ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਸ਼ਬਦੀ ਹਮਲਾ ਤੇਜ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੀਮਾਂ ਅਤੇ ਨੀਤੀਆਂ ਦੇ ਪ੍ਰਚਾਰ ਲਈ ਕਿਸੇ ਫਿਲਮੀ ਸਟਾਰ ਨੂੰ ਬ੍ਰਾਂਡ ਅੰਬੈਸਡਰ ਬਣਾਉਣ ਦੀ ਪ੍ਰਵਾਨਗੀ ਦੇਣ ਤੋਂ ਸਪਸ਼ਟ ਹੈ ਕਿ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ ਅਤੇ ਉਸ ਦੀ ਆਪਣੀ ਕੋਈ ਫੇਸ ਵੈਲਯੂ ( ਦੂਜਿਆਂ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ) ਨਹੀਂ ਰਹੀ ।
ਫ਼ਤਿਹ ਬਾਜਵਾ ਨੇ ਯੂਥ ਕਾਂਗਰਸ ਵੱਲੋਂ ਕੱਢੀ ਜਾ ਰਹੀ ਅਧਿਕਾਰ ਯਾਤਰਾ ਦਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਉਮਰਪੁਰੇ ਵਿਖੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ । ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਗੰਭੀਰ ਹੁੰਦਿਆਂ ਕਿਹਾ ਕਿ ਜਿੱਥੇ ਸੂਬੇ ਦੇ ਨੌਜਵਾਨਾਂ ਲਈ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਸ਼ਹੀਦ ਸਰਾਭੇ ਆਦਿ ਰੋਲ ਆਫ਼ ਮਾਡਲ ਹਨ ਅੱਜ ਉਸੇ ਪੰਜਾਬ ਦੀ ਸਰਕਾਰ ਵੱਲੋਂ ਸਨਅਤਕਾਰਾਂ ਅਤੇ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਫਿਲਮੀ ਸਟਾਰਾਂ ਦਾ ਆਸਰਾ ਭਾਲਦੇ ਫਿਰਨਾ ਹਾਸੋ ਹੀਣੀ ਹੈ ਅਤੇ ਪਹਿਲੀ ਵਾਰ ਦੇਖਣ ਆਈ ਹੈ। ਉਹਨਾਂ ਕਿਹਾ ਸਰਕਾਰ ਵੱਲੋਂ ਆਪਣੀ ਸ਼ੁਹਰਤ ਲਈ ਕਿਸੇ ਫਿਲਮੀ ਸਟਾਰ ਨੂੰ ਬ੍ਰਾਂਡ ਅੰਬੈਸਡਰ ਬਣਾਉਣ ’ਚ ਕਰੋੜਾਂ ਰੁਪੈ ਖਰਚ ਕਰ ਕੇ ਅਤੇ ਦਰਜਨਾਂ ਫਾਲਤੂ ਸਲਾਹਕਾਰਾਂ ਦੀ ਫੌਜ ਨੂੰ ਸਹੂਲਤਾਂ ਦੇ ਕੇ ਸਰਕਾਰ ਲੋਕਾਂ ’ਤੇ ਹੋਰ ਮਾਲੀ ਬੋਝ ਪਾਹੁਣ ਜਾ ਰਹੀ ਹੈ। ਲੋਕ ਪਹਿਲਾਂ ਹੀ ਸਰਕਾਰੀ ਟੈਕਸਾਂ ਦੇ ਅਸਹਿ ਬੋਝ ਨਾਲ ਤ੍ਰਾਹ ਤ੍ਰਾਹ ਕਰ ਰਹੇ ਹਨ।
ਫ਼ਤਿਹ ਬਾਜਵਾ ਨੇ ਅਮਨ ਕਾਨੂੰਨ ਦੀ ਮਾੜੀ ਸਥਿਤੀ ਬਾਰੇ ਗਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਕਾਨੂੰਨ ਦਾ ਨਹੀਂ ਸਗੋਂ ‘ਗੁੰਡਾ ਰਾਜ’ ਚਲ ਰਿਹਾ ਹੈ। ਉਹਨਾਂ ਕਿਹਾ ਕਿ ਪੰਚਾਇਤੀ ਰਾਜ ਚੋਣਾਂ ਸਮੇਂ ਪਿੰਡ ਆਦਮਪੁਰ ਵਿਖੇ ਕਾਂਗਰਸ ਦੀ ਚੋਣ ਰੈਲੀ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਪੀਪੀਪੀ ਆਗੂ ਲਖਬੀਰ ਸਿੰਘ ਦਾ ਬੇ ਰਹਿਮੀ ਨਾਲ ਕਤਲ ਕਰ ਦੇਣ ਵਾਲੇ ਇੱਕ ਗੈਂਗ ਦਾ ਤਲਵੰਡੀ ਸਾਬੋ ਦੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਬਿੱਟੂ ਸਰਪੰਚ ਦੇ ਘਰੋ ਫੜੇ ਜਾਣਾ ਇਸ ਗਲ ਦੀ ਪੁਸ਼ਟੀ ਕਰਦਾ ਹੈ ਕਿ ਅਕਾਲੀ ਦਲ ਇਹਨਾਂ ਸਮਾਜ ਵਿਰੋਧੀ ਤੱਤਾਂ ਨੂੰ ਨਾਂ ਕੇਵਲ ਸ਼ਹਿ ਦੇ ਰਿਹਾ ਹੈ ਬਲਕੇ ਇਹਨਾਂ ਨੂੰ ਅਕਾਲੀ ਪਾਰਟੀ ਵਿੱਚ ਉੱਚ ਅਹੁਦਿਆਂ ’ਤੇ ਬਿਠਾ ਕੇ ਗੁੰਡਾ ਰਾਜ ਫੈਲਾਉਂਦਿਆਂ ਲੋਕਤੰਤਰ ਦਾ ਤੌਹੀਨ ਕਰ ਰਹੇ ਹਨ।
ਉਹਨਾਂ ਅੰਮ੍ਰਿਤਸਰ ਦਾ ਥਾਣੇਦਾਰ ਕਤਲ ਕਾਂਡ, ਲੁਧਿਆਣੇ ਦਾ ਏ ਆਈ ਜੀ ਕੁੱਟਮਾਰ ਕਾਂਡ ਅਤੇ ਫਰੀਦਕੋਟ ’ਚ ਲੜਕੀ ਅਗਵਾ ਕਾਂਡ ਆਦਿ ਦਾ ਵੀ ਹਵਾਲਾ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬਿਕਰਮ ਮਜੀਠੀਆ ਦੀ ਅਗਵਾਈ ਵਿੱਚ ਅਜਿਹੇ ਗਲਤ ਅਨਸਰਾਂ ਨੂੰ ਯੂਥ ਅਕਾਲੀ ਦਲ ਵਿੱਚ ਭਰਤੀ ਕਰ ਕੇ ਇਹਨਾਂ ਤੋਂ ਭੂ ਮਾਫੀਆ, ਰੇਤ ਮਾਫੀਆ, ਜ਼ਮੀਨਾਂ ’ਤੇ ਨਜਾਇਜ਼ ਕਬਜ਼ੇ, ਲੁੱਟਾਂ ਖੋਹਾਂ, ਬੂਥ ਲੁੱਟਣ ਆਦਿ ਸਮਾਜ ਅਤੇ ਕਾਨੂੰਨ ਵਿਰੋਧੀ ਕਾਰਿਆਂ ਨੂੰ ਅੰਜਾਮ ਦੇ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਸਭ ਕੁੱਝ ਜਾਣ ਦੇ ਹੋਏ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਸਤੀਫ਼ਾ ਦੇਣ ਦੀ ਥਾਂ ਪੁੱਤਰ ਮੋਹ ਵਸ ਅੱਖਾਂ ਮੁੰਦ ਕੇ ਧ੍ਰਿਤਰਾਸ਼ਟਰ ਬਣਿਆ ਹੋਇਆ ਹੈ।
ਫ਼ਤਿਹ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਦੇ ਮੁਕਾਬਲੇ ਕਾਂਗਰਸ ਉਹ ਪਾਰਟੀ ਹੈ ਜਿਸ ਨੇ ਰਾਜਨੀਤੀ ਵਿੱਚ ਗੰਡਿਆਂ ਦਾ ਦਾਖਲਾ ਬੰਦ ਕਰਨ ਲਈ ਦ੍ਰਿੜ੍ਹ ਨਿਸ਼ਚਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਦਾਗੀ ਆਗੂਆਂ ਸੰਬੰਧੀ ਆਰਡੀਨੈਂਸ ਵਾਪਸ ਲੈਣ ਲਈ ਦਬਾਅ ਪਾ ਕੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਦੀ ਰਣਨੀਤੀ ਸਪਸ਼ਟ ਕਰਦਿਆਂ ਇਹ ਪੈਗਾਮ ਦੇ ਦਿੱਤਾ ਹੈ ਕਿ ਕਾਂਗਰਸ ਵਿੱਚ ਹੀ ਨਹੀਂ ਸਗੋਂ ਦੇਸ਼ ਦੀ ਰਾਜਨੀਤੀ ਵਿੱਚ ਗਲਤ ਅਨਸਰਾਂ ਲਈ ਕੋਈ ਥਾਂ ਨਹੀਂ ਰਹੇਗੀ।
ਫ਼ਤਿਹ ਬਾਜਵਾ ਨੇ ਰਾਜ ਦੀ ਮਾੜੀ ਵਿੱਤੀ ਹਾਲਾਤ ਬਾਰੇ ਕਿਹਾ ਕਿ ਸਰਕਾਰ ਦੀਆਂ ਗਲਤ ਅਤੇ ਲੋਕ ਮਾਰੂ ਨੀਤੀਆਂ ਕਾਰਨ ਖਜਾਨਾ ਪਹਿਲਾਂ ਹੀ ਖਾਲੀ ਹੈ ਤੇ ਰੋਜਮਰਾ ਦਾ ਖਰਚਾ ਚਲਾਉਣ ਲਈ ਸਰਕਾਰੀ ਜਾਇਦਾਦਾਂ ਵੇਚੀਆਂ ਜਾਣ ਦੇ ਬਾਵਜੂਦ ਅਧਿਆਪਕਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਤਨਖ਼ਾਹਾਂ ਅਤੇ ਪੈਨਸ਼ਨਰਾਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ ਹਨ ਤੇ ਉਹ ਸੜਕਾਂ ’ਤੇ ਨਿਕਲ ਤੁਰੇ ਹਨ। ਉਹਨਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਮਾਜ ਅਤੇ ਸਰਕਾਰ ਲਈ ਇਸ ਤੋਂ ਵਧ ਸ਼ਰਮ ਵਾਲੀ ਕਿਹੜੀ ਗਲ ਹੋ ਸਕਦੀ ਹੈ ਕਿ ਬੀਤੇ ਦਿਨੀਂ ਇੱਕ ਬਜ਼ੁਰਗ ਜੋੜਾ ਸਰਕਾਰੀ ਪੈਨਸ਼ਨ ਨਾ ਮਿਲਣ ਕਾਰਨ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਲਈ ਮਜਬੂਰ ਹੋਇਆ।