ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ ): ਦਿੱਲੀ ਦੀ ਸੁਪਰੀਮ ਕੋਰਟ ਅਤੇ ਰੋਹਿਣੀ ਕੋਰਟ ਵਿਚ ਚਲ ਰਹੇ ਨਵੰਬਰ 1984 ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਬੀਤੇ ਦਿਨ ਕੋਰਟ ਵਲੋਂ ਸੱਜਨ ਕੁਮਾਰ ਨੂੰ ਕਿਸੇ ਕਿਸਮ ਦੀ ਰਾਹਤ ਨਹੀ ਮਿਲ ਸਕੀ । ਸੀ ਬੀ ਆਈ ਦੇ ਵਕੀਲ ਨੇ ਕੇਸ ਬਾਰੇ ਦਸਿਆ ਕਿ ਸੁਲਤਾਨ ਪੁਰੀ ਵਿਖੇ 381 ਸਿਖ ਮਾਰੇ ਗਏ ਸਨ ਇਸ ਉਪਰੰਤ ਹੋਰ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀ ਹੋਈ ਸੀ । ਕਤਲੇਆਮ ਦੇ ਪੀੜਿਤਾਂ ਵਲੋਂ ਵਕੀਲ ਸ. ਫੁਲਕਾ ਨੇ ਕੋਰਟ ਨੂੰ ਦਸਿਆ ਕਿ ਸੁਲਤਾਨ ਪੁਰੀ ਵਿਖੇ ਮਾਰੇ ਗਏ ਸੁਰਜੀਤ ਸਿੰਘ ਅਤੇ ਕਈ ਗੁਰਦੁਆਰਾ ਸਾਹਿਬਾਨ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਧਾਰਾ 295 ਅਧੀਨ ਵਿਚ ਪੁਲਿਸ ਵਲੋਂ ਕਿਸੇ ਕਿਸਮ ਦੀ ਕੋਈ ਵੀ ਕਾਰਵਾਈ ਨਹੀ ਕੀਤੀ ਗਈ । ਸੁਪਰੀਮ ਕੋਰਟ ਵਿਖੇ ਮਾਮਲੇ ਦੀ ਅਗਲੀ ਸੁਣਵਾਈ 4 ਅਕਤੂਬਰ ਨੂੰ ਅਤੇ ਰੋਹਿਣੀ ਕੋਰਟ ਵਿਖੇ 21 ਅਕਤੂਬਰ ਨੂੰ ਹੋਵੇਗੀ ।
ਇਸੇ ਤਰ੍ਹਾਂ ਦਿੱਲੀ ਦੰਗੇ ਦੇ ਦੋ ਵੱਖ ਵੱਖ ਮਾਮਲੇਆਂ ਅੰਦਰ ਜਗਦੀਸ਼ ਟਾਈਟਲਰ ਦੇ ਵਕੀਲ ਵਲੋਂ ਪਟਿਆਲਾ ਹਾਉਸ ਕੋਰਟ ਅੰਦਰ ਪੇਸ਼ ਨਾ ਹੋਣ ਕਰਕੇ ਮਾਮਲੇ ਦੀ ਅਗਲੀ ਸੁਣਵਾਈ 7 ਅਕਤੂਬਰ ਨੂੰ ਹੋਵੇਗੀ ।
ਕੇਸ ਉਪਰੰਤ ਸਜੱਨ ਕੁਮਾਰ ਕੇਸ ਦੀ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਬੀਜੇਪੀ ਵਲੋਂ ਇਸ ਕੇਸ ਵਿਚ ਦੋਸ਼ੀਆਂ ਵਲੋਂ ਨਰਿੰਦਰ ਮੋਦੀ ਦਾ ਵਕੀਲ ਮੁਕੁਲ ਰਸਤੋਗੀ ਨੂੰ ਕਰਨ ਨਾਲ ਮਾਮਲਾ ਬਹੁਤ ਹੀ ਗੰਭੀਰ ਹੋ ਗਿਆ ਹੈ । ਮੈਂ ਅਕਾਲੀ ਦਲ ਨੂੰ ਪੁਛਣਾਂ ਚਾਹੁੰਦੀ ਹਾਂ ਕਿ ਅਕਾਲੀ ਦਲ ਨੂੰ ਸਿੱਖ ਕੌਮ ਅੰਦਰ ਸ਼ਹੀਦਾ ਦੀ ਜੱਥੇਬੰਦੀ ਦਾ ਦਰਜ਼ਾ ਮਿਲਿਆ ਹੋਇਆ ਹੈ, ਉਹ ਸਿੱਖ ਕੌਮ ਨਾਲ ਖੜੀ ਹੈ । ਜੇਕਰ ਉਹ ਕੌਮ ਨਾਲ ਹੈ ਤੇ ਅਕਾਲੀ ਦਲ ਦੀ ਭਾਈਵਾਲ ਪਾਰਟੀ ਬੀਜੇਪੀ ਵਲੋਂ ਉਨ੍ਹਾਂ ਦੇ ਸਰਗਰਮ ਵਕੀਲ ਮੁਕੁਲ ਰਸਤੋਗੀ ਨੂੰ ਸਿੱਖ ਕੌਮ ਨੂੰ ਇੰਸਾਫ ਮਿਲਣ ਦੇ ਖਿਲਾਫ ਖੜਾ ਕਰਕੇ ਇਹ ਸਾਨੂੰ ਕਿ ਸੁਨੇਹਾ ਦੇਣਾਂ ਚਾਹੁੰਦੇ ਹਨ..?
ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਮੋਦੀ ਵਲੋਂ ਕੀਤਾ ਗੋਧਰਾ ਕਾਂਡ ਉਪਰੰਤ ਸਿੱਖ ਕਿਸਾਨਾਂ ਨੂੰ ਉਜਾੜਨ ਦੀਆਂ ਚਾਲਾਂ ਤੇ ਦਿੱਲੀ ਵਿਖੇ ਆ ਕੇ ਸਿੱਖ ਪ੍ਰਧਾਨਮੰਤਰੀ ਦੀ ਪਗੜੀ ਉਛਾਲਨ ਵਰਗੇ ਬਿਆਨ ਦੇਣਾ ਤੇ ਹੁਣ ਉਸ ਦੀ ਪਾਰਟੀ ਵਲੋਂ ਦਿੱਲੀ ਦੰਗੇ ਦੇ ਮੁੱਖ ਦੋਸ਼ੀਆਂ ਨੂੰ ਬਚਾਉਣ ਲਈ ਅਪਣਾ ਵਕੀਲ ਦੇਣਾ, ਇਹ ਸਭ ਸਿੱਖਾਂ ਲਈ ਬਹੁਤ ਹੀ ਮੰਦਭਾਗਾ ਹੈ ।
ਉਨ੍ਹਾਂ ਕਿਹਾ ਕਿ ਆਰ ਐਸ ਐਸ ਇਕ ਕੱਟੜ ਹਿੰਦੂ ਜੱਥੇਬੰਦੀ ਹੈ ਉਹ ਸਿੱਧਾ ਰਾਜਨੀਤੀ ਵਿਚ ਦਖਲ ਨਾ ਦੇ ਕੇ ਰਾਜਨਿਤਿਕਾਂ ਉਪਰ ਅਪਣਾ ਪੁਰਾ ਦਬਾਵ ਰਖਦੀ ਹੈ ਤੇ ਉਨ੍ਹਾਂ ਕੋਲੋ ਹਿੰਦੂ ਧਰਮ ਦੇ ਹਿਤਾਂ ਲਈ ਹਰ ਕੰਮ ਕਰਵਾਦੀਂ ਹੈ । ਸਾਡੇ ਸਿੱਖ ਲੀਡਰ ਇਸ ਤੋ ਸਿਖਿਆ ਲੈਦੇਂ ਹੋਏ ਸਿੱਖਾ ਨਾਲ ਹੋ ਰਹੀ ਹਰ ਪਖੋ ਨਾਇੰਸਾਫੀ ਲਈ ਕੋਈ ਜਮੀਨੀ ਪਧਰ ਦੀ ਵਿਉਤਬੰਦੀ ਕਿਉ ਨਹੀ ਕਰਦੇ ।
ਅੰਤ ਵਿਚ ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਦੀ ਬਦਕਿਸਮਤੀ ਹੀ ਹੈ ਕਿ ਅਜ 29 ਸਾਲ ਹੋ ਗਏ ਹਨ ਸਿੱਖਾਂ ਨੂੰ ਇੰਸਾਫ ਦੀ ਪ੍ਰਾਪਤੀ ਲਈ ਭਟਕਦੇ ਹੋਏ ਕਿਉਕਿ ਸਾਨੂੰ ਇੰਸਾਫ ਦਿਵਾਉਣ ਲਈ ਕੋਈ ਵੀ ਸੁਹਿਰਦ ਜੱਥੇਬੰਦੀ ਨਹੀ ਹੈ । ਸਾਡੇ ਨਾਲੋਂ ਤੇ ਗੋਧਰਾ ਕਾਂਡ ਦੇ ਇੰਸਾਫ ਪ੍ਰਾਪਤੀ ਲਈ ਕੇਸ ਲੜਨ ਵਾਲੇ ਵੀਰ ਹੀ ਚੰਗੇ ਸਨ ਜਿਨ੍ਹਾਂ ਨੇ 10 ਸਾਲਾਂ ਦੇ ਅੰਦਰ ਹੀ ਸੁਚਜੇ ਤਰੀਕੇ ਅਤੇ ਮਿਲਵਰਤਨ ਨਾਲ ਹੀ ਇੰਸਾਫ ਦੀ ਪ੍ਰਾਪਤੀ ਲਈ ਅਪਣਾ ਰਾਹ ਪਧਰਾ ਕਰ ਲਿਆ ਹੈ ।