ਨਵੀਂ ਦਿੱਲੀ:- ਸ਼੍ਰੋਮਣੀ ਅਕਾਲੀ ਦਲ (ਦਿੱਲੀ ਪ੍ਰਦੇਸ਼) ਅਤੇ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਸਿੱਖ ਸਮਾਜ ਤੋਂ ਪੁਰਾ ਸਨਮਾਨ ਨਾ ਮਿਲਣ ਦੇ ਕਾਰਣ ਸਿੱਖ ਪੰਥ ਦੀ ਮੁੱਖਧਾਰਾ ਤੋਂ ਦੁਰ ਜਾ ਚੁਕੇ ਸੰਪਰਦਾ ਅਤੇ ਜਾਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾ ਤੋਂ ਦੁਬਾਰਾ ਜੋੜਨ ਦੇ ਮਕਸਦ ਨਾਲ ਵਿਸ਼ਾਲ ਸਮਾਗਮ ਕਰਨ ਦੀ ਜੋ ਘੋਸ਼ਣਾ ਬੀਤੇ ਦਿਨੀ ਕੀਤੀ ਸੀ। ਉਸਦੇ ਕਾਰਣ ਦਲਿਤ ਸਿੱਖਾਂ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਿਸ਼ਵਾਸ ਹੋਰ ਮਜਬੂਤ ਹੋ ਗਿਆ ਹੈ। ਇਸਦਾ ਸਬੂਤ ਉਹਦੋ ਵੇਖਣ ਨੂੰ ਮਿਲਿਆ ਜਦੋ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਰੰਗਰੇਟਾ (ਭਾਈ ਜੈਤਾ ਜੀ) ਦੇ ਸੰਪ੍ਰਦਾ ਨਾਲ ਜੁੜੇ ਦਿੱਲੀ, ਹਰਿਯਾਣਾ ਅਤੇ ਪੰਜਾਬ ਦੇ ਸੈਂਕੜੋ ਦਲਿਤ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ ਵਿਚ ਆਪਣਾ ਪੁਰਨ ਵਿਸ਼ਵਾਸ ਪ੍ਰਗਟ ਕਰਦੇ ਹੋਏ ਦਲ ਨੂੰ ਬਿਨਾਂ ਸ਼ਰਤ ਪੁਰਨ ਸਮਥਨ ਦੇਣ ਦੀ ਘੋਸ਼ਣਾ ਕੀਤੀ।
ਭਾਈ ਜੈਤਾ ਜੀ ਦੇ 352ਵੇਂ ਜਨਮ ਦਿਹਾੜੇ ਨੂੰ ਮੁੱਖ ਰਖਕੇ ਨਿਕਲ ਰਹੇ 14ਵੇਂ ਚੇਤਨਾ ਮਾਰਚ ਦੇ ਰੂਪ ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਪਹੁੰਚੇ ਰੰਗਰੇਟਾ ਸਮਾਜ ਦੇ ਪ੍ਰਤਿਨਿਧੀਆਂ ਅਮਰੀਕ ਸਿੰਘ ਸ਼ੇਰਗਿਲ, ਬਾਬਾ ਭੁਪਿੰਦਰ ਸਿੰਘ ਪਟਿਆਲਾ ਵਾਲੇ, ਕਨੈਹਯਾ ਸਿੰਘ, ਤਰਸੇਮ ਸਿੰਘ, ਸਤਨਾਮ ਸਿੰਘ ਉਪੱਲ, ਸੁਮਿਤ ਸਿੰਘ, ਸੁਰਿੰਦਰ ਸਿੰਘ, ਗੁਰਬਖਸ਼ ਸਿੰਘ ਰਾਜਾਸਾਂਸੀ ਅਤੇ ਬੀਬੀ ਬਲਵਿੰਦਰ ਕੌਰ ਖਾਲਸਾ ਦਾ ਦਿੱਲੀ ਕਮੇਟੀ ਵਲੋੰ ਸਿਰੋਪੇ ਪਾ ਕੇ ਸਵਾਗਤ ਕੀਤਾ ਗਿਆ। ਬਾਬਾ ਭੂਪਿੰਦਰ ਸਿੰਘ ਜੀ ਪਟਿਆਲਾ ਵਾਲਿਆਂ ਨੇ ਦਾਅਵਾ ਕੀਤਾ ਕਿ ਉਹ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਕੋਲ ਰੰਗਰੇਟਾ ਦਲ ਦਿਆਂ ਮੰਗਾ ਨੂੰ ਲੈ ਕੇ ਆਏ ਸਨ, ਪਰ ਉਨ੍ਹਾਂ ਵਲੋਂ ਦਿੱਤੇ ਗਏ ਪਿਆਰ ਅਤੇ ਸਤਿਕਾਰ ਨੇ ਸਾਨੂੰ ਉਨ੍ਹਾਂ ਦਾ ਮੁਰੀਦ ਕਰ ਦਿੱਤਾ ਹੈ ਤੇ ਸਾਨੂੰ ਆਸ ਹੈ ਕਿ ਸਾਡੇ ਬਿਨਾ ਕਹੇ ਹੀ ਸਾਡੀਆਂ ਸਾਰੀਆਂ ਮੰਗਾ ਨੂੰ ਪਰਵਾਨ ਕਰਨਗੇ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਏ ਹੋਏ ਸੈਂਕੜੇ ਲੋਕਾਂ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਮੈਂਬਰ ਕੁਲਮੋਹਨ ਸਿੰਘ, ਇੰਦਰਜੀਤ ਸਿੰਘ ਮੌਂਟੀ, ਰਵੇਲ ਸਿੰਘ, ਬੀਬੀ ਧੀਰਜ ਕੌਰ ਅਤੇ ਅਕਾਲੀ ਆਗੂ ਵਿਕ੍ਰਮ ਸਿੰਘ ਤੇ ਜਸਪ੍ਰੀਤ ਸਿੰਘ ਵਿੱਕੀ ਮਾਨ ਮੌਜੂਦ ਸਨ।