ਖਡੂਰ ਸਾਹਿਬ-ਸੇਵਾ ਦੇ ਪੁੰਜ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਵਿਚ ਕਾਰਜਸ਼ੀਲ ਸੰਸਥਾ ‘ਨਿਸ਼ਾਨ-ਏ-ਸਿੱਖੀ’ ਵਿਖੇ ਸਥਿਤ ਸ਼੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕੈਰੀਅਰ ਐਂਡ ਕੋਰਸਿਜ਼ ਵਿਚ ਵੱਖ-ਵੱਖ ਰੱਖਿਆ ਸੈਨਾਵਾਂ ਅਤੇ ਪੁਲਿਸ ਵਿਚ ਭਰਤੀ ਲਈ ਹੁੰਦੇ ਇਮਤਿਹਾਨਾਂ ਦੀ ਤਿਆਰੀ ਲਈ ਕਰਾਏ ਜਾਂਦੇ ਤਿੰਨ ਮਹੀਨਿਆਂ ਦੇ ਕੋਰਸ ਦੇ ਨਵੇਂ ਬੈਚ ਲਈ 75 ਲੜਕੀਆਂ ਦੀ ਚੋਣ ਕੀਤੀ ਗਈ ਹੈ। ਇਸ ਚੋਣ ਲਈ ਪਿਛਲੇ ਦਿਨੀ ਸਰੀਰਿਕ ਟੈਸਟ (ਦੌੜ, ਉਚੀ ਛਾਲ ਤੇ ਲੰਮੀ ਛਾਲ) ਅਤੇ ਲਿਖਤੀ ਟੈਸਟ ਲਿਆ ਗਿਆ ਸੀ ਜਿਸ ਵਿਚ ਪੰਜਾਬ ਦੀਆਂ ਵੱਖ-ਵੱਖ ਥਾਂਵਾਂ ਨਾਲ ਸਬੰਧਿਤ ਕੁੱਲ 250 ਲੜਕੀਆਂ ਨੇ ਹਿੱਸਾ ਲਿਆ ਸੀ। ਇਸ ਟੈਸਟ ਦੇ ਐਲਾਨੇ ਗਏ ਨਤੀਜੇ ਵਿਚ ਕੁੱਲ 75 ਲੜਕੀਆਂ ਨੂੰ ਸਫ਼ਲ ਕਰਾਰ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ ਮਾਇਕ ਪੱਖੋਂ ਜਾਂ ਹੋਰ ਕਿਸੇ ਕਾਰਨ ਕਰਕੇ ਜੋ ਲੜਕੀਆਂ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀਆਂ ਤੇ ਬੇਰੁਜ਼ਗਾਰ ਹੋਣ ਕਰਕੇ ਆਪਣਾ ਜੀਵਨ ਨਿਰਬਾਹ ਚੰਗੀ ਤਰ੍ਹਾਂ ਨਹੀਂ ਕਰ ਸਕਦੀਆਂ, ਉਹਨਾਂ ਨੂੰ ਇਸ ਇੰਸਟੀਚਿਊਟ ਵਿਖੇ ਪੁਲਿਸ ਬਲਾਂ, ਬੀ.ਐਸ.ਐਫ., ਆਈ. ਟੀ. ਬੀ. ਪੀ. ਅਤੇ ਅਰਧ ਫੌਜੀ ਬਲਾਂ ਜਿਵੇਂ ਸੀ.ਆਰ.ਪੀ.ਐਫ. ਆਦਿ ਵਿਚ ਭਰਤੀ ਲਈ ਹੁੰਦੇ ਸਰੀਰਿਕ ਤੇ ਲਿਖਤੀ ਟੈਸਟਾਂ ਦੀ ਤਿਆਰੀ ਲਈ ਸੇਵਾ ਮੁਕਤ ਫੌਜੀ ਅਧਿਕਾਰੀਆਂ ਰਾਹੀਂ ਕੋਚਿੰਗ ਅਤੇ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਸਾਰੀ ਪੜ੍ਹਾਈ, ਟਰਾਂਸਪੋਰਟ ਅਤੇ ਭੋਜਨ ਦੀਆਂ ਸਹੂਲਤਾਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ। ਹੋਸਟਲ ਵਿਚ ਰਹਿਣ ਵਾਲੀਆਂ ਲੜਕੀਆਂ ਕੋਲੋਂ ਹੋਸਟਲ ਦਾ ਬਹੁਤ ਮਾਮੂਲੀ ਖਰਚਾ ਹੀ ਵਸੂਲ ਕੀਤਾ ਜਾਂਦਾ ਹੈ।
ਇੰਸਟੀਚਿਊਟ ਦੇ ਡਾਇਰੈਕਟਰ ਸ. ਬਲਦੇਵ ਸਿੰਘ ਸੰਧੂ, ਸੇਵਾ ਮੁਕਤ ਡੀ.ਜੀ.ਐਮ. ਪੰਜਾਬ ਐਂਡ ਸਿੰਧ ਬੈਂਕ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤੱਕ ਇਸ ਸੰਸਥਾ ਤੋਂ ਸਿਖਲਾਈ ਤੇ ਸਿੱਖਿਆ ਪ੍ਰਾਪਤ ਕਰਕੇ 44 ਲੜਕੇ ਅਤੇ 229 ਲੜਕੀਆਂ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਪੁਲਿਸ, ਬੀ.ਐਸ.ਐਫ. ਤੇ ਹੋਰ ਕੇਂਦਰੀ ਸੁਰੱਖਿਆ ਬਲਾਂ ਵਿਚ ਭਰਤੀ ਹੋ ਚੁੱਕੀਆਂ ਹਨ ਜੋ ਇਸ ਸੰਸਥਾ ਮਾਣਮੱਤੀ ਪ੍ਰਾਪਤੀ ਹੈ। ਉਹਨਾਂ ਦੱਸਿਆ ਕਿ ਪਿਛਲੇ 5 ਸਾਲਾਂ ਵਿਚ ਇਥੇ ਲਗਭਗ 1400 ਲੜਕੀਆਂ ਨੂੰ ਸਿੱਖਿਆ ਤੇ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਹਨਾਂ ਇਹ ਵੀ ਦੱਸਿਆ ਕਿ ਅਗਲੇ ਕੋਰਸ ਜੋ ਅਗਲੇ ਸਾਲ 2014 ਦੇ ਜਨਵਰੀ ਦੇ ਪਹਿਲੇ ਹਫਤੇ ਤੋ ਸ਼ੁਰੂ ਹੋਵੇਗਾ, ਲਈ ਟੈਸਟ 21 ਦਸੰਬਰ, 2013 ਨੂੰ ਲਿਆ ਜਾਵੇਗਾ।
ਨਤੀਜੇ ਦੇ ਐਲਾਨ ਮੌਕੇ ਲੜਕੀਆਂ ਨੂੰ ਸਿਖਲਾਈ ਤੇ ਸਿੱਖਿਆ ਦੇਣ ਵਾਲੇ ਸੂਬੇਦਾਰ ਮੇਜਰ (ਰਿਟਾ.) ਸ. ਕਾਬਲ ਸਿੰਘ, ਕੈਪਟਨ (ਰਿਟਾ.) ਸ. ਕਰਨੈਲ ਸਿੰਘ, ਮੈਡਮ ਨਵਦੀਪ ਕੌਰ, ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ (ਰਜਿ.) ਦੇ ਸਕੱਤਰ ਸ. ਅਵਤਾਰ ਸਿੰਘ ਬਾਜਵਾ ਤੇ ਬਾਬਾ ਬਲਦੇਵ ਸਿੰਘ ਵੀ ਹਾਜ਼ਰ ਸਨ।