ਅੰਮ੍ਰਿਤਸਰ – ਅਖੰਡ ਕੀਰਤਨੀ ਜਥੇ ਦੇ ਮੁੱਖ ਸੇਵਾਦਾਰ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਜੰਮੂ ਕਸ਼ਮੀਰ ਦੇ ਪੁੰਛ ਜਿਲ੍ਹੇ ਦੇ ਵੱਖ- ਵੱਖ ਗੁਰਦੁਆਰਾ ਸਾਹਿਬ ਵਿਖੇ ਵੱਡੇ ਪੱਧਰ ਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਅਖੰਡ ਕੀਰਤਨੀ ਜਥੇ ਦੇ ਮੁੱਖ ਦਫ਼ਤਰ ਸ਼ਹੀਦ ਗੰਜ, ਬੀ ਬਲਾਕ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਜਥੇਦਾਰ ਬਲਦੇਵ ਸਿੰਘ ਨੇ ਦਸਿਆ ਕਿ ਧਰਮ ਪ੍ਰਚਾਰ ਲਹਿਰ ਤਹਿਤ ਧਾਰਮਿਕ ਸਮਾਗਮ ਰਾਹੀ ਜੰਮੂ ਕਸ਼ਮੀਰ ‘ਚ ਵਸਦੇ ਸਿੱਖਾਂ ਦਾ ਉਥੇ ਵਸਦੇ ਮੁਸਲਿਮ ਭਾਈਚਾਰੇ ਨਾਲ ਆਪਸੀ ਸਦਭਾਵਨਾ ਵਾਲਾ ਮਾਹੋਲ ਤਿਆਰ ਕੀਤਾ ਜਾ ਰਿਹਾ ਹੈ। ਜਿਸ ਤਹਿਤ ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਸਰਹਦੀ ਸੂਬੇ ਪੁੰਛ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਉਨ੍ਹਾਂ ਦਸਿਆ ਕਿ ਗੁ: ਨੰਗਾਲੀ ਸਾਹਿਬ ਵਿਖੇ ਸਮਾਗਮ ਦੌਰਾਨ ਪੁੰਛ ਦੇ ਵਿਧਾਇਕ ਅਜੀਜ ਅਹਿਮਦ, ਐਸ. ਐਸ. ਪੀ ਚੋਧਰੀ ਸ਼ਮਸ਼ੇਰ ਹੁਸੈਨ, ਡੀ. ਸੀ ਜਾਵਿਦ ਅਹਿਮਦ, ਮੈਡੀਕਲ ਅਫਸਰ ਡਾ. ਸ਼ਹਿਨਾਜ ਗਨੀ ਅਤੇ ਡਿਸਟਿਕ ਅਟਾਰਨੀ ਮਹੋਮਦ ਜਮਾਨ ਨੇ ਵੀ ਉਚੇਚੇ ਤੌਰ ਤੇ ਹਾਜਰੀ ਭਰੀ ਅਤੇ ਆਪਣੇ ਸੰਬੋਧਨ ਦੌਰਾਨ ਇਸ ਗੱਲ ਤੇ ਜੋਰ ਦਿੱਤਾ ਕਿ ਜੰਮੂ ਅਤੇ ਕਸ਼ਮੀਰ ਦੇ ਸਿੱਖ ਅਤੇ ਮੁਸਲਿਮ ਭਾਈਚਾਰੇ ਦੀ ਮਜਬੂਤੀ ਲਈ ਉਹ ਹਰ ਪੱਧਰ ਤੇ ਕੰਮ ਕਰ ਰਹੇ ਹਨ। ਗਿਆਨੀ ਬਲਦੇਵ ਸਿੰਘ ਨੇ ਕਿਹਾ ਕਿ ਸਿੱਖ ਅਤੇ ਮੁਸਲਿਮ ਭਾਈਚਾਰੇ ‘ਚ ਜੋ ਪਿਆਰ ਪੁੰਛ ‘ਚ ਦੇਖਣ ਨੂੰ ਮਿਲਿਆ ਉਹ ਹੋਰ ਕਿਤੇ ਨਹੀਂ ਦੇਖਿਆ, ਜਿਥੇ ਸਮਗਾਮ ਦੌਰਾਨ ਸਿੱਖ ਸੰਗਤਾਂ ਦੇ ਨਾਲ ਨਾਲ ਮੁਸਲਿਮ ਭਾਈਚਾਰੇ ਨਾਲ ਸੰਬੰਧਤ ਹਰ ਵੱਡੇ ਅਫਸਰ ਅਤੇ ਲੋਕਾਂ ਨੇ ਹੀ ਹਾਜਰੀ ਭਰੀ। ਉਨ੍ਹਾਂ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਸਿੱਖ ਪੂਰਨ ਰੂਪ ‘ਚ ਸਿੱਖੀ ਸਿਧਾਂਤਾਂ ਦੇ ਧਾਰਨੀ ਹਨ ਅਤੇ ਉਥੇ ਇੱਕ ਵੀ ਨੌਜਵਾਨ ਪਤਿਤ ਨਹੀ ਹੈ ਆਪਸੀ ਭਾਈਚਾਰੇ ਦੇ ਜਿਸ ਮਿਸ਼ਨ ਨੂੰ ਲੈ ਕੇ ਇਹ ਸਮਾਗਮ ਉਲੀਕੇ ਗਏ ਸਨ ਉਸ ‘ਚ ਉਹ ਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਲਹਿਰ ਵੱਲੋਂ ਮਾਲਵੇ ‘ਚ ਨੱਪੇ ਗਏ ਪਾਖੰਡੀ ਸਾਧਵਾਦ ਦੇ ਫਿਰ ਤੋਂ ਸਿਰ ਚੁਕਣ ਦੀਆਂ ਰਿਪੋਰਟਾਂ ਉਨ੍ਹਾਂ ਨੂੰ ਮਿਲੀਆਂ ਹਨ। ਜਿਸ ਤਹਿਤ ਫਿਰ ਤੋਂ ਮਾਲਵੇ ਦੇ ਪਿੰਡਾਂ ਵਿਚ ਧਰਮ ਪ੍ਰਚਾਰ ਲਹਿਰ ਦੇ ਮੁੱਖ ਸੇਵਾਦਾਰਾਂ ਨੂੰ ਘਰ-ਘਰ ਪਹੁੰਚ ਕਰਨ ਅਤੇ ਸਿੱਖੀ ਸਿਧਾਂਤਾਂ ਤੇ ਪਹਿਰਾਂ ਦੇਣ ਲਈ ਧਾਰਮਿਕ ਅਤੇ ਅੰਮ੍ਰਿਤ ਸੰਚਾਰ ਸਮਾਗਮ ਜਲਦ ਹੀ ਉਲੀਕੇ ਜਾ ਰਹੇ ਹਨ।