ਫਤਹਿਗੜ੍ਹ ਸਾਹਿਬ – “ਗੁਰੂ ਸਾਹਿਬਾਨ ਜੀ ਦੀ ਚਰਨ ਛੋਹ ਪ੍ਰਾਪਤ ਤਰਨਤਾਰਨ ਦੇ ਖਾਲਸਾਈ ਇਲਾਕੇ ਦੇ ਪਿੰਡ ਨੌਸ਼ਹਿਰਾਂ ਪੰਨੂਆਂ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 28 ਸਤੰਬਰ ਦੀ ਰੱਖੀ ਗਈ ਇਨਸਾਫ਼ ਰੈਲੀ ਦੇ ਇਕੱਠ ਨੂੰ ਕਾਮਯਾਬ ਕਰਨ ਹਿੱਤ ਪੰਜਾਬ ਅਤੇ ਹਰਿਆਣਾ ਦੇ ਸਮੁੱਚੇ ਜਿਲ੍ਹਿਆਂ ਵਿਚ ਬੀਤੇ ਕੱਲ੍ਹ ਚੱਲ ਰਹੀਆਂ ਮੀਟਿੰਗਾਂ ਦਾ ਸਿਲਸਿਲਾ ਪੂਰਨ ਹੋਣ ਉਪਰੰਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਜੋ ਰਿਪੋਰਟਾਂ ਅਤੇ ਖਿਆਲਾਤ ਪਹੁੰਚੇ ਹਨ, ਉਹ ਸਪੱਸਟ ਕਰਦੇ ਹਨ ਕਿ ਇਸ ਇਨਸਾਫ਼ ਰੈਲੀ ਦਾ ਇਕੱਠ ਹੁਣ ਤੱਕ ਦੀਆਂ ਹੋਈਆਂ ਰੈਲੀਆਂ ਦੇ ਰਿਕਾਰਡ ਨੂੰ ਤੋੜਕੇ ਇਕ ਅਰਥ ਭਰਪੂਰ ਸਮਾਜ ਪੱਖੀ ਸੰਦੇਸ਼ ਦੇਵੇਗਾ । ਕਿਉਕਿ ਇਹਨਾਂ ਹੋਈਆਂ ਮੀਟਿੰਗਾਂ ਦੌਰਾਨ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸੀਨੀਅਰ ਲੀਡਰਸਿਪ ਇਹਨਾਂ ਮੀਟਿੰਗਾਂ ਵਿਚ ਹਾਜ਼ਰ ਹੋਣ ਦੇ ਨਾਲ-ਨਾਲ ਇਸ ਰੈਲੀ ਦੇ ਮਕਸਦ ਦੇ ਪ੍ਰਚਾਰ ਨੂੰ ਸਿਖਰਾਂ ਤੱਕ ਪਹੁੰਚਾਉਣ ਵਿਚ ਸੰਜ਼ੀਦਾਂ ਹੋ ਕੇ ਜਿੰਮੇਵਾਰੀ ਨਿਭਾਉਦੀ ਰਹੀ ਹੈ । ਜਿਸ ਦੀ ਬਦੌਲਤ ਪੰਜਾਬ ਵਿਚ ਹੀ ਨਹੀ, ਬਲਕਿ ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਦਿੱਲੀ, ਰਾਜਸਥਾਨ ਅਤੇ ਬਾਹਰਲੇ ਮੁਲਕਾਂ ਵਿਚੋਂ ਵੀ ਵੱਡੀ ਗਿਣਤੀ ਵਿਚ ਇਨਸਾਨੀਅਤ ਪੱਖੀ ਸੋਚ ਰੱਖਣ ਵਾਲੇ ਸਮਾਜਿਕ ਅਤੇ ਪੰਥ ਦਰਦੀ ਵਹੀਰਾਂ ਘੱਤਕੇ ਪਹੁੰਚਣਗੇ ।”
ਇਹ ਜਾਣਕਾਰੀ ਅੱਜ ਇਥੇ ਇਨਸਾਫ਼ ਰੈਲੀ ਦੇ ਪ੍ਰਬੰਧਕਾਂ ਭਾਈ ਧਿਆਨ ਸਿੰਘ ਮੰਡ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ, ਜਸਪਾਲ ਸਿੰਘ ਮੰਗਲ (ਜੰਮੂ-ਕਸ਼ਮੀਰ), ਪ੍ਰੌ. ਅਜੀਤ ਸਿੰਘ ਕਾਹਲੋ (ਹਰਿਆਣਾ), ਜਸਕਰਨ ਸਿੰਘ ਕਾਹਨਸਿੰਘ ਵਾਲਾ, ਪ੍ਰੌ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕਰਮ ਸਿੰਘ ਭੋਈਆ, ਸੰਸਾਰ ਸਿੰਘ (ਦਿੱਲੀ), ਰਣਜੀਤ ਸਿੰਘ ਚੀਮਾਂ, ਹਰਬੀਰ ਸਿੰਘ ਸੰਧੂ, ਜਰਨੈਲ ਸਿੰਘ ਸਖੀਰਾ ਆਦਿ ਆਗੂਆਂ ਵੱਲੋਂ ਰੈਲੀ ਦੇ ਸਮੁੱਚੇ ਪ੍ਰਬੰਧ ਮੁਕੰਮਲ ਹੋਣ ਦੇ ਪਹੁੰਚੇ ਵੇਰਵਿਆਂ ਨੂੰ ਮੁੱਖ ਰੱਖਕੇ ਪਾਰਟੀ ਦੇ ਮੁੱਖ ਬੁਲਾਰੇ ਸ. ਇਕਬਾਲ ਸਿੰਘ ਟਿਵਾਣਾ ਵੱਲੋਂ ਮੁੱਖ ਦਫ਼ਤਰ ਤੋ ਜਾਰੀ ਕੀਤੇ ਗਏ ਇਕ ਪ੍ਰੈਸ ਨੋਟ ਰਾਹੀ ਦਿੱਤੀ ਗਈ ।
ਆਗੂਆਂ ਨੇ ਕਿਹਾ ਕਿ ਇਨਸਾਫ਼ ਰੈਲੀ ਇਸ ਲਈ ਵੀ ਖਿੱਚ ਅਤੇ ਦਿਲਚਸਪੀ ਦਾ ਕੇਦਰ ਬਣੀ ਹੋਈ ਹੈ, ਕਿਉਕਿ ਇਸ ਰੈਲੀ ਵਿਚ ਪੰਜਾਬ ਵਿਚ ਬੀਤੇ ਸਮੇਂ ‘ਚ ਵਾਪਰੇ ਅਣਮਨੁੱਖੀ ਦੁਖਾਂਤ ਦੌਰਾਨ ਪੰਜਾਬ ਪੁਲਿਸ, ਪੈਰਾਮਿਲਟਰੀ ਫੋਰਸਾਂ, ਜ਼ਾਬਰ ਅਤੇ ਜ਼ਾਲਮ ਅਫ਼ਸਰਸ਼ਾਹੀ ਵੱਲੋਂ ਵੱਡੀ ਗਿਣਤੀ ਵਿਚ ਅੰਮ੍ਰਿਤਧਾਰੀ ਗੁਰਸਿੱਖੀ ਦੇ ਅਮਲੀ ਜੀਵਨ ਵਾਲੇ ਨੌਜ਼ਵਾਨਾਂ ਨੂੰ ਘਰਾਂ ਵਿਚੋਂ ਚੁੱਕ ਕੇ ਅਣਮਨੁੱਖੀ ਅਤੇ ਗੈਰ ਕਾਨੂੰਨੀ ਤਰੀਕਿਆਂ ਰਾਹੀ ਤਸੱਦਦ ਕਰਦੇ ਹੋਏ ਜੋ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਿਆ ਗਿਆ ਅਤੇ 25 ਹਜ਼ਾਰ ਦੇ ਕਰੀਬ ਸਿੱਖ ਨੌਜ਼ਵਾਨਾਂ ਦੀਆਂ ਅਣਪਛਾਤੀਆਂ ਲਾਸ਼ਾਂ ਕਹਿਕੇ ਦਰਿਆਵਾਂ ਵਿਚ ਰੋੜ੍ਹੀਆਂ ਗਈਆਂ । ਉਸ ਗੰਭੀਰ ਮੁੱਦੇ ਨੂੰ ਲੈ ਕੇ ਹਿੰਦ ਅਤੇ ਕੌਮਾਂਤਰੀ ਪੱਧਰ ਉਤੇ ਉਹਨਾਂ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਲਈ ਇਨਸਾਫ਼ ਦੀ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ । ਇਸ ਦੇ ਨਾਲ-ਨਾਲ ਪੰਜਾਬ ਸੂਬੇ ਵਿਚ ਵੱਧਦੀ ਜਾ ਰਹੀ ਰਿਸ਼ਵਤਖੌਰੀ, ਨਸ਼ਾਖੋਰੀ, ਬੇਰੁਜ਼ਗਾਰੀ, ਮਹਿੰਗਾਈ, ਕਾਨੂੰਨੀ ਵਿਵਸਥਾਂ ਫੇਲ੍ਹ ਜੋ ਜਾਣ ਕਾਰਨ ਵੱਧਦੀਆਂ ਜਾ ਰਹੀਆਂ ਅਪਰਾਧਿਕ ਕਾਰਵਾਈਆਂ, ਮੁਲਾਜ਼ਮਾਂ, ਜਿੰਮੀਦਾਰਾਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ਨਾਲ ਹੋ ਰਹੀਆਂ ਹਕੂਮਤੀ ਬੇਇਨਸਾਫ਼ੀਆਂ ਅਤੇ ਔਰਤ ਵਰਗ ਦੇ ਹੋ ਰਹੇ ਅਪਮਾਨ ਅਤੇ ਅਸਲੀਲਤਾਂ ਨੂੰ ਲੈ ਕੇ ਫੈਸਲਾਕੁੰਨ ਸੰਘਰਸ਼ ਵਿੰਢਣ ਦਾ ਸੱਦਾ ਦਿੱਤਾ ਜਾ ਰਿਹਾ ਹੈ । ਇਹ ਹੋਰ ਵੀ ਸਮਾਜ ਪੱਖੀ ਵਰਤਾਰਾ ਹੋ ਰਿਹਾ ਹੈ ਕਿ ਕੇਵਲ ਸਿੱਖ ਕੌਮ ਹੀ ਨਹੀ, ਬਲਕਿ ਮੁਸਲਿਮ, ਇਸਾਈ, ਇਨਸਾਫ਼ ਪਸੰਦ ਹਿੰਦੂ, ਰੰਘਰੇਟੇ ਆਦਿ ਸਭਨਾਂ ਨੂੰ ਇਸ ਸੰਘਰਸ਼ ਤੇ ਇਨਸਾਫ਼ ਦੀ ਅਵਾਜ਼ ਦਾ ਹਿੱਸੇਦਾਰ ਬਣਾਉਦੇ ਹੋਏ ਅਗਲੀ ਰਣਨੀਤੀ ਵੀ ਐਲਾਨੀ ਜਾ ਰਹੀ ਹੈ । ਇਹ ਰੈਲੀ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਪਵਿੱਤਰ ਧਰਤੀ ਉਤੇ ਹਰ ਤਰ੍ਹਾਂ ਦੀ ਸਮਾਜਿਕ ਬੁਰਾਈ, ਵਿਤਕਰਿਆਂ ਅਤੇ ਜ਼ਬਰ-ਜੁਲਮ ਨੂੰ ਖ਼ਤਮ ਕਰਕੇ ਇਨਸਾਫ਼ ਦਾ ਰਾਜ ਕਾਇਮ ਕਰਨ ਲਈ ਕੀਤੀ ਜਾ ਰਹੀ ਹੈ । ਇਸ ਵਿਸ਼ਾਲ ਰੈਲੀ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਦੂਰਅੰਦੇਸ਼ੀ ਵਾਲੀ ਦ੍ਰਿੜਤਾਂ ਭਰੀ ਸਖਸ਼ੀਅਤ ਤੋ ਇਲਾਵਾਂ, ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਜੰਮੂ-ਕਸ਼ਮੀਰ ਆਦਿ ਸੂਬਿਆਂ ਤੋ ਪੰਥਕ ਸਖਸ਼ੀਅਤਾਂ, ਵਿਦਵਾਨ, ਲੇਖਕ ਅਤੇ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲੇ ਆਗੂ ਉਚੇਚੇ ਤੌਰ ਤੇ ਪਹੁੰਚ ਰਹੇ ਹਨ । ਇਸ ਰੈਲੀ ਦਾ ਲਾਈਵ ਟੈਲੀਕਾਸਟ “24 ਟੀ.ਵੀ.” ਚੈਨਲ ਤੋ 28 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 12:00 ਤੋ ਲੈਕੇ 4:00 ਵਜੇ ਤੱਕ ਰੀਲੇਅ ਹੋਵੇਗਾ । ਸਮੁੱਚੀ ਮਨੁੱਖਤਾ ਨੂੰ ਇਸ ਰੈਲੀ ਵਿਚ ਹੁੰਮ-ਹੁਮਾਕੇ ਪਹੁੰਚਣ ਦਾ ਸਤਿਕਾਰ ਸਹਿਤ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ।