ਚੰਡੀਗੜ੍ਹ- ਹਿਮਾਚਲ ਪੁਲਿਸ ਨੇ ਵਿਧਾਇਕ ਦੇ ਡਰਾਈਵਰ ਕੋਲੋਂ ਖਰਚਾ-ਪਾਣੀ ਮੰਗਣ ਲਗਿਆ ਸੰਕੋਚ ਨਹੀਂ ਕੀਤਾ ਤਾਂ ਮਨਾਲੀ ਦੀ ਸੈਰ ਕਰਨ ਜਾਂਦੇ ਆਮ ਸੈਲਾਨੀਆਂ ਦਾ ਕੀ ਹਸ਼ਰ ਹੁੰਦਾ ਹੋਵੇਗਾ। ਹਿਮਾਚਲ ਪ੍ਰਦੇਸ਼ ਦੇ ਕੁਲੂ ਜਿਲ੍ਹੇ ਵਿੱਚ ਐਮਐਲਏ ਦੀ ਮੌਜੂਦਗੀ ਵਿੱਚ ਕਾਰ ਨੂੰ ਰੋਕ ਕੇ ਸਰੇਆਮ ਪੁਲਿਸ ਵੱਲੋਂ ਡਰਾਈਵਰ ਤੋਂ ਖਰਚੇ-ਪਾਣੀ ਦੀ ਮੰਗ ਕੀਤੀ ਗਈ।
ਮਨਾਲੀ ਵਿਧਾਨ ਸੱਭਾ ਸੀਟ ਤੋਂ ਵਿਧਾਇਕ ਗੋਵਿੰਦ ਠਾਕੁਰ ਰਾਤ ਦੇ ਸਮੇਂ ਆਪਣੀ ਪਰਾਈਵੇਟ ਗੱਡੀ ਵਿੱਚ ਕਿਧਰੇ ਜਾ ਰਹੇ ਸਨ। ਪੁਲਿਸ ਸਟੇਸ਼ਨ ਦੇ ਕੋਲ ਹੀ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ। ਨਾਕੇ ਤੇ ਮੌਜੂਦ ਤਿੰਨ ਪੁਲਿਸ ਕਰਮਚਾਰੀਆਂ ਨੇ ਐਮਐਲਏ ਦੀ ਗੱਡੀ ਨੂੰ ਰੋਕ ਲਿਆ ਅਤੇ ਡਰਾਈਵਰ ਕੋਲੋਂ ਖਰਚੇ-ਪਾਣੀ ਦੀ ਮੰਗ ਕਰਨ ਲਗੇ। ਜਿਵੇਂ ਹੀ ਪੁਲਿਸ ਮੁਲਾਜ਼ਮਾਂ ਨੇ ਗੱਡੀ ਅੰਦਰ ਵਿਧਾਇਕ ਗੋਵਿੰਦ ਠਾਕੁਰ ਨੂੰ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ ਅਤੇ ਮਾਫ਼ੀ ਮੰਗਣ ਲਗ ਗਏ। ਆਪਣੇ ਆਪ ਨੂੰ ਬਚਾਉਣ ਲਈ ਉਹ ਇਹ ਕਹਿਣ ਲਗ ਪਏ ਕਿ ਅਸੀਂ ਤਾਂ ਮਜ਼ਾਕ ਕਰ ਰਹੇ ਸੀ।
ਐਮਐਲਏ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਸ਼ਿਕਾਇਤ ਕੁਲੂ ਦੇ ਐਸਪੀ ਕੋਲ ਕੀਤੀ। ਐਸਪੀ ਨੇ ਉਸੇ ਸਮੇਂ ਦੋ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਅਤੇ ਤੀਸਰੇ ਸਬੰਧੀ ਵੀ ਕਾਰਵਾਈ ਜਾਰੀ ਹੈ। ਮਨਾਲੀ ਵਿੱਚ ਸੈਲਾਨੀਆਂ ਦੇ ਆਉਣ ਜਾਣ ਦਾ ਤਾਂਤਾ ਲਗਾ ਰਹਿੰਦਾ ਹੈ। ਵਿਦੇਸ਼ੀ ਟੂਰਿਸਟਾਂ ਦੀ ਸੰਖਿਆ ਵੀ ਕਾਫੀ ਹੁੰਦੀ ਹੈ। ਸੈਲਾਨੀਆਂ ਉਪਰ ਪੁਲਿਸ ਵੱਲੋਂ ਹੀ ਕੀਤੇ ਜਾ ਰਹੇ ਅਜਿਹੇ ਵਤੀਰੇ ਦਾ ਕੀ ਅਸਰ ਹੁੰਦਾ ਹੋਵੇਗਾ।