ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸੂਬਾ ਪੱਧਰ ਦਾ ਕੌਮੀ ਸੇਵਾ ਯੋਜਨਾ ਦਿਹਾੜਾ ਪਾਲ ਆਡੀਟੋਰੀਅਮ ਵਿਖੇ ਮਨਾਇਆ ਗਿਆ। ਇਸ ਸਮਾਗਮ ਤੇ ਵਿਸ਼ੇਸ਼ ਰੂਪ ਵਿੱਚ ਸ: ਗੁਰਪ੍ਰੀਤ ਸਿੰਘ ਤੂਰ ਦਾ ਚੰਗੇਰੀ ਮਾਨਸਿਕਤਾ ਲਈ ਭਾਸ਼ਣ ਆਯੋਜਿਤ ਕੀਤਾ ਗਿਆ।
ਵਿਦਿਆਰਥੀਆਂ ਨਾਲ ਖਚਾਖਚ ਭਰੇ ਆਡੀਟੋਰੀਅਮ ਵਿੱਚ ਸ: ਤੂਰ ਨੇ ਬੋਲਦਿਆਂ ਕਿਹਾ ਕਿ ਚੰਗਾ ਸਾਹਿਤ ਪੜ੍ਹਨ ਨਾਲ ਚੰਗੀ ਮਾਨਸਿਕਤਾ ਦਾ ਵਿਕਾਸ ਹੁੰਦਾ ਹੈ ਅਤੇ ਚੰਗੀ ਮਾਨਸਿਕਤਾ ਹੀ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦਾ ਸਭ ਤੋਂ ਚੰਗਾ ਮਿੱਤਰ ਇਕ ਚੰਗੀ ਕਿਤਾਬ ਹੁੰਦੀ ਹੈ। ਇਨ੍ਹਾਂ ਕਿਤਾਬਾਂ ਰਾਹੀਂ ਅਸੀਂ ਆਪਣੇ ਸਭਿਆਚਾਰ ਨਾਲ ਜੁੜੇ ਰਹਿੰਦੇ ਹਾਂ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਮਰੱਥ ਹੋ ਜਾਂਦੇ ਹਾਂ। ਉਨ੍ਹਾਂ ਨੈਤਿਕ ਕਦਰਾਂ ਕੀਮਤਾਂ ਦੇ ਨਿਘਾਰ ਤੇ ਵਿਸੇਸ਼ ਰੂਪ ਵਿੱਚ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜੋਕਾ ਸਮਾਜ ਵਿਹਲ ਵਾਲੇ ਪਾਸੇ ਜ਼ਿਆਦਾ ਜਾ ਰਿਹਾ ਹੈ ਜਿਸ ਨਾਲ ਕਈ ਕਿਸਮ ਦੀਆਂ ਮਾਨਸਿਕ ਤਰੁੱਟੀਆਂ ਅਤੇ ਸਖਸ਼ੀਅਤ ਵਿੱਚ ਵਿਕਾਰ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੁਦਰਤ ਵਿੱਚ ਛੁਪੇ ਗਿਆਨ ਨੂੰ ਸਮਝਣ ਲਈ ਕੋਮਲ ਕਲਾਵਾਂ, ਗੀਤ ਸੰਗੀਤ ਅਤੇ ਖੇਡ ਮੈਦਾਨਾਂ ਨਾਲ ਮਿੱਤਰਤਾ ਬਣਾਉਣੀ ਨੌਜਵਾਨ ਪੀੜ੍ਹੀ ਲਈ ਅੱਜਕੱਲ੍ਹ ਦੇ ਸਮੇਂ ਵਿੱਚ ਬੇਅੰਤ ਜ਼ਰੂਰੀ ਹੈ। ਸ: ਤੂਰ ਨੇ ਕਿਹਾ ਕਿ ਨੌਜਵਾਨਾਂ ਵਿੱਚ ਨਸ਼ਿਆਂ ਪ੍ਰਤੀ ਵੱਧ ਰਹੇ ਰੁਝਾਨ ਕਾਰਨ ਸਮਾਜ ਪਤਨ ਵੱਲ ਜਾ ਰਿਹਾ ਹੈ । ਸਾਨੂੰ ਇਕਮੁੱਠ ਹੋ ਕੇ ਇਸ ਅਲਾਮਤ ਨੂੰ ਰੋਕਣਾ ਪਵੇਗਾ ਨਹੀਂ ਤਾਂ ਇਸ ਦੇ ਮਾਰੂ ਨਤੀਜੇ ਸਮਾਜ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੋ ਮੂੰਹੀਂ ਤਲਵਾਰ ਹੈ ਅਤੇ ਇਸ ਦੀ ਸੁਚੱਜੀ ਵਰਤੋਂ ਦੇ ਨਾਲ ਹੀ ਸਮਾਜ ਨੂੰ ਤਰੱਕੀ ਦੇ ਰਾਹ ਤੋਰਿਆ ਜਾ ਸਕਦਾ ਹੈ।
ਅੰਤ ਵਿੱਚ ਐਗਰੀਕਲਚਰ ਕਾਲਜ ਦੇ ਡੀਨ ਡਾ: ਹਰਵਿੰਦਰ ਸਿੰਘ ਧਾਲੀਵਾਲ ਨੇ ਸ: ਤੂਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਲੈਕਚਰ ਨੌਜਵਾਨ ਪੀੜ੍ਹੀ ਲਈ ਅਤਿਅੰਤ ਜ਼ਰੂਰੀ ਹਨ ਤਾਂ ਜੋ ਉਨ੍ਹਾਂ ਨੂੰ ਚੰਗੇਰੀ ਸੇਧ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਡਿਗ ਰਹੀਆਂ ਨੈਤਿਕ ਕਦਰਾਂ ਕੀਮਤਾਂ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਨੌਜਵਾਨਾਂ ਦਾ ਮਾਨਸਿਕ ਮਨੋਬਲ ਅਜਿਹੇ ਲੈਕਚਰਾਂ ਨਾਲ ਉੱਪਰ ਚੁੱਕਿਆ ਜਾ ਸਕਦਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਬਲਵਿੰਦਰ ਸਿੰਘ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ: ਰਵਿੰਦਰ ਕੌਰ ਧਾਲੀਵਾਲ ਵੀ ਹਾਜ਼ਰ ਸਨ। ਇਸ ਲੈਕਚਰ ਦਾ ਯੂਨੀਵਰਸਿਟੀ ਦੇ ਵੱਖ ਵੱਖ ਸਾਇੰਸਦਾਨਾਂ ਤੋਂ ਇਲਾਵਾ ਸਾਰੇ ਕਾਲਜਾਂ ਦੇ ਕੌਮੀ ਸੇਵਾ ਯੋਜਨਾ ਦੇ ਕਾਰਕੁਨ ਵੀ ਹਾਜ਼ਰ ਸਨ। ਅੰਤ ਵਿੱਚ ਧੰਨਵਾਦ ਦੇ ਸ਼ਬਦ ਡਾ: ਪੀ ਕੇ ਛੁਨੇਜਾ ਨੇ ਕਹੇ।