ਨਵੀਂ ਦਿੱਲੀ :ਸੁਖਬੀਰ ਸਿੰਘ ਬਾਦਲ ਦੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਅਮ੍ਰਿਤਸਰ ਵਿਖੇ ਮੁੜ ਕੌਮੀ ਪ੍ਰਧਾਨ ਬਨਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਇਹ ਅਕਾਲੀ ਦਲ ਦੇ ਲੱਖਾ ਵਰਕਰਾਂ ਦੀ ਭਾਵਨਾਵਾਂ ਦੀ ਜਿਤ ਹੈ ਕਿਉਂਕਿ ਆਪਣੇ ਪ੍ਰਧਾਨਗੀ ਕਾਲ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਜਿਤ ਦਿਵਾਉਣ ਲਈ ਇਕ ਸੁਝਵਾਨ ਜਰਨੈਲ ਵਾਂਗ ਹਰ ਮੋਰਚੇ ਤੇ ਅੱਗੇ ਖਲੋ ਕੇ ਲੜਾਈ ਲੜੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਪਿਛਲੀ ਪੰਜਾਬ ਵਿਧਾਨ ਸਭਾ ਚੋਣਾਂ ਦੋਰਾਨ ਪੁਰਾਨੇ ਇਤਿਹਾਸ ਨੂੰ ਦਰਕਿਨਾਰ ਕਰਦੇ ਹੋਏ ਪੰਜਾਬ ਵਿਚ ਅਕਾਲੀ ਦਲ ਨੂੰ ਦੁਬਾਰਾ ਸੇਵਾ ਦਾ ਮੌਕਾ ਮਿਲਿਆ ਸੀ, ਉਹ ਸੁਖਬੀਰ ਬਾਦਲ ਦੀ ਦੁਰਅੰਦੇਸ਼ੀ ਸੋਚ, ਲਗਨ ਤੇ ਅਥਾਹ ਮਹਿਨਤ ਦਾ ਨਤੀਜਾ ਸੀ। ਮਨਜੀਤ ਸਿੰਘ ਜੀ.ਕੇ. ਨਾਲ ਪ੍ਰਧਾਨਗੀ ਸਮਾਗਮ ਵਿਚ ਖਾਸ ਤੌਰ ਤੇ ਹਿੱਸਾ ਲੈਣ ਗਏ ਦਿੱਲੀ ਇਕਾਈ ਦੇ 10 ਪ੍ਰਤਿਨੀਧਿਆ ਨੇ ਸੁਖਬੀਰ ਬਾਦਲ ਦੇ ਮੁੜ ਪ੍ਰਧਾਨ ਬਨਣ ਨੂੰ ਅਕਾਲੀ ਦਲ ਦੇ ਭਵਿਖ ਵਾਸਤੇ ਚੰਗਾ ਕਦਮ ਦਸਦੇ ਹੋਏ ਦਿੱਲੀ ਕਮੇਟੀ ਚੋਣਾ ਵਾਂਗ ਆਉਂਦੀਆ ਦਿੱਲੀ ਵਿਧਾਨ ਸਭਾ ਚੋਣਾ ਵਿਚ ਪਾਰਟੀ ਦਾ ਖਾਤਾ ਖੋਲਣ ਦੀ ਆਸ ਪ੍ਰਗਟਾਈ। ਜਿਸ ਵਿਚ ਪ੍ਰਮੁੱਖ ਹਨ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ ਅਤੇ ਦਿੱਲੀ ਸ਼੍ਰੋਮਣੀ ਕਮੇਟੀ ਮੈਂਬਰ ਹਰਮਨਜੀਤ ਸਿੰਘ ਤੇ ਭੁਪਿੰਦਰ ਸਿੰਘ ਆਨੰਦ।