ਬਟਾਲਾ/ ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਰਾਜ ਦੀ ਅਕਾਲੀ ਭਾਜਪਾ ਸਰਕਾਰ ਨੌਜਵਾਨਾਂ ਨੂੰ ਉੱਸਾਰੂ ਸੇਧ ਦੇਣ ’ਚ ਨਾਕਾਮ ਰਹੀ ਹੈ ਜਿਸ ਕਾਰਨ ਨੌਜਵਾਨ ਨਸ਼ਿਆਂ ਦਾ ਆਦੀ ਹੋ ਰਹੇ ਹਨ।
ਪਿੰਡ ਨੈਨੋ ਕੋਟ ਵਿਖੇ ਲੌਗੀਆਂ ਗੋਤ ਦੇ ਜਠੇਰਿਆਂ ਦੀ ਯਾਦ ਵਿੱਚ ਕਰਾਏ ਗਏ ਮੇਲੇ ਵਿੱਚ ਸ਼ਿਰਕਤ ਕਰਦਿਆਂ ਫ਼ਤਿਹ ਬਾਜਵਾ ਨੇ ਕਬੱਡੀ ਦੇ ਮੈਚ ਦਾ ਅਨੰਦ ਮਾਣਿਆ। ਉਹਨਾਂ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਮੇਲਾ ਕਮੇਟੀ ਦੇ ਪ੍ਰਧਾਨ ਸ: ਬਲਵਿੰਦਰ ਸਿੰਘ ਭਿੰਦਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸਾਡੇ ਕੋਲ ਲਿਆਕਤ ਵਾਲੇ ਖਿਡਾਰੀਆਂ ਦੀ ਕੋਈ ਕਮੀ ਨਹੀਂ ਪਰ ਬਾਦਲ ਸਰਕਾਰ ਦੀ ਬੇਰੁਖੀ ਅਤੇ ਫੋਕੇ ਐਲਾਨਾਂ ਤੋਂ ਸਿਵਾ ਖੇਡਾਂ ਪ੍ਰਤੀ ਕੋਈ ਤਰਜੀਹੀ ਨਾ ਹੋਣ ਕਾਰਨ ਅੱਜ ਪੰਜਾਬ ਖੇਡਾਂ ਦੇ ਖੇਤਰ ਵਿੱਚ ਅਰਸ਼ ਤੋਂ ਫਰਸ਼ ’ਤੇ ਅਣ ਡਿੱਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਵਿੱਚ ਹਰਿਆਣਾ ਤੋਂ ਬਹੁਤ ਪਿੱਛੇ ਪੈ ਜਾਣਾ ਚਿੰਤਾ ਦਾ ਵਿਸ਼ਾ ਹੈ। ਅਫ਼ਸੋਸ ਦੀ ਗਲ ਹੈ ਕਿ ਬਾਦਲ ਸਰਕਾਰ ਵੱਲੋਂ ਅੰਤਰਰਾਸ਼ਟਰੀ ਸਹੂਲਤਾਂ ਦੇਣ ਦੀ ਤਾਂ ਗਲ ਹੀ ਛੱਡੋ ਖੇਡਾਂ ਦਾ ਬੁਨਿਆਦੀ ਢਾਂਚਾ ਵੀ ਸਹੀ ਅਰਥਾਂ ਵਿੱਚ ਸਥਾਪਿਤ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਨਰੋਏ ਸਮਾਜ ਖ਼ਾਤਰ ਹਰੇਕ ਸਰਕਾਰਾਂ ਲਈ ਖੇਡਾਂ ਤਰਜੀਹੀ ਏਜੰਡੇ ’ਚ ਸ਼ਾਮਿਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਾਦਲਾਂ ਨੇ ਖੇਡਾਂ ਨੂੰ ਪਹਿਲ ਅਤੇ ਨਸ਼ਿਆਂ ਖ਼ਿਲਾਫ਼ ਜੰਗ ਆਦਿ ਚੋਣ ਵਾਅਦਿਆਂ ਨੂੰ ਪੁੱਠਿਆਂ ਕਰ ਕੇ ਅਮਲ ਵਿੱਚ ਲੈ ਆਂਦਾ ਹੈ। ਅਜ ਥਾਂ ਥਾਂ ਨਸ਼ਿਆਂ ਦੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕੇ ਖੁਲ ਰਹੇ ਹਨ। ਐਲਾਨ ਮੁਤਾਬਕ ਖਿਡਾਰੀਆਂ ਨੂੰ ਕੋਈ ਵਜ਼ੀਫਾ ਨਹੀਂ, ਨਾ ਹੀ ਨੌਕਰੀਆਂ ਦਿੱਤਿਆਂ ਜਾ ਰਹੀਆਂ ਹਨ। ਉਹਨਾਂ ਬਾਦਲਾਂ ਨੂੰ ਸਵਾਲ ਕੀਤਾ ਕਿ ਪ੍ਰਤਿਭਾਸ਼ਾਲੀ ਯੁਵਕਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਲਈ ‘ ਕੈਚ ਦੈਮ ਯੰਗ’ ਸਕੀਮ ਸ਼ੁਰੂ ਕਰਨ ਦਾ ਕੀ ਬਣਿਆ? ਉਹਨਾਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ 1000 ਰੁਪੈ ਫੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਅਤੇ ਗਰੀਬ ਵਿਦਿਆਰਥੀਆਂ ਨੂੰ ਫਰੀ ਐਜੂਕੇਸ਼ਨ ਦੇਣ ਤੋਂ ਭਜ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ ਤੇ ਮੁਲਾਜ਼ਮਾਂ ਨੂੰ ਦੇਣ ਲਈ ਵੀ ਤਨਖ਼ਾਹਾਂ ਨਹੀਂ ਹਨ । ਫਜ਼ੂਲ ਖ਼ਰਚਿਆਂ ਲਈ ਸਰਕਾਰ ਲੋਕਾਂ ’ਤੇ ਟੈਕਸਾਂ ਦਾ ਭਾਰੀ ਬੋਝ ਪਾ ਕੇ ਲੁਟ ਕਰ ਰਹੀ ਹੈ।
ਇਸ ਦੌਰਾਨ ਪਿੰਡ ਨੈਨੋ ਕੋਟ ਦੀ ਕਬੱਡੀ ਟੀਮ ਕੋਟ ਟੋਡਰ ਮਲ ਦੀ ਟੀਮ ਤੋਂ ਜੇਤੂ ਰਹੀ । 60 ਸਾਲ ਤੋਂ ਵੱਧ ਗੱਭਰੂਆਂ ਦਾ ਕਬੱਡੀ ਮੈਚ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਸ: ਫ਼ਤਿਹ ਬਾਜਵਾ ਦਾ ਪਿੰਡ ਵਾਸੀਆਂ ਵੱਲੋਂ ਸਲਮਾਨ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਭਿੰਦਾ ਪ੍ਰਧਾਨ, ਭੁਪਿੰਦਰ ਪਾਲ ਸਿੰਘ ਵਿੱਟੀ, ਜਸਬੀਰ ਸਿੰਘ ਢੀਂਡਸਾ ਤੇ ਪ੍ਰੋ ਸਰਚਾਂਦ ਸਿੰਘ ਤੋਂ ਇਲਾਵਾ ਬਹੁਤ ਸਾਰੇ ਆਗੂ ਹਾਜ਼ਰ ਸਨ।