ਫਤਿਹਗੜ੍ਹ ਸਾਹਿਬ – ‘‘ਜੋ ਵੀ ਹਿੰਦੂਤਵ ਹੁਕਮਰਾਨ ਹਿੰਦ ਦੀ ਸਿਆਸੀ ਤਾਕਤ ਉੱਤੇ ਬੈਠਦੇ ਹਨ, ਉਹ ਘੱਟ ਗਿਣਤੀ ਕੌਮਾਂ ਦੀ ਨਸਲਕੁਸ਼ੀ ਅਤੇ ਕਤਲੇਆਮ ਕਰਕੇ ਹੀ ਆਪਣੀ ਸਿਆਸੀ ਤਾਕਤ ਨੂੰ ਅੱਗੇ ਵਧਾਉਦੇ ਹਨ। ਇਹ ਮਨੁਖਤਾ ਮਾਰੂ ਸਿਲਸਿਲਾ ਲੰਮੇਂ ਸਮੇਂ ਤੋਂ ਚਲਦਾ ਆ ਰਿਹਾ ਹੈ। ਜਿਸ ਤੋਂ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨੂੰ ਸੁਚੇਤ ਰਹਿਣਾ ਪਵੇਗਾ। ਤਾਂ ਕਿ ਮੁਕਾਰਤਾਂ ਭਰਿਆ ਹੁਕਮਰਾਨ ਘੱਟ ਗਿਣਤੀ ਕੌਮਾਂ ਦਾ ਸਾਜਿਸ਼ੀ ਢੰਗ ਨਾਲ ਨੁਕਸਾਨ ਨਾਂ ਕਰ ਸਕੇ। ‘‘
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੁਜੱਫਰ ਨਗਰ (ਯੂ.ਪੀ) ਵਿਚ ਮੁਸਲਿਮ ਕੌਮ ਦੇ ਬੀਤੇ ਦਿਨੀਂ ਹੋਏ ਕਤਲੇਆਮ ਉੱਤੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਰੈੱਡ ਅਲਰਟ ਕਰਦੇ ਹੋਏ ਇਕ ਬਿਆਨ ਵਿਚ ਪ੍ਰਗਟ ਕੀਤੇ। ਉਨਾਂ ਕਿਹਾ ਕਿ ਪਹਿਲੇ ਪੁਰਾਤਨ ਪੰਜਾਬ ਦੀ ਵੰਡ ਵੇਲੇ ਹਿੰਦੂ ਹੁਕਮਰਾਨਾਂ ਅਤੇ ਸਿਅਸਤਦਾਨਾਂ ਨੇ ਸਿੱਖ ਕੌਮ ਅਤੇ ਮੁਸਲਿਮ ਕੌਮ ਦਾ ਕਤਲੇਆਮ ਕਰਵਾ ਕੇ ਹਿੰਦ ਦੀ ਰਾਜਸੀ ਸ਼ਕਤੀ ਪ੍ਰਾਪਤ ਕੀਤੀ। ਉਪਰੰਤ ਮਰਹੂਮ ਇੰਦਰਾ ਗਾਂਧੀ ਨੇ ਗਿਣੀ ਮਿਥੀ ਸਾਜਿਸ਼ ਅਧੀਨ ਬਲਿਊ ਸਟਾਰ ਦਾ ਫੌਜੀ ਹਮਲਾ ਕਰਕੇ ਹਿੰਦੂ ਬਹੁ ਗਿਣਤੀ ਦੀਆਂ ਵੋਟਾਂ ਪ੍ਰਾਪਤ ਕੀਤੀਆਂ। ਮਰਹੂਮ ਇੰਦਰਾ ਗਾਂਧੀ ਦੀ ਮੌਤ ਤੋਂ ਬਾਦ ਰਾਜੀਵ ਗਾਂਧੀ ਨੇ ਸਿੱਖ ਕੌਮ ਦੀ ਨਸਲਕੁਸ਼ੀ ਕਰਵਾ ਕੇ ਆਪਣੀ ਸਿਅਸੀ ਤਾਕਤ ਨੂੰ ਮਜਬੂਤ ਕੀਤਾ। 2002 ਵਿਚ ਨਰਿੰਦਰ ਮੋਦੀ ਨੇ ਗੁਜਰਾਤ ਵਿਚ ਮੁਸਲਿਮ ਕੌਮ ਦਾ ਕਤਲੇਆਮ ਕਰਵਾ ਕੇ ਆਪਣੀ ਹਕੂਮਤ ਨੂੂੰ ਅੱਗੇ ਵਧਾਇਆ ਜੋ ਬੀਤੇ ਦਿਨੀਂ ਮੁਜੱਫਰ ਨਗਰ ਵਿਚ ਮੁਸਲਿਮ ਕੌਮ ਦਾ ਕਤਲੇਆਮ ਕੀਤਾ ਗਿਆ ਹੈ ਇਹ ਵੀ ਹੁਕਮਰਾਨਾਂ ਦੀ ਘੱਟ ਗਿਣਤੀ ਕੌਮਾਂ ਵਿਰੋਧੀ ਸੋਚ ਦਾ ਜਿੱਥੇ ਨਤੀਜਾ ਹੈ, ਉਥੇ ਘੱਟ ਗਿਣਤੀ ਕੌਮਾਂ ਲਈ ‘‘ਰੈਡ ਅਲਰਟ‘‘ ਵੀ ਹੈ ਤਾਂ ਕਿ ਹਿੰਦੂਤਵ ਹੁਕਮਰਾਨ ਅਜਿਹੇ ਮਨੁੱਖਤਾ ਵਿਰੋਧੀ ਅਮਲ ਕਰਕੇ ਹਿੰਦੂ ਬਹੁਗਿਣਤੀ ਨੂੰ ਆਪਣੇ ਮਗਰ ਲਾਉਣ ਦੇ ਮਨਸੂਬੇ ਵਿਚ ਕਾਮਯਾਬ ਨਾਂ ਹੋ ਸਕੇ ਅਤੇ ਘੱਟ ਗਿਣਤੀ ਕੌਮਾਂ ਆਪਣੀ ਜਾਨੀ ਅਤੇ ਮਾਲੀ ਹਿਫਾਜਤ ਲਈ ਇਕੱਤਰ ਹੋ ਕੇ ਸੰਘਰਸ਼ ਕਰ ਸਕਣ।
ਸ. ਮਾਨ ਨੇ ਸੀਰੀਆ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਕਤਲੇਆਮ ਲਈ ਅਮਰੀਕਾ ਦੇ ਸਦਰ ਸ਼੍ਰੀ ਓਬਾਮਾ ਵੱਲੋਂ ਡੂੰਘੀ ਚਿੰਤਾ ਕਰਨ ਦੇ ਨਾਲ ਨਾਲ ਇਸ ਵਿਰੁੰਧ ਕਾਰਵਾਈ ਕਰਨ ਦੇ ਅਮਲਾਂ ਉੰਤੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਹਿੰਦ ਵਿਚ ਘੱਟ ਗਿਣਤੀ ਕੌਮਾਂ ਉੱਤੇ ਹੋ ਰਹੇ ਜਬਰ-ਜੁਲਮ ਵੀ ਤਾਂ ਮਨੁੱਖਤਾ ਦਾ ਘਾਣ ਹਨ। ਸ਼੍ਰੀ ਓਬਾਮਾ ਮੁਜੱਫਰ ਨਗਰ ਕਤਲੇਆਮ ਅਤੇ ਹਿੰਦ ਵਿਚ ਘੱਟ ਗਿਣਤੀ ਕੌਮਾਂ ਉੱਤੇ ਹੋ ਰਹੇ ਜਬਰ ਵਿਰੁੱਧ ਕਿਊਂ ਨਹੀਂ ਬੋਲਦੇ? ਹਿੰਦ ਹਕੂਮਤ ਦੇ ਜਬਰ ਵਿਰੁੱਧ ਆਵਾਜ਼ ਕਿਊ ਨਹੀਂ ਉਠਾਉਂਦੇ? ਉਨਾਂ ਕਿਹਾ ਕਿ ਮਿਸਰ, ਸੀਰੀਆ, ਅਫਗਾਨਿਸਤਾਨ, ਪਾਕਿਸਤਾਨ, ਯੋਗਾਂਡਾ ਆਦਿ ਸਥਾਂਨਾਂ ਤੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਣ ਜੇਕਰ ਕੌਮਾਂਤਰੀ ਕਾਨੂੰਨਾਂ ਅਨੁਸਾਰ ਗੈਰਕਾਨੂੰਨੀ ਹਨ ਤਾਂ ਹਿੰਦ ਵਿਚ ਮੁਸਲਿਮ ਅਤੇ ਸਿੱਖ ਕੌਮ ਉਂਤੇ ਹੋ ਰਹੇ ਜਬਰ-ਜੁਲਮ ਵੀ ਤਾਂ ਕੌਮਾਂਤਰੀ ਕਾਨੂੰਨਾਂ ਅਤੇ ਨਿਯਮਾਂ ਦੀ ਉਲੰਘਣਾ ਹਨ। ਫਿਰ ਅਮਰੀਕਾ ਹਿੰਦ ਵਿਰੁੱਧ ਕਾਰਵਾਈ ਕਿਊਂ ਨਹੀਂ ਕਰਦੀ।