ਸਰਾਭਾ – ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਸਭ ਤੋਂ ਛੋਟੀ ਉਮਰ ਦੇ ਗਦਰੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਨੇ 16 ਨਵੰਬਰ 1915 ਨੂੰ ਹੱਸ ਕੇ ਆਪਣੇ ਗਲ਼ ਵਿੱਚ ਫਾਂਸੀ ਦਾ ਰੱਸਾ ਪਾ ਕੇ ਦੇਸ਼ ਦੀ ਖਾਤਰ ਸ਼ਹੀਦੀ ਪਾਈ ਸੀ, ਪਰ ਅਫਸੋਸ ਕਿ ਅੱਜ 66 ਸਾਲ ਤੋਂ ਇਸ ਆਜ਼ਾਦ ਭਾਰਤ ਵਿੱਚ ਰਾਜਸੱਤਾ ਦਾ ਅਨੰਦ ਮਾਨਣ ਵਾਲੀਆਂ ਸਾਰੀਆਂ ਹੀ ਪ੍ਰਮੁਖ ਪਾਰਟੀਆਂ ਅਕਾਲੀ, ਭਾਜਪਾ, ਕਾਂਗਰਸ, ਯੂ.ਪੀ.ਏ, ਐਨ.ਡੀ.ਏ ਜਾਂ ਹੋਰ ਗੱਠਜੋੜ ਵਾਲੀਆਂ ਸਰਕਾਰਾਂ ਨੇ ਅੱਜ ਤੱਕ ਨਾ ਇਸ ਸ਼ਹੀਦ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਤੇ ਨਾ ਹੀ ਸ਼ਹੀਦ ਮੰਨਿਆ। ਇਹ ਵਿਚਾਰ ਭਾਰਤ ਚੋਣ ਕਮਿਸ਼ਨ ਤੋ ਰਜਿਸਟਰਡ ਰਾਜਨੀਤਕ ਪਾਰਟੀ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਪ੍ਰਗਟ ਕੀਤੇ।
ਉਹਨਾਂ ਦਸਿਆ ਕਿ ਸਹਿਜਧਾਰੀ ਸਿੱਖ ਪਾਰਟੀ ਵਲੋਂ ਪੰਜਾਬ ਸਰਕਾਰ ਤੋਂ ਆਰ.ਟੀ.ਆਈ ਐਕਟ ਅਧੀਨ ਸੂਚਨਾ ਮੰਗੀ ਗਈ ਸੀ ਜਿਸ ਵਿਚ ਇਹ ਜਾਣਕਾਰੀ ਮੰਗੀ ਗਈ ਸੀ ਕਿ ਸਰਕਾਰ ਦੱਸੇ ਕੇ ਕੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕੌਮੀ ਸ਼ਹੀਦ ਮੰਨਦੀ ਹੈ ਜਾਂ ਨਹੀਂ? ਜੇ ਨਹੀਂ ਤਾਂ ਕਿਉ ਨਹੀਂ? ਅਤੇ ਕੀ ਉਹਨਾਂ ਦੇ ਜੱਦੀ ਘਰ ਨੂੰ ਸਰਕਾਰ ਕੌਮੀ ਸਮਾਰਕ ਮੰਨਦੀ ਹੈ? ਇਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਨੇ ਅਪਣਾ ਪੱਲਾ ਝਾੜਦੇ ਹੋਏ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਦੇ ‘ਫਰੀਡਮ ਫਾਇਟਰ ਵਿੰਗ’ ਨੂੰ ਭੇਜ ਦਿੱਤਾ ਅਤੇ ਦੋ ਟੁੱਕ ਜਵਾਬ ਵਿੱਚ ਸਿਰਫ਼ ਏਨਾ ਹੀ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੱਦੀ ਘਰ ਕੌਮੀ ਸਮਾਰਕ ਨਹੀਂ ਐਲਾਨੀਆ ਗਿਆ ਹੈ। ਪਰ ਇਸ ਨੂੰ ਪੰਜਾਬ ਪ੍ਰਾਚੀਨ ਅਤੇ ਇਤਿਹਾਸਕ ਸਮਾਰਕ ਅਤੇ ਪੁਰਾਤੱਤਵੀ ਸਥਾਨ ਅਤੇ ਅਵਸ਼ੇਸ਼ ਐਕਟ 1964 ਦੀ ਧਾਰਾ 4 ਦੀ ਉਪਧਾਰਾ(1) ਤਹਿਤ ਸੁਰੱਖਿਅਤ ਕੀਤਾ ਗਿਆ ਹੈ, ਜਿਸ ਦੀ ਨੋਟੀਫੀਕੇਸ਼ਨ ਮਿਤੀ 27/11/1997 ਹੈ।
ਸਹਿਜਧਾਰੀ ਸਿੱਖ ਪਾਰਟੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਅਪਣੀ ਪਾਰਟੀ ਦਾ ਰੋਲ ਮਾਡਲ ਮੰਨਦੇ ਹੋਏ 21ਮਈ 2011 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਪਾਰਟੀ ਨੌਜਵਾਨਾਂ ਦਾ ਵਿਸ਼ਾਲ ਚੇਤਨਾ ਮਾਰਚ ਕਢਿਆ ਸੀ ਜਿਸ ਵਿਚ ਇਲਾਕੇ ਦੇ ਲੱਗ ਭਗ 5000 ਨੌਜਵਾਨਾਂ ਨੇ ਮੋਟਰਸਾਇਕਲਾਂ/ਸਕੂਟਰਾਂ ਅਤੇ ਕਾਰਾਂ ਜੀਪਾਂ ਦੇ ਦੋ ਕਿਲੋਮੀਟਰ ਲੰਮੇ ਵਿਸ਼ਾਲ ਕਾਫਲੇ ਦੇ ਰੂਪ ਵਿਚ ਹਿੱਸਾ ਲਿਆ ਸੀ ਅਤੇ ਉਸੇ ਦਿਨ ਇਸ ਪਾਰਟੀ ਨੇ ਇਹ ਫੈਸਲਾ ਕੀਤਾ ਸੀ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਰਕਾਰਾਂ ਕੋਲੋਂ ਕੌਮੀ ਸ਼ਹੀਦ ਦਾ ਦਰਜਾ ਦਵਾ ਕੇ ਰਹਾਂਗੇ। ਡਾ.ਰਾਣੂੰ ਨੇ ਕਿਹਾ ਕਿ ਸੂਚਨਾ ਅਧਿਕਾਰ ਰਾਹੀਂ ਪ੍ਰਾਪਤ ਇਸ ਜਾਣਕਾਰੀ ਨੂੰ ਲੈ ਕੇ ਪਾਰਟੀ ਹੁਣ ਅਗਲੀ ਕਾਨੂੰਨੀ ਚਾਰਾਜੋਈ ਕਰੇਗੀ ਅਤੇ 16 ਨਵੰਬਰ2013 ਸ਼ਹੀਦ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਤੱਕ ਜੇ ਕੇਂਦਰ ਅਤੇ ਪੰਜਾਬ ਦੋਨੋਂ ਸਰਕਾਰਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਨਹੀਂ ਮੰਨਦੀਆਂ, ਤਾਂ ਸਹਿਜਧਾਰੀ ਸਿੱਖ ਪਾਰਟੀ ਹਰ ਤਰਾਂ ਦੀ ਰੋਸ ਨੀਤੀ ਅਪਨਾ ਸਕਦੀ ਹੈ।
ਡਾ.ਰਾਣੂੰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਫਾਂਸੀ ਤੇ ਚੜ੍ਹੇ 95% ਸਹੀਦ ਸਹਿਜਧਾਰੀ ਸਿੱਖ ਹੀ ਸਨ ਜਿਨ੍ਹਾਂ ਵਿੱਚੋਂ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਤੇ ਸ਼ਹੀਦ ਸੁਖਦੇਵ ਸਾਰੇ ਹੀ ਸਿੱਖ ਪਰਿਵਾਰਾਂ ਵਿਚ ਪੈਦਾ ਹੋਏ ਸਨ। ਪਰ ਅਫਸੋਸ ਦੀ ਗੱਲ ਕਿ ਅੱਜ ਸਿੱਖ ਦੀ ਨਵੀਂ ਪਰਿਭਾਸ਼ਾ ਅਨੁਸਾਰ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਸਿੱਖ ਹੀ ਨਹੀਂ ਮੰਨਦੀ। ਸਾਰੇ ਹੀ ਅਕਾਲੀ ਦਲ ਇਹਨਾਂ ਦਾ ਨਾਮ ਵੋਟ ਰਾਜਨੀਤੀ ਖਾਤਰ ਤਾਂ ਵਰਤਦੇ ਨੇ ਪਰ ਇਹਨਾਂ ਨੂੰ ਸਿੱਖ ਮੰਨਣ ਤੋਂ ਇਨਕਾਰੀ ਹਨ। ਕੁਝ ਨਵੇ ਬਣੇ ਦਲ ਵੀ ਸ਼ਹੀਦਾਂ ਦੇ ਨਾਮ ਤੇ ਨਿਜ਼ਾਮ ਬਦਲਣ ਦਾ ਨਾਹਰਾ ਲਾ ਕੇ ਲੋਕਾਂ ਨੂੰ ਭਰਮਾ ਰਹੇ ਨੇ,ਪਰ ਉਹ ਵੀ ਸਹਿਜਧਾਰੀ ਸਿੱਖਾਂ ਨੂੰ ਨਫ਼ਰਤ ਕਰਦੇ ਨੇ ਜਦੋਂ ਕਿ ਉਹ ਆਪ ਖੁਦ ਸਹਿਜਧਾਰੀ ਸਿੱਖ ਹਨ। ਵਿਦੇਸ਼ਾਂ ਵਿਚ ਬੈਠੇ ਐਨ.ਆਰ.ਆਈ ਸਿੱਖ ਬਹੁਗਿਣਤੀ ਵਿੱਚ ਸਹਿਜਧਾਰੀ ਹੀ ਹਨ ਜੋ ਸਿੱਖ ਪਰਿਵਾਰਾਂ ਵਿੱਚ ਪੈਦਾ ਹੋਏ ਪਰ ਰੋਜ਼ੀ ਰੋਟੀ ਦੀਆਂ ਮਜਬੂਰੀਆਂ ਕਾਰਨ ਰਹਿਤ ਨਹੀ ਰੱਖ ਸਕੇ, ਪਰ ਗੁਰੂ ਗ੍ਰੰਥ ਨੂੰ ਆਪਣਾ ਗੁਰੂ ਮੰਨਦੇ ਹਨ। ਉਹਨਾਂ ਨੂੰ ਵੀ ਸਿੱਖ ਨਹੀਂ ਮੰਨਿਆ ਜਾਂਦਾ। ਪਰ ਵੋਟਾਂ ਲਈ ਫੰਡ ਇਕੱਠਾ ਕਰਨ ਲਈ ਹੁਣ ਇਹ ਲੀਡਰ ਵਿਦੇਸ਼ੀ ਦੌਰੇ ਲਾ ਰਹੇ ਨੇ। ਡਾ. ਰਾਣੂੰ ਨੇ ਯਾਦ ਕਰਵਾਇਆ ਕਿ ਇਹਨਾਂ ਸ਼ਹੀਦਾਂ ਦੀ ਅਸਲੀ ਵਾਰਸ ਸਹਿਜਧਾਰੀ ਸਿੱਖ ਪਾਰਟੀ ਹੈ, ਬਾਕੀ ਸਭ ਪਾਰਟੀਆਂ ਦੇ ਦੋਗਲੇ ਸਟੈਂਡ ਹਨ। ਉਹਨਾਂ ਇਹ ਵੀ ਯਾਦ ਕਰਵਾਇਆ ਕਿ ਸ਼ਹੀਦ ਸਰਾਭਾ ਨੂੰ ਤਾਂ ਸ਼ਹੀਦੇ-ਆਜ਼ਮ ਭਗਤ ਸਿੰਘ ਵੀ ਅਪਣਾ ਗੁਰੂ ਮੰਨਦੇ ਸਨ ਅਤੇ ਇਹਨਾਂ ਦੀ ਤਸਵੀਰ ਨੂੰ ਪ੍ਰੇਰਣਾ ਸਰੋਤ ਮੰਨ ਕੇ ਅਪਣੀ ਜੇਬ ਵਿਚ ਰਖਦੇ ਸਨ। ਇਸ ਮੌਕੇ ਉਹਨਾਂ ਦੇ ਨਾਲ ਯੂਥ ਵਿੰਗ ਦੇ ਕੌਮੀ ਪ੍ਰਧਾਨ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜਗਤਾਰ ਸਿੰਘ ਧਾਲੀਵਾਲ ਕੌਮੀ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਸੇਖੋਂ ਅਤੇ ਗੁਰਵਿੰਦਰ ਸਿੰਘ ਰੂਪਾਪੱਤੀ ਦੋਨੋ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਅਮਨਦੀਪ ਗਰੇਵਾਲ ਜਨਰਲ ਸਕੱਤਰ ਪੰਜਾਬ, ਪ੍ਰੀਤਪਾਲ ਸਿੰਘ ਰਾਏ ਨਿਜੀ ਸਕੱਤਰ,ਸੂਬੇਦਾਰ ਸ਼ੰਗਾਰਾ ਸਿੰਘ ਪ੍ਰਧਾਨ ਤਹਿਸੀਲ ਰਾਏਕੋਟ, ਚਮਨ ਸਿੰਘ ਪ੍ਰਧਾਨ ਸ਼ਹਿਰ ਰਾਏਕੋਟ ਆਦਿ ਹਾਜ਼ਰ ਸਨ।