰਵਾਈਆਂ। ਇਨ੍ਹਾਂ ਮੀਟਿੰਗਾ ਨੂੰ ਸੰਬੋਧਿਤ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਾਅਵਾ ਕੀਤਾ ਕਿ ਇਸ ਵਾਰ ਦੇ ਵਿਧਾਨ ਸਭਾ ਚੋਣਾ ਵਿਚ ਅਕਾਲੀ ਦਲ ਆਪਣਾ ਖਾਤਾ ਖੋਲੇਗੀ, ਕਿਉਂਕਿ ਅੱਜ ਦਿੱਲੀ ਦੀ ਕਾਂਗ੍ਰੇਸ ਸਰਕਾਰ ਦੇ ਭ੍ਰਿਸ਼ਟਾਚਾਰ, ਮਹੰਗੀ ਬਿਜਲੀ ਪਾਣੀ, ਮਹਿੰਗਾਈ ਤੇ ਜਨ ਭਾਵਨਾਵਾਂ ਨਾਲ ਬੇਰੁਖੀ ਕਰਦੇ ਹੋਏ 1984 ਦੇ ਸਿੱਖ ਕਤਲੇਆਮ ਦੇ ਪਿੜਤਾਂ ਨੂੰ ਇਨਸਾਫ ਦਿਵਾਉਣ ਵਿਚ ਰੋੜੇ ਅਟਕਾਉਣ ਕਾਰਣ ਅੱਜ ਦਿੱਲੀ ਦਾ ਸਿੱਖ ਭਾਈਚਾਰਾ ਅਕਾਲੀ ਦਲ ਨੂੰ ਖੁਲਾ ਸਮਰਥਨ ਦੇ ਰਿਹਾ ਹੈ। ਉਨ੍ਹਾਂ ਨੇ ਸਜੱਣ ਕੁਮਾਰ ਦੇ ਖਿਲਾਫ ਦਿੱਲੀ ਹਾਈ ਕੋਰਟ ਵਿਚ ਦਿੱਲੀ ਕੈਂਟ ਕੇਸ ਵਿਚ ਅਪੀਲ ਪਰਵਾਣ ਹੋਣ ਨੂੰ ਅਕਾਲੀ ਦਲ ਦੀ ਜਿੱਤ ਦਸਦੇ ਹੋਏ ਦਾਅਵਾ ਕੀਤਾ ਕਿ ਕੜਕੜਡੁਮਾ ਕੋਰਟ ਵਲੋਂ ਇਸ ਕੇਸ ਵਿਚ ਸਜਣ ਕੁਮਾਰ ਦੇ ਬਰੀ ਹੋਣ ਤੋਂ ਬਾਅਦ ਜਿਸ ਤਰ੍ਹਾਂ ਅਕਾਲੀ ਦਲ ਨੇ ਸੜਕ ਤੋਂ ਸੰਸਦ ਤਕ ਸੰਘਰਸ਼ ਕੀਤਾ ਉਸ ਕਰਕੇ ਹੀ ਸੀ.ਬੀ.ਆਈ. ਨੂੰ ਨਿਚਲੀ ਅਦਾਲਤ ਦੇ ਫੈਂਸਲੇ ਨੂੰ ਦਿੱਲੀ ਹਾਈ ਕੋਰਟ ਵਿਚ ਚੁਨੋਤੀ ਦੇਣ ਲਈ ਮਜਬੂਰ ਹੋਣਾ ਪਿਆ।
ਦਿੱਲੀ ਇਕਾਈ ਦੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਇਸ ਵਾਰ ਅਕਾਲੀ ਦਲ ਨੇ ਰਣਨਿਤਕ ਤੌਰ ਤੇ ਹਰ ਬੁਥ ਤੇ 10 ਮੈਂਬਰਾ ਦੀ ਕਮੇਟੀ ਬਨਾਉਣ ਦਾ ਫੈਸਲਾ ਲਿਆ ਹੈ, ਜਿਸ ਵਿਚ 5 ਸਿੱਖ ਤੇ 5 ਗੈਰ ਸਿੱਖ ਹੋਣਗੇ ਤੇ ਵਰਕਰਾਂ ਦਾ ਉਤਸਾਹ ਦੇਖ ਕੇ ਇਹ ਲਗਦਾ ਹੈ ਕਿ ਦਿੱਲੀ ਕਮੇਟੀ ਚੋਣਾ ਤੋਂ ਬਾਅਦ ਹੁਣ ਅਕਾਲੀ ਦਲ ਦਿੱਲੀ ਦੀ ਧਰਤੀ ਤੇ ਇਕ ਵਾਰ ਫਿਰ ਰਾਜਨਿਤਕ ਤੌਰ ਤੇ ਸੁਨਹਿਰਾ ਇਤਿਹਾਸ ਲਿਖਣ ਜਾ ਰਿਹਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਨੁਕੜ ਬੈਠਕਾ ਦੀ ਲੜੀ ਨੂੰ ਸ਼ੁਰੂ ਕਰਨ ਦਾ ਜਨਮਾਸ਼ਟਮੀ ਵਾਲੇ ਦਿਨ ਪਾਰਟੀ ਦੇ ਦਫਤਰ ਵਿਖੇ ਹੋਈ ਸੈਂਕੜੇ ਵਰਕਰਾਂ ਦੀ ਮੀਟਿੰਗ ਵਿਚ ਫੈਂਸਲਾ ਕੀਤਾ ਗਿਆ ਸੀ। ਇਸ ਮੌਕੇ ਯੂਥ ਅਕਾਲੀ ਦਲ ਦੇ ਸੁਬਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਅਵਤਾਰ ਸਿੰਘ ਹਿੱਤ ਅਤੇ ਉਂਕਾਰ ਸਿੰਘ ਥਾਪਰ ਨੇ ਆਪਣੇ ਵਿਚਾਰ ਸੰਗਤਾ ਸਾਮਣੇ ਰਖੇ।