ਨਵੀਂ ਦਿੱਲੀ- ਸਜ਼ਾਯਾਫਤਾ ਸਾਂਸਦਾਂ ਅਤੇ ਵਿਧਾਇਕਾਂ ਦੀ ਮੈਂਬਰਸ਼ਿਪ ਨੂੰ ਬਰਕਰਾਰ ਰੱਖਣ ਲਈ ਲਿਆਂਦੇ ਗਏ ਵਿਵਾਦਤ ਬਿੱਲ ਤੇ ਯੂਪੀਏ ਸਰਕਾਰ ਖੁਦ ਹੀ ਫਸ ਗਈ ਹੈ। ਵਿਰੋਧੀ ਧਿਰ ਤੋਂ ਇਲਾਵਾ ਸਰਕਾਰ ਅਤੇ ਕਾਂਗਰਸ ਵਿੱਚ ਵੀ ਇਸ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਹੈ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਨੇ ਵੀ ਕਿਹਾ ਕਿ ਸਰਕਾਰ ਨੇ ਦਾਗੀਆਂ ਨੂੰ ਬਚਾਉਣ ਲਈ ਇਹ ਬਿੱਲ ਲਿਆ ਕੇ ਠੀਕ ਨਹੀਂ ਕੀਤਾ।
ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਇਸ ਬਿੱਲ ਦੇ ਸਬੰਧ ਵਿੱਚ ਮੇਰਾ ਇਹੀ ਕਹਿਣਾ ਹੈ ਕਿ ਇਸ ਨੂੰ ਪਾੜ ਕੇ ਸੁੱਟ ਦੇਣਾ ਚਾਹੀਦਾ ਹੈ।’ ਉਨ੍ਹਾਂ ਨੇ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਰਾਹੁਲ ਨੇ ਇਸ ਬਿੱਲ ਨੂੰ ਬਕਵਾਸ ਦਸਦੇ ਹੋਏ ਕਿਹਾ ਕਿ ਸਰਕਾਰ ਨੇ ਇਹ ਬਿੱਲ ਲਿਆ ਕੇ ਬਹੁਤ ਗਲਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਨੂੰ ਰਾਜਨੀਤੀ ਦੇ ਨਾਂ ਤੇ ਅਜਿਹਾ ਕਰਨਾ ਬੰਦ ਕਰਨਾ ਚਾਹੀਦਾ ਹੈ।
ਰਾਹੁਲ ਨੇ ਕਿਹਾ, ‘ਇਸ ਦੇਸ਼ ਵਿੱਚ ਲੋਕ ਜੇ ਅਸਲ ਵਿੱਚ ਭ੍ਰਿਸ਼ਟਾਚਾਰ ਨਾਲ ਲੜਨਾ ਚਾਹੁੰਦੇ ਹਨ ਤਾਂ ਅਸੀਂ ਅਜਿਹੇ ਛੋਟੇ ਸਮਝੌਤੇ ਨਹੀਨ ਕਰ ਸਕਦੇ।’ ਉਨ੍ਹਾਂ ਨੇ ਕਿਹਾ ਕਿ ਮੇਰੀ ਨਿਜੀ ਰਾਏ ਇਹੀ ਹੈ ਕਿ ਮੇਰੀ ਸਰਕਾਰ ਨੇ ਸਹੀ ਨਹੀਂ ਕੀਤਾ।