ਪੀਟਰਸਬਰਗ- ਭਾਰਤ ਨੇ ਸੀਰੀਆ ਵਿੱਚ ਸੰਯੁਕਤ ਰਾਸ਼ਟਰ ਦੀ ਮਨਜੂਰੀ ਤੋਂ ਬਿਨਾਂ ਕਿਸੇ ਵੀ ਦੇਸ਼ ਵਲੋਂ ਇੱਕ ਤਰਫ਼ੀ ਸੈਨਿਕ ਕਾਰਵਾਈ ਦਾ ਵਿਰੋਧ ਕੀਤਾ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਵਿਸ਼ਵ ਭਾਈਚਾਰੇ ਨੂੰ ਰਸਾਇਣਕ ਹੱਥਿਆਰਾਂ ਦੇ ਕਥਿਤ ਇਸਤੇਮਾਲ ਸਬੰਧੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਜੀ-20 ਸੰਮੇਲਨ ਦੌਰਾਨ ਪੂਤਿਨ ਵੱਲੋਂ ਦਿੱਤੇ ਗਏ ਡਿਨਰ ਦੌਰਾਨ ਸੀਰੀਆ ਦਾ ਮੁੱਦਾ ਛਾਇਆ ਰਿਹਾ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸੰਮੇਲਨ ਦੌਰਾਨ ਆਪਣੇ ਸਾਥੀ ਨੇਤਾਵਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਰਸਾਇਣਕ ਹੱਥਿਆਰਾਂ ਦੀ ਵਰਤੋਂ ਦੀ ਨਿੰਦਿਆ ਕਰਦਾ ਹੈ, ਉਹ ਭਾਂਵੇ ਸੀਰੀਆ ਵਿੱਚ ਹੋਵੇ ਜਾਂ ਕਿਤੇ ਹੋਰ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੀਰੀਆ ਵਿੱਚ ਜੋ ਕੁਝ ਵੀ ਹੋਇਆ, ਉਸ ਸਬੰਧੀ ਸਪੱਸ਼ਟ ਹੋਣਾ ਚਾਹੀਦਾ ਹੈ।
ਪ੍ਰਧਾਨਮੰਤਰੀ ਨੇ ਇਹ ਵੀ ਕਿਹਾ ਕਿ ਸੀਰੀਆ ਵਿੱਚ ਜੋ ਵੀ ਕਾਰਵਾਈ ਹੋਵੇ, ਉਹ ਸੰਯੁਕਤ ਰਾਸ਼ਟਰ ਦੇ ਤਹਿਤ ਹੋਣੀ ਚਾਹੀਦੀ ਹੈ। ਭਾਰਤ ਸੱਤਾ ਪ੍ਰੀਵਰਤਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਸੈਨਿਕ ਕਾਰਵਾਈ ਦੇ ਪੱਖ ਵਿੱਚ ਨਹੀਂ ਹੈ ਕਿਉਂਕਿ ਇਹ ਅੰਤਰਰਾਸ਼ਟਰੀ ਕਾਨੂੰਨ ਦਾ ਉਲੰਘਣ ਹੈ।