ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੀ ਅਗਸਤ-ਸਤੰਬਰ ਵਿਚ ਅਮਰੀਕਾ ਫੇਰੀ ਦੌਰਾਨ ਇਕ ਨਵੀਂ ਸਤ (7) ਮੈਂਬਰੀ ਕਮੇਟੀ ਦਾ ਨਿਰਮਾਣ ਕੀਤਾ ਹੈ, ਜੋ ਅਮਰੀਕਾ ਵਿਚ ਸਾਰੇ ਗੁਰਦੁਆਰਿਆਂ ਦੇ ਝਗੜਿਆਂ ਅਤੇ ਸਮੁਚੇ ਪੰਥਕ ਮਸਲਿਆਂ ਨੂੰ ਹੱਲ ਕਰਨ ਵਿਚ ਕਾਰਗਰ ਸਾਬਤ ਹੋਵੇਗੀ । ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਗਿਆਨੀ ਰਣਜੀਤ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵੀ ਅਮਰੀਕਾ ਫੇਰੀ ਉਤੇ ਉਚੇਚੇ ਤੌਰ ਉਤੇ ਆਏ ਸਨ । ਭਾਈ ਸਾਹਿਬ ਸਤਪਾਲ ਸਿੰਘ ਖ਼ਾਲਸਾ ਨੂੰ ਇਸ ਕਮੇਟੀ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ । ਭਾਈ ਸਾਹਿਬ ਸਤਪਾਲ ਸਿੰਘ ਜੀ ਖ਼ਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਧਰਮ ਦੇ ਪਛਮੀ ਦੇਸ਼ਾਂ ਵਿਚ ਪ੍ਰਵਾਨਤ ਅੰਬੈਸਡਰ ਹਨ ।
ਇਥੇ ਇਹ ਦਸਣਾ ਜ਼ਰੂਰੀ ਹੈ ਕਿ ਉਕਤ ਪੰਥਕ ਸ਼ਖ਼ਸੀਅਤਾਂ ਭਾਈ ਸਾਹਿਬ ਸਤਪਾਲ ਸਿੰਘ ਖ਼ਾਲਸਾ, ਸੰਤ ਬਾਬਾ ਬਲਵਿੰਦਰ ਸਿੰਘ ਅਤੇ ਡਾ: ਇੰਦਰਪਾਲ ਸਿੰਘ ਦੇ ਵਿਸ਼ੇਸ਼ ਸਦੇ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਮਨਾਉਣ ਅਤੇ ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਆਏ ਸਨ । ਉਨ੍ਹਾਂ ਨੇ ਨੀਊ ਯਾਰਕ, ਐਟਲਾਂਟਾ, ਲਾਸ ਏਂਜਲਸ ਅਤੇ ਯੂਬਾ ਸਿਟੀ ਦੇ ਵੱਖ ਵੱਖ ਗੁਰੂਘਰਾਂ ਵਿਚ ਹਾਜ਼ਰੀਆਂ ਭਰੀਆਂ ਅਤੇ ਸੰਗਤਾਂ ਨੂੰ ਮੁਖ਼ਾਤਬ ਹੋਏ । ਗੁਰੂ ਰਾਮ ਦਾਸ ਆਸ਼ਰਮ ਵਿਚ ਬੋਲਦਿਆਂ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਖ਼ਾਲਸਾ ਯੋਗੀ ਜੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਤੋਂ ਹਮੇਸ਼ਾਂ ਹੀ ਬਹੁਤ ਪ੍ਰਭਾਵਤ ਰਹੇ ਹਨ । ਉਹ ਮੀਰੀ ਪੀਰੀ ਅਕੈਡਮੀ ਦੇ ਵਿਦਿਆਰਥੀਆਂ ਦੇ ਵੀ ਵਿਸ਼ੇਸ਼ ਤੌਰ ਉਤੇ ਧੰਨਵਾਦੀ ਹਨ ।