ਬ੍ਰਿਮਿੰਘਮ (ਪਤਰਪ੍ਰੇਰਕ) – ਨਾਮਵਰ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਭਾਰਤ ਸਰਕਾਰ ਵੱਲੋਂ ਲਾਲਾ ਜਗਤ ਨਾਰਾਇਣ ਦੇ ਨਾਂ ‘ਤੇ ਡਾਕ ਟਿਕਟ ਜਾਰੀ ਕਰਨ ਨੂੰ ਬੇਹਦ ਅਫ਼ਸੋਸਨਾਕ ਕਦਮ ਕਿਹਾ ਹੈ। ਉਨ੍ਹਾਂ ਕਿਹਾ ਕਿ ਲਾਲਾ ਜਗਤ ਨਾਰਾਇਣ ਦਾ ਕਿਰਦਾਰ ਹਮੇਸ਼ਾ ਸਿਰਫ਼ ਬਹਿਸ-ਗੋਚਰਾ ਹੀ ਨਹੀਂ ਬਲ ਕਿ ਨਫ਼ੀ ਵਾਲਾ ਰਿਹਾ ਸੀ। ਉਸ ਅਖ਼ਬਾਰ ਨਵੀਸ ਨੇ 1951 ਵਿਚ ਮੁਲਕ ਦੀ ਮਰਦਮਸ਼ੁਮਾਰੀ ਦੌਰਾਨ ਜੋ ਘਟੀਆ ਰੋਲ ਅਦਾ ਕੀਤਾ ਉਸ ਨੂੰ ਉਦੋਂ ਦੇ ਪ੍ਰਾਈਮ ਮਨਿਸਟਰ ਜਵਾਹਰ ਲਾਲ ਨਹਿਰੂ ਨੇ ਚੰਡੀਗੜ੍ਹ ਵਿਚ ਪੰਜਾਬ ਹਾਈ ਕੋਰਟ ਦੀ ਬਿਲਡਿੰਗ ਦਾ ਉਦਘਾਟਨ ਕਰਨ ਵੇਲੇ ਵੀ ਨਿੰਦਿਆ ਸੀ। ਮਰਦਮਸ਼ੁਮਾਰੀ ਦੌਰਾਨ ਜਗਤ ਨਾਰਾਇਣ ਨੇ ਆਪਣੀ ਅਖ਼ਬਾਰ ਵਿਚ ਕਈ ਮਹੀਨੇ ਇਹ ਪਰਚਾਰ ਕੀਤਾ ਸੀ ਕਿ ਪੰਜਾਬ ਦੇ ਹਿੰਦੂ ਆਪਣੀ ਬੋਲੀ ਹਿੰਦੀ ਲਿਖਵਾਉਣ। ਉਸ ਦੀ ਇਹ ਹਰਕਤ ਪੰਜਾਬ ਹੀ ਨਹੀਂ (ਜੇ ਭਾਰਤ ਸੈਕੂਲਰ ਦੇਸ਼ ਹੈ ਤਾਂ) ਇਹ ਹਰਕਤ ਮੁਲਕ ਨਾਲ ਵੀ ਗ਼ਦਾਰੀ ਸੀ। ਫਿਰ ਜਦ 1966 ਵਿਚ ਪੰਜਾਬੀ ਸੂਬਾ ਬਣਾਉਣ ਦਾ ਫ਼ੈਸਲਾ ਹੋਇਆ ਤਾਂ ਉਸ ਨੇ ਲਗਾਤਾਰ ਕਈ ਦਿਨ ਭੜਕਾਊ ਐਡੀਟੋਰੀਅਲ ਲਿਖ ਕੇ ਪੰਜਾਬ ਵਿਚ ਗੜਬੜ ਕਰਵਾਈ ਸੀ। 1978 ਵਿਚ ਉਸ ਨੇ ਨਿਰੰਕਾਰੀਆਂ ਵੱਲੋਂ ਸਿੱਖਾਂ ਦੇ ਕਤਲੇਆਮ ਵੇਲੇ ਝੂਠਾ ਤੇ ਭੜਕਾਊ ਪਰਚਾਰ ਕੀਤਾ ਅਤੇ ਪੰਜਾਬ ਵਿਚ ਗੜਬੜ ਕਰਵਾਉਣ ਦਾ ਜ਼ਿੰਮੇਦਾਰ ਬਣਿਆ ਸੀ। ਲਾਲਾ ਜਗਤ ਨਾਰਾਇਣ ਅਕਸਰ ਫੁੱਟ-ਪਾਊ ਸਿਆਸਤ ਅਤੇ ਪੀਲੀ ਪੱਤਰਕਾਰੀ ਦਾ ਪ੍ਰਤੀਕ ਰਿਹਾ ਸੀ। ਇਸ ਕਰ ਕੇ ਉਸ ਦਾ ਰੋਲ ਕਦੇ ਵੀ ਜਮ੍ਹਾਂ ਪੱਖੀ ਨਹੀਂ ਸੀ। ਉਹ ਨਾਇਕ ਨਹੀਂ ਬਲ ਕਿ ਖਲਨਾਇਕ ਸੀ। ਉਸ ਦੇ ਨਾਂ ‘ਤੇ ਡਾਕ ਟਿਕਟ ਜਾਰੀ ਕਰਨਾ ਤੇ ਉਸ ਦੇ ਨਾਂ ‘ਤੇ ਦਿੱਲੀ ਵਿਚ ਸੜਕ ਦਾ ਨਾਂ ਰੱਖਣਾ ਤਵਾਰੀਖ਼ ਦਾ ਰੇਪ ਕਰਨਾ ਹੈ। ਉਸ ਦੇ ਦੇਸ਼ ਭਗਤ ਹੋਣ ਦਾ ਬਹਾਨਾ ਵੀ ਝੂਠਾ ਹੈ; ਭਾਰਤ ਦੀ ਆਜ਼ਾਦੀ ਵਿਚ ਉਸ ਦਾ ਜ਼ਰਾ ਮਾਸਾ ਵੀ ਰੋਲ ਨਹੀਂ ਸੀ; ਉਹ ਤਾਂ ਸਗੋਂ 1947 ਤੋਂ ਪਹਿਲਾਂ ਵੀ ਇਕ ਫ਼ਿਰਕਾਪ੍ਰਸਤ ਮਹਾਸ਼ਾ ਅਖ਼ਬਾਰ ਨਵੀਸ ਮੰਨਿਆ ਜਾਂਦਾ ਸੀ।
ਲਾਲਾ ਜਗਤ ਨਾਰਾਇਣ ਦੇ ਨਾਂ ‘ਤੇ ਡਾਕ ਟਿਕਟ ਜਾਰੀ ਕਰਨਾ ਬੇਹਦ ਅਫ਼ਸੋਸਨਾਕ ਹੈ: ਡਾਕਟਰ ਦਿਲਗੀਰ
This entry was posted in ਅੰਤਰਰਾਸ਼ਟਰੀ.