ਗੁਰਦਾਸਪੁਰ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮਾਲ ਮੰਤਰੀ ਬਿਕਰਮ ਮਜੀਠੀਆ ’ਤੇ ਤਿੱਖਾ ਹਮਲਾ ਕੀਤਾ ਹੈ। ਉਹਨਾਂ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਧੀ ਸੰਬੰਧੀ ਕੀਤੀਆਂ ਗਈਆਂ ਟਿੱਪਣੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਬਾਦਲ ਅਤੇ ਮਜੀਠੀਆ ਨੇ ਰੰਗ ਬਦਲਣ ਵਿੱਚ ਗਿਰਗਟ ਨੂੰ ਵੀ ਪਛਾੜ ਦਿੱਤਾ ਹੈ।
ਫ਼ਤਿਹ ਬਾਜਵਾ ਨੇ ਇੱਕ ਮੀਟਿੰਗ ਉਪਰੰਤ ਕਿਹਾ ਕਿ ਬਾਦਲ ਅਤੇ ਮਜੀਠੀਆ ਕੁੱਝ ਦਿਨ ਪਹਿਲਾਂ ਤਾਂ ਦਾਗੀਆਂ ਸੰਬੰਧੀ ਆਰਡੀਨੈਂਸ ਵਿਰੁੱਧ ਰਾਗ ਅਲਾਪ ਰਹੇ ਸਨ ਪਰ ਜਦ ਸ੍ਰੀ ਰਾਹੁਲ ਗਾਂਧੀ ਨੇ ਲੋਕ ਭਾਵਨਾਵਾਂ ਦੀ ਕਦਰ ਕਰਦਿਆਂ ਆਰਡੀਨੈਂਸ ਖ਼ਿਲਾਫ਼ ਸਪਸ਼ਟ ਰੁਖ ਅਪਣਾ ਲਿਆ ਤਾਂ ਇਹ ਦੋਵੇਂ ਗਿਰਗਟ ਦੀ ਤਰਾਂ ਰੰਗ ਬਦਲ ਕੇ ਰਾਹੁਲ ਦੇ ਪਿੱਛੇ ਪੈ ਗਏ ਹਨ। ਉਹਨਾਂ ਰਾਹੁਲ ਦੇ ਉਕਤ ਕਦਮ ਨੂੰ ਇੱਕ ਸਿੱਖ ਪ੍ਰਧਾਨ ਮੰਤਰੀ ਦਾ ਅਪਮਾਨ ਤੇ ਪੱਗ ਨੂੰ ਹੱਥ ਪਾਉਣ ਦੀ ਗਲ ਕਹਿ ਕੇ ਮਜੀਠੀਆ ਵੱਲੋਂ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਦੀ ਵੀ ਸਖ਼ਤ ਨਿੰਦਾ ਕੀਤੀ ਹੈ।
ਫ਼ਤਿਹ ਬਾਜਵਾ ਨੇ ਕਿਹਾ ਕਿ ਬਾਦਲਾਂ ਨੂੰ ਆਰਡੀਨੈਂਸ ਦੇ ਵਾਪਸ ਹੋਣ ਨਾਲ ਅਕਾਲੀ ਭਾਜਪਾ ਗਠਜੋੜ ਦੇ 5 ਤੋਂ ਵੱਧ ਦਾਗੀਆਂ ’ਤੇ ਗਾਜ ਡਿਗਣ ਦਾ ਡਰ ਸਤਾ ਰਿਹਾ ਹੈ। ਜਿਸ ਕਰਕੇ ਉਹ ਆਰਡੀਨੈਂਸ ਦਾ ਵਿਰੋਧ ਕਰਨ ਵਾਲੇ ਰਾਹੁਲ ਨੂੰ ਕੋਸ ਰਹੇ ਹਨ। ਉਹਨਾਂ ਕਿਹਾ ਕਿ ਰਾਜ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ, ਭੂ ਮਾਫੀਆ ਦੇ ਨਜਾਇਜ਼ ਕਬਜ਼ੇ, ਨਸ਼ਿਆਂ ਦਾ ਕਾਰੋਬਾਰ, ਲੁੱਟ ਖਸੁੱਟ ਅਤੇ ਗੁੰਡਾਗਰਦੀ ਆਦਿ ਨੂੰ ਕਿਸ ਦੀ ਸ਼ਹਿ ਪ੍ਰਾਪਤ ਹੈ ਇਹ ਵੀ ਪੰਜਾਬ ਦੇ ਲੋਕਾਂ ਤੋਂ ਲੁਕਿਆ ਨਹੀਂ ਹੈ। ਤ
ਫ਼ਤਿਹ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੀ ਲੀਡਰਸ਼ਿਪ ਦੀ ਮਕਬੂਲੀਅਤ ਬਾਰੇ ਪਾਰਟੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ । ਉਹਨਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਬਾਦਲ ਅਤੇ ਮਜੀਠੀਆ ਠੇਲ੍ਹੇ ’ਤੇ ਸਵਾਰ ਹੋ ਕੇ ਉਸ ਮੋਦੀ ਦੀ ਮਾਰਕੀਟਿੰਗ ਕਰ ਰਹੇ ਹਨ ਜੋ ਸਿੱਖਾਂ ਦਾ ਦੁਸ਼ਮਣ ਹੈ ਤੇ ਜਿਸ ਨੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਗੁਜਰਾਤ ਤੋਂ ਉਜਾੜਨ ਦਾ ਤਹੱਈਆ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਮਜੀਠੀਆ ਨੇ ਕਦੀ ਵੀ ਮੋਦੀ ਦੇ ਉਕਤ ਸਿੱਖ ਵਿਰੋਧੀ ਕਦਮ ਦੀ ਨਿੰਦਾ ਨਹੀਂ ਕੀਤੀ ਕਿ ਜਦ ਕਿ ਸਿੱਖ ਕਿਸਾਨਾਂ ਨੂੰ ਹੱਕ ਦਿਵਾਉਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮੋਦੀ ਦਾ ਘਿਰਾਓ ਕਰ ਕੇ ਪੂਰੇ ਵਿਸ਼ਵ ਦਾ ਧਿਆਨ ਮੋਦੀ ਦੇ ਉਕਤ ਸਿੱਖ ਵਿਰੋਧੀ ਕਦਮ ਵਲ ਦਿਵਾਇਆ ਹੈ।
ਫ਼ਤਿਹ ਬਾਜਵਾ ਨੇ ਬਾਦਲਾਂ ਨੂੰ ਭਾਜਪਾ ਅਤੇ ਮੋਦੀ ਦੇ ਹੱਕ ਵਿੱਚ ਲੇਲ੍ਹੜੀਆਂ ਕੱਢਣ ਦੀ ਥਾਂ ਪੰਜਾਬ ਦੀ ਜ਼ਮੀਨੀ ਹਕੀਕਤਾਂ ਨੂੰ ਸਮਝਦਿਆਂ ਇਸ ਦੇ ਵਿਕਾਸ ਅਤੇ ਲੋਕਾਂ ਨੂੰ ਦਰਪੇਸ਼ ਮਸਲਿਆਂ ਵਲ ਧਿਆਨ ਦੇਣ ਲਈ ਕਿਹਾ । ਉਹਨਾਂ ਕਿਹਾ ਕਿ ਰਾਜ ਦੇ ਲੋਕ ਠੋਸ ਯੋਜਨਾਬੰਦੀ ਦੀ ਕਮੀ ਕਾਰਨ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ । ਰਾਜ ਦੀ ਵਿੱਤੀ ਵਿਵਸਥਾ ਦਾ ਰੱਬ ਹੀ ਰਾਖਾ ਹੈ। ਅਧਿਆਪਕ ਤੇ ਮੁਲਾਜ਼ਮ ਤਨਖ਼ਾਹਾਂ ਨਾ ਮਿਲਣ ਕਾਰਨ ਸਰਕਾਰ ਵਿਰੁੱਧ ਸੜਕਾਂ ’ਤੇ ਉਤਰ ਆਏ ਹਨ। ਪੇਡੂ ਲਿੰਕ ਸੜਕਾਂ ਪਿਛਲੇ ਦਸ ਸਾਲਾਂ ਤੋਂ ਮੁਰੰਮਤ ਨੂੰ ਉਡੀਕ ਰਹੀਆਂ ਹਨ। ਅਮਨ ਕਾਨੂੰਨ , ਸਿਹਤ ਤੇ ਸਿੱਖਿਆ ਵਿਵਸਥਾਵਾਂ ਡਗਮਗਾ ਚੁੱਕੀਆਂ ਹਨ। ਪੜੇ ਲਿਖੇ ਨੌਜਵਾਨਾਂ ਲਈ ਰੁਜ਼ਗਾਰ ਦੇ ਬੂਹੇ ਬੰਦ ਹੋ ਚੁੱਕੇ ਹਨ। ਉਦਯੋਗਾਂ ਦਾ ਦੂਜੇ ਰਾਜਾਂ ਵਿੱਚ ਪਲਾਇਣ ਰੁਕ ਨਹੀਂ ਰਿਹਾ। ਸਰਕਾਰੀ ਖ਼ਜ਼ਾਨਾ ਭਰਨ ਦੇ ਨਾਮ ’ਤੇ ਲੋਕਾਂ ਉੱਤੇ ਕਈ ਤਰਾਂ ਦੇ ਟੈਕਸਾਂ ਦਾ ਬੋਝ ਪਾ ਕੇ ਉਹਨਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਪੰਜਾਬ ਕਾਂਗਰਸ ਵੱਲੋਂ ਸ: ਪ੍ਰਤਾਪ ਸਿੰਘ ਬਾਜਵਾ ਦੀ ਗਤੀਸ਼ੀਲ ਅਗਵਾਈ ’ਚ ਬਾਦਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਛੇੜੀ ਗਈ ਜਨ ਸੰਪਰਕ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਪਰਮਜੀਤ ਸਿੰਘ ਰੰਧਾਵਾ, ਬਲਵਿੰਦਰ ਸਿੰਘ ਨੈਨੋ ਕੋਟ, ਗੁਰਵਿੰਦਰ ਸਿੰਘ ਬੱਲੀ ਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।