ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦਾ ਕਾਰਜਕਾਲ ਪੂਰਾ ਹੋਣ ਤੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦੇ ਕੇ ਵਦਾਈ ਦਿੱਤੀ ਗਈ। ਜਰਦਾਰੀ ਨੇ ਸ਼ਨਿਚਰਵਾਰ ਨੂੰ ਆਪਣੇ ਕਰਮਚਾਰੀਆਂ ਨੂੰ ਰਾਸ਼ਟਰਪਤੀ ਭਵਨ ਵਿੱਚ ਵਿਦਾਈ ਪਾਰਟੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੂਰੇ ਮਾਣ-ਸਨਮਾਨ ਨਾਲ ਉਨ੍ਹਾਂ ਦਾ ਸੰਵਿਧਾਨਕ ਕਾਰਜਕਾਲ ਪੂਰਾ ਹੋਣ ਤੇ ਆਪਣਾ ਅਹੁਦਾ ਛੱਡਣ ਤੇ ਊਹ ਬਹੁਤ ਹੀ ਖੁਸ਼ ਹਨ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਫੈਸਲੇ ਦੇਸ਼ ਦੇ ਹਿੱਤ ਵਿੱਚ ਕੀਤੇ ਹਨ।
ਪਾਕਿਸਤਾਨ ਦੇ 67 ਸਾਲ ਦੇ ਇਤਿਹਾਸ ਵਿੱਚ ਜਰਦਾਰੀ ਅਜਿਹੇ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਆਪਣਾ 5 ਸਾਲ ਦਾ ਰਾਸ਼ਟਰਪਤੀ ਦਾ ਕਾਰਜਕਾਲ ਪੂਰਾ ਕੀਤਾ ਅਤੇ ਉਨ੍ਹਾਂ ਦੀ ਜਗ੍ਹਾ ਇੱਕ ਚੁਣੇ ਹੋਏ ਰਾਸ਼ਟਰਪਤੀ ਅਹੁਦਾ ਸੰਭਾਲਣਗੇ।ਮਮਨੂਨ ਹੁਸੈਨ ਨਵੇਂ ਰਾਸਲਟਰਪਤੀ ਚੁਣੇ ਗਏ ਹਨ ਅਤੇ ਉਹ ਜਰਦਾਰੀ ਦਾ ਸਥਾਨ ਗ੍ਰਹਿਣ ਕਰਨਗੇ। ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਜਰਦਾਰੀ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਜਰਦਾਰੀ ਨੇ ਇਹ ਵੀ ਕਿਹਾ ਹੈ ਕਿ ਉਹ ਪ੍ਰਧਾਨਮੰਤਰੀ ਬਣਨ ਦੀ ਕੋਸ਼ਿਸ਼ ਨਹੀਂ ਕਰਨਗੇ। ਉਨ੍ਹਾਂ ਦੇ ਖਿਆਲ ਵਿੱਚ ਪਾਰਟੀ ਚਲਾਉਣਾ ਪ੍ਰਧਾਨਮੰਤਰੀ ਬਣਨ ਨਾਲੋਂ ਜਿਆਦਾ ਮਹੱਤਵਪੂਰਣ ਹੈ। ਜਰਦਾਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਮੁਕਦਮੇ ਫਿਰ ਤੋਂ ਖੁਲ੍ਹ ਸਕਦੇ ਹਨ।ਜਿਸ ਕਾਰਵਾਈ ਤੋਂ ਊਹ ਰਾਸ਼ਟਰਪਤੀ ਹੋਣ ਕਰਕੇ ਸੰਵਿਧਾਨਿਕ ਤੌਰ ਤੇ ਬਚੇ ਹੋਏ ਸਨ।