ਇੰਦੌਰ- ਨਾਬਾਲਿਗ ਲੜਕੀ ਦੇ ਬਲਾਤਕਾਰ ਮਾਮਲੇ ਵਿੱਚ ਫਸੇ ਆਸਾਰਾਮ ਲੱਖ ਯਤਨ ਕਰਨ ਦੇ ਬਾਵਜੂਦ ਵੀ ਪੁਲਿਸ ਦੇ ਸ਼ਿਕੰਜੇ ਤੋਂ ਬੱਚ ਨਹੀਂ ਸਕੇ। ਜੋਧਪੁਰ ਪੁਲਿਸ ਨੇ ਆਖਿਰ ਦੇਰ ਰਾਤ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਹੀ ਲਿਆ।
ਆਸਾਰਾਮ ਨੇ ਕਦੇ ਬੀਮਾਰੀ ਅਤੇ ਕਦੇ ਸਤਿਸੰਗ ਦਾ ਬਹਾਨਾ ਕਰਕੇ ਜੋਧਪੁਰ ਪੁਲਿਸ ਟੀਮ ਤੋਂ ਬੱਚਣ ਦੀ ਬਹੁਤ ਕੋਸ਼ਿਸ਼ ਕੀਤੀ। ਜਦੋਂ ਜੋਧਪੁਰ ਪੁਲਿਸ ਟੀਮ ਪੁੱਛਗਿੱਛ ਕਰਨ ਲਈ ਆਸ਼ਰਮ ਪਹੁੰਚੀ ਤਾਂ ਆਸਾਰਾਮ ਨੇ ਸਤਿਸੰਗ ਸ਼ੁਰੂ ਕਰ ਦਿੱਤਾ। ਆਸਾਰਾਮ ਨੇ ਕਿਹਾ ਕਿ ਜੇ ਮੇਰੀ ਗ੍ਰਿਫ਼ਤਾਰੀ ਹੋਈ ਤਾਂ 4 ਕਰੋੜ ਸਾਧੂਆਂ ਦੇ ਦਿਲ ਵੀ ਜੇਲ੍ਹ ਵਿੱਚ ਹੋਣਗੇ। ਜਦੋਂ ਸਤਿਸੰਗ ਸਮਾਪਤ ਹੋਇਆ ਤਾਂ ਉਹ ਆਰਾਮ ਕਰਨ ਚਲੇ ਗਏ। ਪਰ ਪੁਲਿਸ ਵੀ ਆਪਣੇ ਸਟੈਂਡ ਤੇ ਦ੍ਰਿੜ ਰਹੀ ਅਤੇ ਆਖਿਰ ਆਸਾਰਾਮ ਨੂੰ ਹਿਰਾਸਤ ਵਿੱਚ ਲੈ ਹੀ ਲਿਆ। ਪੁਲਿਸ ਉਸ ਦਾ ਮੂੰਹ ਢੱਕ ਕੇ ਆਪਣੇ ਨਾਲ ਲੈ ਗਈ। ਆਸਾਰਾਮ ਨੂੰ ਇੰਦੌਰ ਏਅਰਪੋਰਟ ਲਿਜਾਇਆ ਗਿਆ ਅਤੇ ਜਲਦੀ ਹੀ ਉਸ ਨੂੰ ਜੋਧਪੁਰ ਰਵਾਨਾ ਕਰ ਦਿੱਤਾ ਜਾਵੇਗਾ। ਆਸਾਰਾਮ ਦੇ ਖਿਲਾਫ਼ ਪੁਲਿਸ ਕੋਲ ਕਾਫ਼ੀ ਸਬੂਤ ਹਨ।
ਆਸਾਰਾਮ ਦੇ ਸਮਰਥਕਾਂ ਨੇ ਜੋਧਪੁਰ ਵਿੱਚ ਗੁੰਡਾਗਰਦੀ ਕੀਤੀ। ਸਮਰਥਕਾਂ ਨੇ ਆਸ਼ਰਮ ਦੇ ਬਾਹਰ ਇੱਕ ਨਿਊਜ਼ ਚੈਨਲ ਦੀ ਟੀਮ ਤੇ ਹਮਲਾ ਬੋਲ ਦਿੱਤਾ ਅਤੇ ਉਨ੍ਹਾਂ ਦੇ ਕੈਮਰੇ ਤੋੜ ਦਿੱਤੇ। ਉਨ੍ਹਾਂ ਨੇ ਮੀਡੀਆ ਵਾਲਿਆਂ ਦੀ ਮਾਰ ਕੁਟਾਈ ਵੀ ਕੀਤੀ।ਪੁਲਿਸ ਵੀ ਘਟਨਾ ਸਥਾਨ ਤੇ ਤਕਰੀਬਨ ਇੱਕ ਘੰਟੇ ਬਾਅਦ ਹੀ ਪਹੁੰਚੀ।
ਪੀੜਤ ਲੜਕੀ ਦੇ ਪਿਤਾ ਨੇ ਆਸਾਰਾਮ ਦੀ ਗ੍ਰਿਫ਼ਤਾਰੀ ਦੇ ਬਾਅਦ ਜੂਸ ਪੀ ਕੇ ਆਪਣੀ ਭੁੱਖ ਹੜਤਾਲ ਸਮਾਪਤ ਕੀਤੀ।ਸ਼ਨਿਚਰਵਾਰ ਨੂੰ ਉਹ ਆਸਾਰਾਮ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੂੱਖ ਹੜਤਾਲ ਤੇ ਬੈਠੇ ਸਨ।