ਨਵੀਂ ਦਿੱਲੀ:- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਇੰਗਲੈਂਡ ਦੇ ਦੌਰੇ ਤੇ ਗਏ ਵਫਦ ਦੀ ਯਾਤਰਾ ਨੂੰ ਕਾਮਯਾਬ ਦਸਦੇ ਹੋਏ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ 1984 ਦੇ ਕਾਲੇ ਦੌਰ ਦੌਰਾਨ ਬਾਹਰ ਦੇ ਮੁਲਕਾ ਵਿਚ ਜਾ ਵੱਸੇ ਸਿੱਖ ਪਰਿਵਾਰਾਂ ਦੇ ਲਗਭਗ 15,000 ਸਿੱਖਾਂ ਨੂੰ ਯੂ. ਕੇ. ਸਥਿਤ ਭਾਰਤੀ ਦੂਤਘਰ ਦੇ ਡਿਪਟੀ ਹਾਈ ਕਮੀਸ਼ਨਰ ਵਰਿੰਦਰ ਪਾਲ ਨੇ ਭਾਰਤ ਵਿਚਲੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਵੀਜ਼ੇ ਦੇਣ ਦੀ ਹਾਂ ਕਰ ਦਿੱਤੀ ਹੈ। ਇਸ ਸ਼ਰਧਾਲੂ ਵੀਜ਼ਾ ਲਿਸਟ ਵਿਚ 232 ਸਿੱਖ ਉਹ ਵੀ ਨੇ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਆਪਣੀ ਕਾਲੀ ਸੂਚੀ ਵਿਚ ਪਾਇਆ ਹੋਇਆ ਹੈ, ਜਦੋ ਕਿ ਇਸ ਕਾਲੀ ਸੂਚੀ ਵਿਚ ਇਕ ਤਾਂ ਉਹ ਲੋਕ ਹਨ ਜਿਨ੍ਹਾਂ ਤੇ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਦਾ ਸ਼ਕ ਹੈ ਤੇ ਦੂਜੇ ਉਹ ਨੇ ਜਿਨ੍ਹਾਂ ਨੇ ਵੱਖ ਵੱਖ ਦੇਸ਼ਾਂ ਵਿਚ ਸਿਆਸੀ ਪਨਾਹ ਲਈ ਹੋਈ ਹੈ। ਵਫਦ ਵਲੋਂ ਦੂਤਘਰ ਅਧਿਕਾਰੀਆਂ ਨੂੰ ਕਾਲੀ ਸੂਚੀ ਵਿਚ ਸ਼ਾਮਿਲ ਸਿੱਖਾਂ ਦੇ ਨਾਮ ਯੂ.ਪੀ.ਏ. ਸਰਕਾਰ ਵਲੋਂ ਬਾਰ ਬਾਰ ਘੋਸ਼ਣਾ ਕਰਨ ਦੇ ਬਾਵਜੂਦ ਵੀ ਨਾ ਹਟਾਉਣ ਦਾ ਦੋਸ਼ ਲਾਉਂਦੇ ਹੋਏ ਦਾਅਵਾ ਕੀਤਾ ਗਿਆ ਕਿ ਅਗਰ ਸਰਕਾਰ ਉਨ੍ਹਾਂ ਦੇ ਸੁਝਾਵਾਂ ਨੂੰ ਮਨ ਲਵੇ ਤਾਂ ਭਾਰਤ ਵਿਚ ਵਸਦੇ ਸਿੱਖਾਂ ਦੇ ਮਨਾਂ ਵਿਚ ਜੋ ਸਰਕਾਰ ਪ੍ਰਤੀ ਗੁੱਸਾ ਹੈ ਉਸ ਨੂੰ ਠਲ੍ਹ ਪਾਈ ਜਾ ਸਕਦੀ ਹੈ।
ਦਿੱਲੀ ਕਮੇਟੀ ਦੀ ਇਸ ਨਿਵੇਕਲੀ ਪਹਿਲ ਨੂੰ ਉਥੇ ਵਸਦੇ ਸਿੱਖਾਂ ਵਲੋਂ ਮਿਲੇ ਹੁੰਗਾਰੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇੰਗਲੈਂਡ ਵਿਖੇ 35 ਗੁਰਦੁਆਰਿਆਂ ਵਿਚ ਇਸ ਵਫਦ ਨੂੰ ਜੀ ਆਇਆ ਕਿਹਾ ਗਿਆ ਅਤੇ ਮਨਜੀਤ ਸਿੰਘ ਜੀ.ਕੇ. ਦਾ ਜਿਨ੍ਹਾਂ ਸਵਾਗਤ ਇੰਗਲੈਂਡ ਵਿਖੇ ਹੋਇਆ ਹੈ ਉਸ ਕਰਕੇ ਬਾਹਰ ਵਸਦੇ ਸਿੱਖਾਂ ਵਿਚ ਇਹ ਇਕ ਆਮ ਰਾਏ ਬਣ ਗਈ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਾਰ ਭਰ ਵਿਚ ਵਸਦੇ ਸਿੱਖਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਉਸਾਰੂ ਤਰੀਕੇ ਨਾਲ ਯਤਨਸ਼ੀਲ ਹੈ।