ਫਤਿਹਗੜ੍ਹ ਸਾਹਿਬ – ‘‘ ਬੀਤੇ ਦਿਨੀਂ ਕੁਝ ਅਣਪਛਾਤੇ ਬੰਦਿਆਂ ਵੱਲੋਂ ਜੋ ਮਲੇਰਕੋਟਲਾ ਵਿਖੇ ਵਿਧੂ ਜੈਨ ਨਾਮ ਦੇ ਮਾਸੂਮ ਬੱਚੇ ਨੂੰ ਅਗਵਾ ਕਰਕੇ ਜੋ ਬਹੁਤ ਬੇਰਹਿਮੀ ਨਾਲ ਸਾੜਨ ਦੀ ਕਾਰਵਾਈ ਕੀਤੀ ਗਈ ਹੈ, ਉਹ ਮਨੁੱਖਤਾ ਵਿਰੋਧੀ ਅਤਿ ਦੁਖਦਾਇਕ ਹੈ। ਸੰਬੰਧਤ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿਚ ਸਮੁੱਚੀ ਮਨੁੱਖਤਾ ਉਨਾਂ ਨਾਲ ਜਿਥੇ ਹਮਦਰਦੀ ਪ੍ਰਗਟ ਕਰਦੀ ਹੈ ਉਥੇ ਉਪਰੋਕਤ ਘਟਨਾਂ ਨਾਲ ਸੰਬੰਧਤ ਦੋਵੇਂ ਘੱਟ ਗਿਣਤੀ ਕੌਮਾਂ ਵਿਚ ਨਫਰਤ ਦੀ ਦਿਵਾਰ ਖੜੀ ਕਰਨ ਲਈ ਤੀਸਰੀ ਮੁਤੱਸਵੀ ਧਿਰ ਜੋ ਅਕਸਰ ਹੀ ਪੰਜਾਬ ਦੇ ਪਵਿੱਤਰ ਤੇ ਅਮਨਮਈ ਵਿਹੜੇ ਵਿਚ ਲਾਂਬੂ ਲਾਉਣ ਦੀਆਂ ਸਾਜਿਸ਼ਾਂ ਰਚਦੀ ਰਹਿੰਦੀ ਹੈ, ਉਹ ਹੁਣ ਵੀ ਉਪਰੋਕਤ ਦੋਵੇਂ ਘੱਟ ਗਿਣਤੀ ਕੌਮਾਂ ਦੇ ਇਸ ਸੰਜੀਦਾ ਮਸਲੇ ਵਿਚ ਜਬਰੀ ਦਾਖਲ ਹੋ ਕੇ ਫਿਰਕੂ ਰੰਗਤ ਦੇ ਕੇ ਆਪਣੇ ਸਿਆਸੀ ਸੁਆਰਥਾਂ ਦੀ ਪੂਰਤੀ ਕਰਨਾਂ ਚਾਹੁੰਦੀ ਹੈ। ਜਿਸ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਨਾਂ ਫਿਰਕੂ ਤਾਕਤਾਂ ਨੂੰ ਖਬਰਦਾਰ ਕਰਦਾ ਹੈ ਕਿ ਉਹ ਆਪਣੇ ਇਨਾਂ ਮੰਦਭਾਵਨਾਂ ਭਰੇ ਅਮਲਾਂ ਨੂੰ ਦਫਨਾ ਦੇਣ ਤਾਂ ਬੇਹਤਰ ਹੋਵੇਗਾ। ਵਰਨਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਨਾਂ ਦੇ ਸਮਾਜ ਵਿਰੋਧੀ ਨਫਰਤ ਪੈਦਾ ਕਰਨ ਵਾਲੇ ਮਨਸੂਬਿਆਂ ਕਤਈ ਪੂਰਨ ਨਹੀਂ ਹੋਣ ਦੇਵੇਗਾ। ਇਨਾਂ ਲਈ ਇਹੀ ਬੇਹਤਰ ਹੋਵੇਗਾ ਕਿ ਉਹ ਇਸ ਸੰਜੀਦਾ ਮਸਲੇ ਨੂੰ ਸੰਗਰੂਰ ਦੇ ਮੌਜੂਦਾ ਐਸ.ਐਸ.ਪੀ ਜਿਨਾਂ ਦਾ ਪਿਛਲਾ ਸੇਵਾ ਰਿਕਾਰਡ ਬੇਦਾਗ, ਨਿਰਪੱਖਤਾ ਵਾਲਾ ਅਤੇ ਇਮਾਨਦਾਰੀ ਵਾਲਾ ਰਿਹਾ ਹੈ, ਉਨਾਂ ਉੱਤੇ ਸੱਚ ਨੂੰ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਦੀ ਜਿੰਮੇਵਾਰੀ ਛੱਡ ਦੇਣ, ਉਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਗੇ। ਕਿਸੇ ਵੀ ਧਿਰ ਨੂੰ ਉਨਾਂ ਦੀ ਸੱਚਾਈ, ਇਮਾਨਦਾਰੀ ਉਤੇ ਕਿੰਤੂ ਪ੍ਰੰਤੂ ਕਰਨ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੇਗੀ।‘‘
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਇਥੇ ਬੀਤੇ ਦਿਨੀ ਮਲੇਰਕੋਟਲਾ ਵਿਖੇ ਵਾਪਰੇ ਅਣਮਨੁੱਖੀ ਦੁਖਾਂਤ ਦੀ ਜੋਰਦਾਰ ਨਿਖੇਧੀ ਕਰਦੇ ਹੋਂਏ ਅਤੇ ਮੁਤੱਸਵੀ ਸੰਗਠਨਾਂ ਨੂੰ ਸਮਾਜ ਵਿਰੋਧੀ ਕਾਰਵਾਈਆਂ ਕਰਨ ਤੋਂ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਕਿ ਵਿਧਾਨ ਦੀ ਧਾਰਾ 25 ਜੋ ਮੁਸਲਿਮ ਅਤੇ ਜੈਨੀ ਕੌਮ ਨੂੰ ਘੱਟ ਗਿਣਤੀ ਕਰਾਰ ਦਿੰਦੀ ਹੈ। ਬੇਸ਼ੱਕ ਇਹ ਅਜੇ ਕੁਝ ਨਹੀਂ ਪਤਾ ਕਿ ਇਸ ਮਾਸੂਮੀਅਤ ਦਾ ਕਤਲ ਕਿਸ ਨੇ ਕੀਤਾ ਹੈ। ਲੇਕਿਨ ਮੁੱਤਸਵੀਆਂ ਵੱਲੋਂ ਇਸ ਵਾਪਰੇ ਦੁਖਾਂਤ ਨੂੰ ਮੁਸਲਿਮ ਕੌਮ ਦੇ ਸਿਰ ਮੜ੍ਹ ਕੇ ਪੰਜਾਬ ਦੀ ਅਮਨਮਈ ਫਿਜ਼ਾ ਨੂੰ ਦੰਗੇ ਫਸਾਦਾਂ ਰਾਹੀਂ ਗੰਧਲੀ ਕਰਨ ਦੇ ਅਮਲ ਕੀਤੇ ਜਾ ਰਹੇ ਹਨ ਅਤੇ ਦੋ ਘੱਟ ਗਿਣਤੀ ਕੌਮਾਂ ਨੂੰ ਆਪਸ ਵਿਚ ਲੜਾਉਣ ਦੀ ਸਾਜਿਸ ਰਚੀ ਜਾ ਰਹੀ ਹੈ ਉਸ ਤੋਂ ਉਪਰੋਕਤ ਦੋਵੇਂ ਸੰਬੰਧਤ ਕੌਮਾਂ ਅਤੇ ਸਮਾਜ ਨੂੰ ਸੁਚੇਤ ਰਹਿਣਾ ਪਵੇਗਾ ਅਤੇ ਕਾਤਲਾਂ ਨੂੰ ਸਾਹਮਣੇ ਲਿਆਉਦ ਲਈ ਸੰਗਰੂਰ ਦੇ ਇਮਾਨਦਾਰ ਅਤੇ ਕਾਨੂੰਨ ਅਨੁਸਾਰ ਕੰਮ ਕਰਨ ਵਾਲੇ ਐਸ.ਐਸ.ਪੀ ਨੂੰ ਸਾਥ ਦੇਣਾ ਪਵੇਗਾ। ਤਾਂ ਕਿ ਜਿਥੇ ਦੋਸ਼ੀਆਂ ਨੂੰ ਬਣਦੀ ਸਜ਼ਾ ਮਿਲ ਸਕੇ, ਉਥੇ ਨਫਰਤ ਫੈਲਾਉਣ ਵਾਲਿਆਂ ਨੂੰ ਸਖਤੀ ਨਾਲ ਨੱਥ ਪਾਈ ਜਾ ਸਕੇ। ਪਾਰਟੀ ਵੱਲੋਂ ਇਸ ਦੁਖਾਂਤ ਦੇ ਸਮੁੱਚੇ ਤੱਥਾਂ ਨੂੰ ਪ੍ਰਾਪਤ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ, ਜਿਸ ਵਿਚ ਦੋ ਮੈਂਬਰ ਮੁਸਲਿਮ ਕੌਮ ਵੱਲੋਂ, ਦੋ ਜੈਨੀ ਕੌਮ ਵਿਚੋਂ ਅਤੇ ਇਕ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹੋਵੇਗਾ ਜਿਸ ਦਾ ਐਲਾਨ ਆਉਣ ਵਾਲੇ ਕੱਲ ਕੀਤਾ ਜਾਵੇਗਾ। ਸ.ਮਾਨ ਨੇ ਸਮੁੱਚੀਆਂ ਕੌਮਾਂ, ਧਰਮਾਂ, ਸਮਾਜਿਕ ਜਥੇਬੰਦੀਆਂ ਆਦਿ ਸਭ ਨੂੰ ਅਮਨ ਚੈਨ ਬਣਾਈ ਰੱਖਣ ਅਤੇ ਸੰਬੰਧਤ ਪੁਲਿਸ ਨੂੰ ਹਰ ਤਰਾਂ ਸਹਿਯੋਗ ਕਰਨ ਦੀ ਅਪੀਲ ਕੀਤੀ।
ਮਲੇਰਕੋਟਲਾ ਵਿਖੇ ਵਿਧੂ ਜੈਨ ਨੂੰ ਸਾੜ ਦੇਣ ਦਾ ਅਮਲ ਮਨੁੱਖਤਾ ਵਿਰੋਧੀ ਤੇ ਦੁਖਦਾਇਕ
This entry was posted in ਪੰਜਾਬ.