ਫਤਹਿਗੜ੍ਹ ਸਾਹਿਬ – “ਪ੍ਰੈਸ, ਮੀਡੀਆ, ਅਖ਼ਬਾਰਾਂ, ਜਰਨਲਿਸਟ ਕਿਸੇ ਮੁਲਕ, ਸੂਬੇ, ਸਮਾਜ ਦੇ ਮਾਹੌਲ ਨੂੰ ਇਨਸਾਫ਼ ਪਸੰਦ ਅਤੇ ਖੁਸ਼ਗਵਾਰ ਬਣਾਉਣ ਲਈ ਵੱਡੇ ਥੰਮ੍ਹ ਹੁੰਦੇ ਹਨ । ਜੇਕਰ ਇਹ ਜਰਨਲਿਸਟ ਸੰਪਾਦਕ ਲੇਖਕ ਆਪਣੀ ਕਲਮ ਨੂੰ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਚਲਾਉਦੇ ਹੋਏ ਆਪਣੀ ਆਤਮਾਂ ਵਿਚੋਂ ਉਠੇ ਵਿਚਾਰਾਂ ਨੂੰ ਸਹੀ ਰੂਪ ਵਿਚ ਪੇਸ਼ ਕਰਕੇ ਜਿੰਮੇਵਾਰੀ ਨਿਭਾਉਣ ਦੇ ਫਰਜ ਅਦਾ ਕਰਨ ਤਾਂ ਉਸ ਸਮਾਜ ਵਿਚ ਕਤਈ ਵੀ ਕਿਸੇ ਨਾਲ ਕੋਈ ਬੇਇਨਸਾਫ਼ੀ ਨਹੀਂ ਹੋ ਸਕਦੀ ਅਤੇ ਕੋਈ ਸਿਆਸਤਦਾਨ ਜਾਂ ਜਾਲਮ ਅਫ਼ਸਰ ਮਨਮਾਨੀਆ ਨਹੀਂ ਕਰ ਸਕਦਾ । ਪਰ ਦੁੱਖ ਅਤੇ ਅਫ਼ੋਸਸ ਹੈ ਕਿ ਇੰਡੀਅਨ ਐਕਸਪ੍ਰੈਸ ਦੇ ਐਡੀਟਰ ਸ੍ਰੀ ਅਰੁਣਸੋਰੀ, ਪੰਜਾਬ ਕੇਸਰੀ ਗਰੁੱਪ ਦੇ ਮਰਹੂਮ ਜਗਤ ਨਰਾਇਣ, ਟ੍ਰਿਬਿਊਨ ਗਰੁੱਪ ਦੇ ਮਰਹੂਮ ਪ੍ਰੇਮ ਭਾਟੀਆ ਅਤੇ ਟਾਈਮਜ਼ ਆਫ਼ ਇੰਡੀਆਂ ਦੇ ਮਰਹੂਮ ਗਿਰੀਲਾਲ ਜੈਨ ਵਰਗੇ ਮੁਤੱਸਵੀ ਸੋਚ ਵਾਲੇ ਜਰਨਲਿਸਟ ਮਰਹੂਮ ਇੰਦਰਾਂ ਗਾਂਧੀ ਦੀਆਂ ਸਿੱਖ ਕੌਮ ਮਾਰੂ ਜ਼ਾਲਮਾਨਾਂ ਨੀਤੀਆਂ ਅਤੇ ਸੋਚ ਨੂੰ ਮਜ਼ਬੂਤ ਕਰਨ ਲਈ ਸਮਾਜ ਦੇ ਮੁੱਖ ਅੰਗ ਅਖ਼ਬਾਰਾਂ, ਮੀਡੀਏ ਦੀ ਦੁਰਵਰਤੋਂ ਕਰਕੇ ਉਸ ਮੁਤੱਸਵੀ ਸੋਚ ਨੂੰ ਬਲ ਦਿੰਦੇ ਰਹੇ ਹਨ ਅਤੇ ਇਹੀ ਚਾਰੇ ਮੁਤੱਸਵੀ ਐਡੀਟਰ ਬੀਤੇ ਸਮੇਂ ਦੇ ਅਤੇ ਅਜੋਕੇ ਪੰਜਾਬ ਦੇ ਦੁੱਖਾਂਤ ਲਈ ਜਿੰਮੇਵਾਰ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਅਮਨਮਈ ਵਿਹੜੇ ਅਤੇ ਪਵਿੱਤਰ ਧਰਤੀ ਵਿਚ ਬੀਜੇ ਗਏ ਨਫਰਤ, ਜ਼ਬਰ-ਜੁਲਮ, ਬੇਇਨਸਾਫ਼ੀ, ਰਿਸ਼ਵਤਖੋਰੀ, ਬੇਈਮਾਨੀ ਆਦਿ ਸਮਾਜਿਕ ਬੁਰਾਈਆਂ ਦੇ ਵੱਧਣ-ਫੁੱਲਣ ਉਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਅਜੋਕੇ ਜਰਨਲਿਸਟਾਂ ਨੂੰ ਆਪਣੀ ਜਿੰਮੇਵਾਰੀ ਨਿਰਪੱਖਤਾ, ਇਮਾਨਦਾਰੀ ਅਤੇ ਸੱਚਾਈ ਨੂੰ ਉਜਾਗਰ ਕਰਨ ਦੇ ਉੱਦਮਾਂ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬੇਸ਼ੱਕ ਕੇਸਰੀ ਗਰੁੱਪ ਦੇ ਸ੍ਰੀ ਜਗਤ ਨਰਾਇਣ ਨੇ ਮੁਤੱਸਵੀ ਬੀਜ ਬੀਜਕੇ ਪੰਜਾਬ ਸੂਬੇ, ਇਥੋ ਦੇ ਸੱਭਿਆਚਾਰ, ਤਹਿਜੀਬ, ਅਮੀਰ ਵਿਰਸੇ ਅਤੇ ਪੰਜਾਬੀਅਤ ਦਾ ਬਹੁਤ ਵੱਡਾ ਨੁਕਸਾਨ ਕਰਨ ਦੇ ਨਾਲ-ਨਾਲ ਸਿੱਖ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਵਾਲੀ ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਦੀ ਫਿਰਕੂ ਵਹਿਣ ਵਿਚ ਵਹਿਕੇ ਪਿੱਠ ਠੋਕਦੇ ਰਹੇ । ਜਿਸ ਨਾਲ ਉਹਨਾਂ ਦਾ ਇਖ਼ਲਾਕ ਸਮੁੱਚੀ ਮਨੁੱਖਤਾ ਵਿਚ ਦਾਗੋ-ਦਾਗ ਹੋਇਆ । ਪਰ ਮੌਜੂਦਾਂ ਪੰਜਾਬ ਕੇਸਰੀ ਗਰੁੱਪ ਦੇ ਸ੍ਰੀ ਵਿਜੈ ਕੁਮਾਰ ਇਸ ਮੁਤੱਸਵੀ ਵਲਗਣ ਤੋ ਉਪਰ ਉੱਠਕੇ ਜੋ ਉਦਮ ਕਰ ਰਹੇ ਹਨ, ਉਸ ਨਾਲ ਸ੍ਰੀ ਵਿਜੈ ਕੁਮਾਰ ਨੇ ਆਪਣੀ ਸਖਸ਼ੀਅਤ ਨੂੰ ਨਿਰਵਿਵਾਦ ਰੱਖਿਆ ਹੈ । ਜੇਕਰ ਜਗਤ ਨਰਾਇਣ ਮਨੁੱਖਤਾ ਵਿਰੋਧੀ ਮਾੜੇ ਕਿਰਦਾਰ ਦੇ ਪ੍ਰਤੀਕ ਸਨ, ਤਾਂ ਵਿਜੈ ਕੁਮਾਰ ਚੰਗੇ ਕਿਰਦਾਰ ਦੇ ਪ੍ਰਤੀਕ ਹਨ । ਇਸ ਲਈ ਸ੍ਰੀ ਵਿਜੈ ਕੁਮਾਰ ਨੂੰ ਬੀਤੇ ਸਮੇਂ ਦੇ ਆਪਣੇ ਬਜ਼ੁਰਗਾਂ ਦੇ ਨਾਂਹਵਾਚਕ ਜੀਵਨ ਦੇ ਪੱਖ ਦੇ ਸੱਚ ਸਾਹਮਣੇ ਆਉਣ ਤੇ ਕੋਈ ਕਿੰਤੂ-ਪ੍ਰੰਤੂ ਕਰਨ ਦੀ ਲੋੜ ਨਹੀਂ । ਬਲਕਿ ਉਸ ਪਿਛਲੇ ਦੁੱਖਾਂਤ ਨੂੰ ਮੱਦੇਨਜਰ ਰੱਖਦੇ ਹੋਏ ਆਪਣੀ ਕਲਮ ਨੂੰ ਸਮਾਜ ਦੀ ਬਿਹਤਰੀ ਵਿਚ ਲਗਾਉਣਾ ਚਾਹੀਦਾ ਹੈ । ਬਿਨ੍ਹਾਂ ਕਿਸੇ ਭੈ-ਖੌਫ ਦੇ ਜ਼ਾਬਰ ਅਤੇ ਜਾਲਮ ਵਿਰੁੱਧ ਅਵਾਜ਼ ਬੁਲੰਦ ਕਰਨ ਅਤੇ ਮਨੁੱਖਤਾ ਪੱਖੀ ਕੰਮਾਂ ਦੀ ਪ੍ਰਸ਼ੰਸ਼ਾਂ ਕਰਨ ਦੇ ਉਦਮ ਕਰਦੇ ਰਹਿਣਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਧਨ-ਦੌਲਤਾ ਅਤੇ ਸਿਆਸੀ ਤਾਕਤਾਂ ਦੇ ਭੰਡਾਰ ਹੁਕਮਰਾਨਾਂ ਕੋਲ ਜ਼ਰੂਰ ਹੁੰਦੇ ਹਨ । ਲੇਕਿਨ ਉੱਚੇ-ਸੁੱਚੇ ਇਖ਼ਲਾਕ ਦੀ ਆਮ ਤੌਰ ਤੇ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਵਿਚ ਘਾਟ ਹੁੰਦੀ ਹੈ । ਪ੍ਰੈਸ, ਮੀਡੀਆਂ ਅਤੇ ਅਖ਼ਬਾਰਾਂ ਅਤੇ ਜਰਨਲਿਸਟਾਂ ਵੱਲੋਂ ਅਜਿਹੇ ਸਮੇਂ ਵੱਡੀ ਜਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਹੁੰਦਾ ਹੈ । ਤਾਂ ਕਿ ਜ਼ਾਬਰ, ਕਾਤਲ ਅਤੇ ਰਿਸ਼ਵਤਖੋਰੀ ਦੀ ਸੋਚ ਰੱਖਣ ਵਾਲੇ ਸਿਆਸਤਦਾਨ ਅਤੇ ਅਫ਼ਸਰਸ਼ਾਹੀ ਲੋਕਾਈ ਨਾਲ ਕੋਈ ਰਤੀਭਰ ਵੀ ਬੇਇਨਸਾਫ਼ੀ ਨਾ ਕਰ ਸਕੇ । ਉਪਰੋਕਤ ਮਸਹੂਰ ਜਰਨਲਿਸਟਾਂ ਨੇ ਆਪਣੇ ਸਮੇਂ ਦੇ ਦੌਰਾਨ ਇਹ ਸਮਾਜਪੱਖੀ ਜਿੰਮੇਵਾਰੀ ਨਾ ਨਿਭਾਕੇ, ਮਰਹੂਮ ਕਾਤਲ ਇੰਦਰਾਂ ਗਾਂਧੀ, ਰਾਜੀਵ ਗਾਂਧੀ, ਬੇਅੰਤ ਸਿੰਘ ਅਤੇ ਫਿਰਕੂ ਜਮਾਤਾਂ ਕਾਂਗਰਸ-ਬੀਜੇਪੀ ਅਤੇ ਆਰ.ਐਸ.ਐਸ. ਆਦਿ ਦਾ ਗੈਰ ਦਲੀਲ ਤਰੀਕੇ ਪੱਖ ਪੂਰਕੇ ਕਲਮ ਦੀ ਬਹੁਤ ਵੱਡੀ ਦੁਰਵਰਤੋਂ ਕੀਤੀ ਹੈ । ਜਿਸ ਨਾਲ ਪੰਜਾਬ ਦੇ ਬਸਿੰਦਿਆਂ ਅਤੇ ਸਿੱਖ ਕੌਮ ਉਤੇ ਤਾਂ ਅਕਹਿ ਤੇ ਅਸਹਿ ਜੁਲਮ ਹੋਏ ਹੀ ਹਨ, ਲੇਕਿਨ ਇਹ ਜਰਨਲਿਸਟ ਇਥੋ ਕੂਚ ਕਰਕੇ ਵੀ ਆਪਣੀਆਂ ਆਤਮਾਵਾਂ ਨੂੰ ਕਤਈ ਸਕੂਨ ਨਹੀ ਦਿਵਾ ਸਕੇ । ਇਹ ਅਜਿਹੇ ਅਣਮਨੁੱਖੀ ਕਾਰਵਾਈਆਂ ਵਿਚ ਸ਼ਾਮਿਲ ਲੋਕਾਂ ਅਤੇ ਉਹਨਾਂ ਦੀ ਆਉਣ ਵਾਲੀ ਨਸਲ ਲਈ ਵੱਡੀ ਸਜ਼ਾ ਹੁੰਦੀ ਹੈ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਨੁੱਖਤਾ ਦੇ ਕਾਤਲਾਂ ਅਤੇ ਸਿੱਖ ਕੌਮ ਦੇ ਕਾਤਲ ਦੋਸ਼ੀ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੀ ਫੋਟੋਆ ਸਮੇਤ ਸੂਚੀ ਜਾਰੀ ਕੀਤੀ ਹੋਈ ਹੈ । ਜਿਸ ਵਿਚੋਂ ਬਹੁਤੇ ਉਸ ਅਕਾਲ ਪੁਰਖ ਦੀ ਸਜ਼ਾ ਭੁਗਤ ਚੁੱਕੇ ਹਨ ਅਤੇ ਜੋ ਬਾਕੀ ਹਨ, ਉਹਨਾਂ ਨੂੰ ਵੀ ਅਵੱਸ ਆਪਣੇ ਕੀਤੇ ਕੁਕਰਮਾ ਦੀ ਸਜ਼ਾ ਇਸ ਦੁਨੀਆਂ ਵਿਚ ਜਾਂ ਅਗਲੀ ਦੁਨੀਆਂ ਵਿਚ ਜਰੂਰ ਮਿਲੇਗੀ । ਇਸ ਲਈ ਸਾਡੀ ਹਿੰਦ, ਪੰਜਾਬ ਸੂਬੇ ਨਾਲ ਸੰਬੰਧਤ ਸਮੁੱਚੇ ਅਖ਼ਬਾਰਾਂ ਅਤੇ ਮੀਡੀਏ ਨਾਲ ਸੰਬੰਧਤ ਜਰਨਲਿਸਟਾਂ ਨੂੰ ਇਹ ਸੰਜ਼ੀਦਗੀ ਭਰੀ ਅਪੀਲ ਹੈ ਕਿ ਉਹ ਬਿਨ੍ਹਾਂ ਕਿਸੇ ਭੇਦ-ਭਾਵ, ਬਿਨ੍ਹਾਂ ਮੁਤੱਸਵੀ ਸੋਚ ਦੇ ਜਿਥੇ ਕਿਤੇ ਵੀ ਮਨੁੱਖਤਾ ਦਾ ਘਾਣ ਹੁੰਦਾ ਹੈ ਜਾਂ ਹੁਕਮਰਾਨ ਅਤੇ ਅਫ਼ਸਰਸ਼ਾਹੀ ਲੋਕਾਈ ਉਤੇ ਜ਼ਬਰ-ਜੁਲਮ ਕਰਦੀ ਹੈ, ਉਸ ਵਿਰੁੱਧ ਉਹ ਡਟਕੇ ਅਵਾਜ਼ ਬੁਲੰਦ ਕਰਨ, ਨਾ ਕਿ ਦੁਨਿਆਵੀ ਲਾਲਸਾਵਾਂ ਦੇ ਗੁਲਾਮ ਬਣਕੇ ਆਪਣੇ ਇਨਸਾਨੀ ਫਰਜ਼ਾਂ ਨੂੰ ਪੂਰਨ ਕਰਨ ਤੋ ਕੁਤਾਹੀ ਕਰਕੇ ਆਪਣੇ ਆਪ ਨੂੰ ਆਪਣੀ ਆਤਮਾਂ ਦੇ ਦੋਸ਼ੀ ਬਣਾਉਣ । ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸਾਡੇ ਵੱਲੋਂ ਕੀਤੀ ਜਾ ਰਹੀ ਇਸ ਉਪਰੋਕਤ ਅਪੀਲ ਨੂੰ ਮੱਦੇਨਜਰ ਰੱਖਦੇ ਹੋਏ ਜੋ ਜਰਨਲਿਸਟ ਇਸ ਸਮੇਂ ਬੁਰਾਈਆਂ ਵਿਚ ਗ੍ਰਸਤ ਹਨ, ਉਹਨਾਂ ਦਾ ਤਿਆਗ ਕਰਕੇ ਆਪਣੀ ਜਿੰਮੇਵਾਰੀ ਨੂੰ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਭਾਕੇ ਸੱਚ-ਹੱਕ ਦੀ ਅਵਾਜ਼ ਨੂੰ ਦ੍ਰਿੜਤਾ ਨਾਲ ਬੁਲੰਦ ਕਰਨ ਦੇ ਫਰਜ ਅਦਾ ਕਰਨਗੇ ਅਤੇ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 28 ਸਤੰਬਰ 2013 ਨੂੰ ਨੌਸ਼ਹਿਰਾਂ ਪੰਨੂਆਂ (ਤਰਨਤਾਰਨ) ਵਿਖੇ ਇਨਸਾਫ਼ ਰੈਲੀ ਰੱਖੀ ਹੈ, ਉਸ ਦੇ ਮਨੁੱਖਤਾ ਪੱਖੀ ਮਕਸਦ ਨੂੰ ਸਮਝਦੇ ਹੋਏ ਆਪਣੀਆਂ ਜਿੰਮੇਵਾਰੀਆਂ ਪੂਰਨ ਕਰਨਗੇ ।