ਹਰ ਰੋਜ ਦੀ ਤਰ੍ਹਾਂ ਅੱਜ ਵੀ ਉਨ੍ਹੇ ਘੁੱਪ ਹਨੇਰੇ ਹੀ ਮੰਡੀ ‘ਚੋ ਦੁਸਹਿਰੀ ਅੰਬਾਂ ਨਾਲ ਰੇੜ੍ਹੀ ਫੁਲ ਕੀਤੀ ਤੇ ਬਜ਼ਾਰ ਵੱਲ ਵਧਿਆ। ਚੌਂਕ ਤੇ ਪਹੁੰਚਿਆਂ ਹੀ ਸੀ ਕੀ ਅਚਾਨਕ ਇੱਕ ਪੁਲਸੀਏ ਨੇ ਪਿੱਛੋਂ ਆਵਾਜ਼ ਮਾਰ ਦਿੱਤੀ।
-”ਉਏ ਇੱਥੇ ਹੀ ਠੱਲ੍ਹ ਲੈ ਤੂੰ ਏਨੂੰ… ‘ਤੇ ਆ ਜਾ ਤੂੰ ਉਰ੍ਹੇ। ਬਿਨ੍ਹਾਂ ਪੁੱਛੇ ਤੜ੍ਹਕੇ-ਤੜ੍ਹਕੇ ਗੱਡੀ ਓਵਰਲੋਡ ਕਰੀ ਤੂੰ ਚੱਲਿਆ ਕਿੱਧਰ ਏ ਕਾਣਿਆਂ ਜਿਹਾ?”
-”ਜੀ ਕਾਹਨੂੰ…, ਕੋਈ ਗਲਤੀ ਤਾਂ ਨਹੀਂ ਹੋ ਗਈ ਮੈਥੋਂ?”
-”ਉਏ ਮੈਂ ਤੇਰੇ ਟਕੂਆ ਮਾਰਦਾ ਸਾਲਿਆ ਨਲੀਚੋਚਲਾ। ਅੱਖਾਂ ਕਿਸਨੂੰ ਪਾੜ-ਪਾੜ ਕੇ ਵਿਖਾਉਂਦੇ , ਭੰਨਾਂ ਟੋਟਣ ਤੇਰੀ। ”
-”ਜੀ…ਜੀ….?”
- “ਮੈਂ ਤੈਂਨੂੰ ਖਾਂਦਾ ਤਾਂ ਨ੍ਹੀ ਸਾਲਿਆ ਸੀਂਢਲਾ ਜਿਹਾ?” ਆ ਜਾ ਉਰ੍ਹੇ ਛੇਤੀ ਨਾਲ, ਨਾਲੇ ਆਉਂਦਾ ਇੱਕ ਅੰਬ ਚੁੱਕੀ ਲਿਆਈ, ਅੱਜ ਸੈਂਪਲ ਭਰਨਾ ਏ ਤੇਰੇ ਏਨ੍ਹਾਂ ਅੰਬਾਂ ਦਾ।
-”ਆ ਲੋ ਜੀ ਅੰਬ ‘ਤੇ ਜਾਣ ਦਿਉ ਮੈਂਨੂੰ! ਕੰਮ ਤੋਂ ਪਹਿਲਾ ਹੀ ਕਵੇਲ਼ਾ ਹੋ ਗਿਆ ਏ ਮੈਂਨੂੰ।”
-”ਉਏ ਖੜ੍ਹ ਜਾ… ਖੜ੍ਹ ਜਾਂ…. ਪਹਿਲਾ ਖਾ ਕੇ ਤਾ ਵੇਖਣ ਦੇ ਤੇਰਾ ਇਹ ਅੰਬ?”
ਪੁਲਸੀਏ ਨੇ ਅੰਬ ਨੂੰ ਦੰਦੀ ਮਾਰੀ ਤੇ ਫਿਰ ਅਸਮਾਨੀ ਬਿਜਲੀ ਵਾਂਗ ਗਰਜਿਆ…..-”ਉਏ ਤੇਰੇ ਅੰਬ ਦਾ ਤਾ ਗੁੱਦਾ ਖੱਟਾ ਏ,
ਗੁੱਦਾ ਘੱਟ ਤੇ ਗੁਠਲੀ ਵੀ ਕੁਝ ਜਿਆਦਾ ਹੀ ਵੱਡੀ ਏ।” ਹੁਣ ਸੈਂਪਲ ਭਰਨਾ…..ਤਾ ਬਣਦੈ ਹੀ ਬਣਦੈ।
-”ਜੀ…ਜੀ… ਦਇਆ ਕਰੋ ਇਸ ਗਰੀਬ ਤੇ!”
-”ਸਾਲਿਆ ਤੈਂਨੂੰ ਕਾਨੂੰਨ ਨਹੀਂ ਪਤਾਂ?” ਚੱਲ ਤੋਲ ਫਿਰ ਦੋ ਕਿੱਲੋ ਮਿੱਠੇ-ਮਿੱਠੇ ਰਸੇਦਾਰ ਅੰਬ ਨਹੀਂ ਤਾਂ ਚੱਲ ਥਾਣੇ, ਤੌਣੀ ਲਗਾਈਏ ਤੇਰੇ, ਮੋਰ ਬਣਾਈਏ ਤੈਂਨੂੰ ਵੀ।
-”ਜੀ…ਜੀ…ਹਾਲੇ ਤਾਂ ਬੋਹਣੀ ਵੀ…!”
-”ਉਏ ਅੱਖਾਂ ਕੀਹਨੂੰ ਵਿਖਾਉਂਦੇ, ਮਾਰਾ ਤੇਰੇ ਮੌਰਾਂ ‘ਚ ਰੱਖ ਕੇ ਘੋਟਣੇ ਫੇਰ ਤੱਕਲੇ ਵਾਂਗੂ ਸਿੱਧੇ ਹੋ ਜਾਣਾ ਤੂੰ ਮਿੰਟਾ-ਸੰਕਿਟਾ ‘ਚ। ਪੁਲਸੀਏ ਅੱਗੇ ਜਬਾਨ ਚਲਾਉਂਦੇ ਕੱਢ ਜੈਲਿਆ ਫਾਈਲ ਆਪਣੀ, ਸੈਂਪਲ ਭਰੀਏ ਏਦਾ।”
-”ਮਾਫ਼ ਕਰਨਾ ਸਾਹਬ ਛੋਟੇ-ਛੋਟੇ ਬੱਚੇ ਨੇ ਮੇਰੇ, ਅੰਬ ਲੈ ਲਵੋ ‘ਤੇ ਜਾਣ ਦਿਉ ਮੈਂਨੂੰ!”
ਕੜਿਕੀ ‘ਚ ਫਸੇ ਰੇੜ੍ਹੀ ਵਾਲੇ ਦੀ ਜਬਾਨ ਲੜਖੜਾਈ ਉਨ੍ਹੇ ਛੇਤੀ ਨਾਲ ਬਿਨ੍ਹਾਂ ਤੋਲੇ ਅੰਬ ਪਲਾਸਟਿਕ ਦੇ ਲਿਫਾਫੇ ‘ਚ ਪਾਕੇ ਪੁਲਸੀਏ ਨੂੰ ਫੜਾਏ। ਰੇੜ੍ਹੀ ਦਾ ਰੁਖ ਦੂਜੇ ਪਾਸੀ ਕੀਤਾ ਤੇ ਤੇਜ ਕਦਮੀ ਦੂਰ ਨਿਕਲ ਗਿਆ।
ਸ਼ੈਤਾਨੀ ਹਾਸੀ ਹੱਸਦਾ ਪੁਲਸੀਆ ਚੌਂਕ ਦੇ ਵਿਚਕਾਰ ਖੜ੍ਹਾ ਦੂਜਾ ਮੁਰਗਾ ਲੱਭਣ ਲੱਗਾ ਸੀ।