ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਪਸਾਰ, ਖੋਜ ਅਤੇ ਵਿਦਿਅਕ ਪ੍ਰੋਗਰਾਮਾਂ ਬਾਰੇ ਜਾਣੂ ਹੋਣ ਲਈ ਨਾਈਜ਼ੀਰੀਆ ਦੇ 17 ਮੈਂਬਰੀ ਵਫਦ ਨੇ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਵਫਦ ਦੀ ਅਗਵਾਈ ਨਾਈਜ਼ੀਰੀਆ ਦੀ ਐਗਰੀਕਲਚਰਲ ਰਿਸਰਚ ਕੌਂਸਲ ਦੇ ਨਿਰਦੇਸ਼ਕ ਡਾ: ਅਹਿਮਦ ਉਸਮਾਨ ਕਰ ਰਹੇ ਸਨ। ਇਸ ਵਫਦ ਨੇ ਯੂਨੀਵਰਸਿਟੀਦੇ ਉੱਚ ਅਧਿਕਾਰੀਆਂ, ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਨਵੀਂ ਦਿੱਲੀ ਦੇ ਨੁਮਾਇੰਦਿਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਕੋਆਰਡੀਨੇਟਰਾਂ ਨਾਲ ਗੱਲਬਾਤ ਕੀਤੀ।
ਜ਼ੋਨਲ ਪ੍ਰੋਜੈਕਟ ਡਾਇਰੈਕਟਰ ਡਾ: ਏ ਐਮ ਨਰੂਲਾ ਨੇ ਵਫਦ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਮੁਲਕ ਵਿੱਚ 635 ਤੋਂ ਵੱਧ ਕ੍ਰਿਸ਼ੀ ਵਿਗਿਆਨ ਕੇਂਦਰ ਕਿਰਸਾਨੀ ਦੀ ਸੇਵਾ ਨਿਭਾ ਰਹੇ ਹਨ। ਇਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਜ਼ੋਨਾਂ ਦੇ ਆਧਾਰ ਤੇ ਵੰਡਿਆ ਗਿਆ ਹੈ। ਪੰਜਾਬ ਵਿੱਚ 20 ਕੇ ਵੀ ਕੇ, ਹਿਮਾਚਲ ਪ੍ਰਦੇਸ਼ ਵਿੱਚ 12 , ਹਰਿਆਣਾ ਵਿੱਚ 18 ਅਤੇ ਜੰਮੂ ਕਸ਼ਮੀਰ ਵਿੱਚ 18 ਕੇ ਵੀ ਕੇ ਹਨ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਵੱਖ ਵੱਖ ਖੋਜ ਕਾਰਜਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਬਾਇਓ ਐਨਰਜੀ, ਘੱਟ ਤੋਂ ਘੱਟ ਰਸਾਇਣਾਂ ਦੀ ਖਪਤ ਅਤੇ ਕੁਦਰਤੀ ਸੋਮਿਆਂ ਦੀ ਚੰਗੇਰੇ ਰੱਖ ਰਖਾਓ ਦੀ ਯੂਨੀਵਰਸਿਟੀ ਵੱਲੋਂ ਖੋਜ ਕਾਰਜ ਨੇਪਰੇ ਚਾੜੇ ਜਾ ਰਹੇ ਹਨ। ਐਗਰੋ ਪ੍ਰੋਸੈਸਿੰਗ ਅਤੇ ਖੇਤੀ ਵਿਭਿੰਨਤਾ ਵੀ ਕੀਤੇ ਜਾ ਰਹੇ ਖੋਜ ਕਾਰਜਾਂ ਦਾ ਮੁੱਖ ਧੁਰਾ ਹੈ। ਯੂਨੀਵਰਸਿਟੀ ਦੇ ਡਾਇਰੈਕਟਰ ਐਕਸਟੈਨਸ਼ਨ ਐਜੂਕੇਸ਼ਨ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਸੂਖ਼ਮ ਖੇਤੀ ਅਤੇ ਦਰਮਿਆਨੇ ਅਤੇ ਛੋਟੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਦੇ ਅਨੁਕੂਲ ਨਵੀਂ ਤਕਨਾਲੋਜੀ ਅਤੇ ਤਕਨੀਕਾਂ ਤੇ ਖੋਜਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਤਕ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਉਣ ਲਈ ਕਿਸਾਨ ਮੇਲੇ, ਖੇਤ ਦਿਵਸ, ਖੇਤੀਬਾੜੀ ਵਰਕਸ਼ਾਪਾਂ, ਕਿਸਾਨ ਮੋਬਾਈਲ ਸਲਾਹ ਸੇਵਾ, ਯੂਨੀਵਰਸਿਟੀ ਦੂਤ ਆਦਿ ਉਪਰਾਲੇ ਅਹਿਮ ਭੂਮਿਕਾ ਨਿਭਾ ਰਹੇ ਹਨ।
ਯੂਨੀਵਰਸਿਟੀ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਉਨ੍ਹਾਂ ਐਗਰੀਕਲਚਰਲ ਯੂਨੀਵਰਸਿਟੀਆਂ ਚੋਂ ਮੋਹਰੀ ਹੈ ਜਿਨ੍ਹਾਂ ਵਿੱਚ ਵੱਧ ਤੋਂ ਵੱਧ ਦੂਜੇ ਮੁਲਕਾਂ ਦੇ ਵਿਦਿਆਰਥੀ ਵਿਦਿਅਕ ਪ੍ਰੋਗਰਾਮਾਂ ਵਿੱਚ ਦਾਖਲ ਹੋਏ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਈਥੋਪੀਆ, ਤਨਜਾਨੀਆ, ਰਵਾਂਡਾ ਆਦਿ ਤੋਂ ਵਿਦਿਆਰਥੀ ਵਿਦਿਅਕ ਪ੍ਰੋਗਰਾਮਾਂ ਵਿੱਚ ਦਾਖਲਾ ਲੈ ਚੁੱਕੇ ਹਨ। ਵਫਦ ਨੂੰ ਜੀ ਆਇਆਂ ਕਹਿੰਦੇ ਅਪਰ ਨਿਰਦੇਸ਼ਕ ਸੰਚਾਰ ਡਾ: ਸ਼੍ਰੀਮਤੀ ਰਵਿੰਦਰ ਕੌਰ ਧਾਲੀਵਾਲ ਨੇ ਯੂਨੀਵਰਸਿਟੀ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਯੂਨੀਵਰਸਿਟੀ ਨੇ ਇਸ ਖੇਤਰ ਦੀ ਕਿਰਸਾਨੀ ਦੀ ਨੁਹਾਰ ਬਦਲਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਯੂਨੀਵਰਸਿਟੀ ਦੇ ਮੁੱਖ ਟੀਚੇ, ਉਪਲੱਬਧੀਆਂ, ਅੰਤਰਰਾਸ਼ਟਰੀ ਸੰਪਰਕਾਂ, ਖੇਤੀ ਪ੍ਰਕਾਸ਼ਨਾਵਾਂ ਅਤੇ ਹੋਰ ਸਹੂਲਤਾਂ ਬਾਰੇ ਚਾਨਣਾ ਪਾਇਆ।
ਡਾ: ਉਸਮਾਨ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਉਨ੍ਹਾਂ ਦੀ ਫੇਰੀ ਦਾ ਮੁੱਖ ਟੀਚਾ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਪ੍ਰੋਗਰਾਮਾਂ ਬਾਰ ਜਾਣੂੰ ਹੋਣਾ ਸੀ ਤਾਂ ਜੋ ਭਵਿੱਖ ਵਿੱਚ ਦੋਹਾਂ ਮੁਲਕਾਂ ਵਿੱਚ ਸੂਚਨਾ ਦੇ ਵਟਾਂਦਰੇ ਵੱਲ ਤੁਰਿਆ ਜਾ ਸਕੇ। ਇਸ ਮੌਕੇ ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ ਦੇ ਪ੍ਰਮੁਖ ਵਿਗਿਆਨੀ ਡਾ: ਵੀ ਪੀ ਚਾਹਲ ਵੀ ਹਾਜ਼ਰ ਸਨ। ਵਫਦ ਨੂੰ ਯੂਨੀਵਰਸਿਟੀ ਦੇ ਤਜਰਬਾ ਖੇਤਰਾਂ ਦਾ ਦੌਰਾ ਵੀ ਕਰਵਾਇਆ ਗਿਆ ਹੈ।