ਲੁਧਿਆਣਾ:ਆਸਟਰੇਲੀਆ ਦੇ ਉੱਘੇ ਕੀਟ ਵਿਗਿਆਨ ਮਾਹਿਰ ਡਾ: ਅਮਰਜੀਤ ਸਿੰਘ ਟਾਂਡਾ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨ੍ਹਾਂ ਇਸ ਦੌਰੇ ਦੌਰਾਨ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨਾਲ ਵਿਚਾਰ ਚਰਚਾ ਕੀਤੀ। ਇਸ ਵਿਚਾਰ ਚਰਚਾ ਦੌਰਾਨ ਡਾ: ਢਿੱਲੋਂ ਨੇ ਵੱਖ ਵੱਖ ਖੇਤਰਾਂ ਵਿੱਚ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਬਾਇਓ ਤਕਨਾਲੋਜੀ ਅਤੇ ਬਾਇਓ ਕੰਟਰੋਲ ਵਿਧੀ ਰਾਹੀਂ ਕੀੜਿਆਂ ਮਕੌੜਿਆਂ ਅਤੇ ਬਿਮਾਰੀਆਂ ਦੇ ਚੰਗੇਰੇ ਪ੍ਰਬੰਧ ਲਈ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਦੀ ਬੇਨਤੀ ਕੀਤੀ । ਡਾ: ਢਿੱਲੋਂ ਵੱਲੋਂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਵਿਗਿਆਨੀ ਡਾ: ਟਾਂਡਾ ਨੂੰ ਪ੍ਰਕਾਸ਼ਨਾਵਾਂ ਦਾ ਇੱਕ ਸੈਟ ਵੀ ਭੇਂਟ ਕੀਤਾ ਗਿਆ।
ਡਾ: ਟਾਂਡਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਸੂਬੇ ਵਿੱਚ ਕੀਟਨਾਸ਼ਕਾਂ ਦੀ ਸੰਜਮ ਨਾਲ ਵਰਤੋਂ ਕਰਨ ਨਾਲ ਮੁੱਢਲੀਆਂ ਲਾਗਤਾਂ ਤੇ ਕਟੌਤੀ ਕੀਤੀ ਜਾ ਸਕਦੀ ਹੈ ਅਤੇ ਕੁਦਰਤੀ ਸੋਮਿਆਂ ਦਾ ਚੰਗੇਰਾ ਰੱਖ ਰਖਾਓ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੌਦ ਸੁਰੱਖਿਆ ਸੰਬੰਧੀ ਨਵੀਆਂ ਬਾਇਓ ਵਿਧੀਆਂ ਨਾਲ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ, ਖੇਤੀਬਾੜੀ ਕਾਲਜ ਦੇ ਡੀਨ ਡਾ: ਐਚ ਐਸ ਧਾਲੀਵਾਲ, ਐਗਰੀ.ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ, ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਹਰਜੀਤ ਸਿੰਘ ਧਾਲੀਵਾਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ: ਰਵਿੰਦਰ ਕੌਰ ਧਾਲੀਵਾਲ ਵੀ ਹਾਜ਼ਰ ਸਨ।