ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਅਜ ਕਿਹਾ ਕਿ ਪੰਜਾਬ ਦੇ ਭਾਜਪਾ ਮੰਤਰੀਆਂ ਦੇ ਮਹਿਕਮੇ ਬਦਲਣ ਨਾਲ ਉਹਨਾਂ ਦਾ ਕਿਰਦਾਰ ਨਹੀਂ ਬਦਲਿਆ ਜਾ ਸਕਦਾ। ਉਹਨਾਂ ਕਿਹਾ ਕਿ ਭਾਜਪਾ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਕਰਕੇ ਮੁੱਖ ਮੰਤਰੀ ਨੇ ਸਿਧਾਂਤਕ ਤੌਰ ’ਤੇ ਸਰਕਾਰ ਵਿੱਚ ਭ੍ਰਿਸ਼ਟਾਚਾਰ ਹੋਣ ਦੇ ਦੋਸ਼ਾਂ ਨੂੰ ਕਬੂਲਿਆ ਹੈ। ਇਸ ਕਦਮ ਨਾਲ ਵੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਖਤਮ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
ਫਤਿਹ ਬਾਜਵਾ ਨੇ ਕਿਹਾ ਕਿ ਭਾਜਪਾ ਦੇ ਸੀਨੀਅਰ ਮੰਤਰੀ ਅਨਿਲ ਜੋਸ਼ੀ ਵੱਲੋਂ ਪੰਜਾਬ ਦੇ ਭਾਜਪਾ ਮੰਤਰੀਆਂ ਦੇ ਵਿਭਾਗਾਂ ਵਿੱਚ ਕੀਤੀ ਗਈ ਫੇਰ ਬਦਲ ਪਿੱਛੇ ਕਾਰਜਸ਼ੀਲ ਤੱਥਾਂ ਸੰਬੰਧੀ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਲੋਕਲ ਬਾਡੀ ਵਿੱਚ ਭ੍ਰਿਸ਼ਟਾਚਾਰ ਚਰਮਸੀਮਾ ’ਤੇ ਹੋਣ ਬਾਰੇ ਕੀਤੇ ਗਏ ਇਕਬਾਲ ਉਪਰੰਤ ਅਕਾਲੀ ਭਾਜਪਾ ਗੱਠਜੋੜ ਨੂੰ ਸਤਾ ਵਿੱਚ ਬਣੇ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ ਰਹਿ ਜਾਂਦਾ।
ਫਤਿਹ ਬਾਜਵਾ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਵਿੱਚ ਵਿਆਪਕ ਪੱਧਰ ’ਤੇ ਫੈਲਿਆ ਭ੍ਰਿਸ਼ਟਾਚਾਰ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁਕਾ ਹੈ। ਉਹਨਾਂ ਕਿਹਾ ਕਿ ਭਾਜਪਾ ਮੰਤਰੀਆਂ ਦੇ ਵਿਭਾਗ ਹੀ ਨਾਹੀ ਸਗੋਂ ਹਰ ਸਰਕਾਰੀ ਮਹਿਕਮਾ ਇਸ ਸਮੇਂ ਭ੍ਰਿਸ਼ਟਾਚਾਰ ਦੀ ਗ੍ਰਿਰਫਟ ਵਿੱਚ ਹਨ ਅਤੇ ਮੰਤਰੀਆਂ ਦਾ ਆਪਣੇ ਵਿਭਾਗਾਂ ’ਤੇ ਕੋਈ ਕੰਟਰੋਲ ਨਹੀਂ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਰਾਜ ਨੂੰ ਜਾਂ ਤਾਂ ਬਾਦਲ ਪਰਿਵਾਰ ਚਲਾ ਰਿਹਾ ਹੇ ਜਾਂ ਲਾਲ ਫੀਤਾਸ਼ਾਹੀ। ਉਹਨਾਂ ਕਿਹਾ ਕਿ ਸ਼ਹਿਰੀਆਂ ਦੀ ਨੁਮਾਇੰਦਗੀ ਕਰਨ ਦੇ ਦਾਅਵੇ ਕਰਨ ਵਾਲੀ ਪੰਜਾਬ ਭਾਜਪਾ ਨੇ ਬਾਦਲਾਂ ਅਗੇ ਪੂਰੀ ਤਰਾਂ ਗੋਡੇ ਟੇਕ ਦਿਤੇ ਹਨ। ਜਿਸ ਕਾਰਨ ਬਾਦਲਾਂ ਵਲੋਂ ਸ਼ਹਿਰੀ ਵਰਗ ’ਤੇ ਥੋਪੇ ਗਏ ਟੈਕਸਾਂ ਦੇ ਬੋਝ, ਵਪਾਰੀਆਂ ’ਤੇ ਲਾਗਾਏ ਗਏ ਈ ਟ੍ਰਿਪ ਅਤੇ ਕਾਲੋਨੀਆਂ ਰੈਗੁਲਰ ਕਰਨ ਦੇ ਨਾਮ ’ਤੇ ਭਾਰੀ ਜੁਰਮਾਨਿਆਂ ਆਦਿ ਦਾ ਭਾਜਪਾ ਨੇ ਕੋਈ ਵਿਰੋਧ ਨਹੀਂ ਜਤਾਇਆ।
ਫਤਿਹ ਬਾਜਵਾ ਨੇ ਅਨਿਲ ਜੋਸ਼ੀ ਨੂੰ ਉਨ੍ਹਾਂ ਵੱਲੋਂ ਪੂਰਵਲੇ ਵਿਭਾਗ ਵਿੱਚ ਦਿਖਾਈ ਗਈ ਵਧੀਆ ਕਾਰਗੁਜ਼ਾਰੀ ਕਾਰਨ ਪ੍ਰਮੋਟ ਕਰਨ ਸੰਬੰਧੀ ਵਿਚਾਰਾਂ ਨੂੰ ਰੱਦ ਕਰਦਿਆਂ ਕਿਹਾ ਜੋਸ਼ੀ ਨੂੰ ਆਪਣੇ ਮਹਿਕਮੇ ਦੀ ਵਧੀਆ ਕਾਰਗੁਜ਼ਾਰੀ ਕਾਰਨ ਨਹੀਂ ਸਗੋਂ ਬਾਦਲ ਪਰਿਵਾਰ ਅਤੇ ਮਜੀਠੀਆ ਦੀ ਖੁਸ਼ਾਮਦ ਕਰਨ ਬਦਲੇ ਲੋਕਲ ਬਾਡੀ ਦਾ ਚਾਰਜ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਸਨਅਤੀ ਵਿਭਾਗ ਜੋਸ਼ੀ ਕੋਲ ਹੋਣ ਦੇ ਬਾਵਜੂਦ ਉਦਯੋਗਾਂ ਬਾਰੇ ਸੁਖਬੀਰ ਬਾਦਲ ਵੱਲੋਂ ਲੋਕ ਮਾਰੂ ਪਾਲਿਸੀਆਂ ਬਣਾਉਣ ’ਤੇ ਵੀ ਜੋਸ਼ੀ ਨੇ ਚੁੱਪ ਵਟੀ ਰੱਖੀ, ਮਾਫੀਆ ਨੂੰ ਰੇਤ ਬਜਰੀ ਆਦਿ ਦੀ ਗੈਰ ਕਾਨੂੰਨੀ ਮਾਈਨਿੰਗ ਰਾਹੀਂ ਪੰਜਾਬ ਦੇ ਕੁਦਰਤੀ ਸਾਧਨਾਂ ਦੀ ਲੁਟ ਲਈ ਦੀ ਖੁੱਲ ਦੇਈਂ ਰੱਖ ਕੇ ਹੁਕਮਰਾਨਾਂ ਨੂੰ ਖੁਸ਼ ਰੱਖਣ ਅਤੇ ਸੁਖਬੀਰ ਤੇ ਮਜੀਠੀਆ ਦੇ ਸਿਆਸੀ ਸ਼ਰੀਕ ਅੰਮ੍ਰਿਤਸਰ ਦੇ ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਰਾਜਸੀ ਹਾਸ਼ੀਏ ’ਤੇ ਪਹੁੰਚਾਉਣ ਲਈ ਸਾਥ ਦੇਣ ਬਦਲੇ ਜੋਸ਼ੀ ਨੂੰ ਇਨਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੂਰਵ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਤੇ ਚੀਫ਼ ਪਾਰਲੀਮਾਨੀ ਸੈਕਟਰੀ ਨਵਜੋਤ ਕੋਰ ਸਿੱਧੂ ਦਾ ਟਕਰਾ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ। ਉਹਨਾਂ ਕਿਹਾ ਕਿ ਭਾਜਪਾ ਮੰਤਰੀਆਂ ਦੀ ਨਖਿੱਧ ਕਾਰਗੁਜ਼ਾਰੀ ਅਤੇ ਭ੍ਰਿਸ਼ਟਾਚਾਰ ਵਿੱਚ ਲੰਬਿਤ ਹੋਣ ਦਾ ਮੁੱਦਾ ਭਾਜਪਾ ਵਿਧਾਇਕਾਂ ਵੱਲੋਂ ਹੀ ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਕੋਲ ਉਠਾਉਣ ਨਾਲ ਇਸ ਸੰਬੰਧੀ ਕਾਂਗਰਸ ਦੇ ਸਟੈਂਡ ਦੀ ਸਹੀ ਹੋਣ ਦੀ ਪੁਸ਼ਟੀ ਹੋ ਗਈ ਹੈ। ਉਹਨਾਂ ਕਿਹਾ ਕਿ ਮੰਤਰਾਲਿਆਂ ਦੀ ਰੱਦੋ ਬਦਲ ਨਾਲ ਵੀ ਭਾਜਪਾ ਆਪਣਾ ਅਕਸ ਨਹੀਂ ਸੁਧਾਰ ਸਕੇਗੀ। ਇਸ ਮੌਕੇ ਉਹਨਾਂ ਨਾਲ ਪੰਜਾਬ ਕਾਗਰਸ ਦੇ ਸਕਤਰ ਸ: ਪ੍ਰਮਜੀਤ ਸਿੰਘ ਰੰਧਾਵਾ ਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।