ਫਤਿਹਗੜ ਸਾਹਿਬ – ‘‘ ਯੂ.ਪੀ.ਏ ਹਕੂਮਤ ਵੱਲੋਂ ਆਂਧਰਾ ਪ੍ਰਦੇਸ਼ ਵਿਚੋਂ ਕੁਝ ਹਿੱਸੇ ਨੂੰ ਵੱਖ ਕਰਕੇ ਤਿਲੰਗਨਾਂ ਨਵਾਂ ਸੂਬਾ ਬਣਾਉਣ ਦੇ ਅਮਲਾਂ ਨਾਲ ਸਿੱਖ ਕੌਮ ਦਾ ਕੋਈ ਰਤੀ ਭਰ ਵੀ ਸੰਬੰਧ ਨਹੀਂ। ਸਿੱਖ ਕੌਮ ਤਿਲੰਗਨਾਂ ਸੂਬੇ ਬਣਨ ਦੇ ਨਾਂ ਤਾਂ ਕਿਸੇ ਤਰਾਂ ਦੇ ਹੱਕ ਵਿਚ ਹੈ ਅਤੇ ਨਾਂ ਹੀ ਵਿਰੋਧ ਵਿਚ ਹੈ। ਇਹ ਮੁੱਦਾ ਤਾਂ ਸੈਂਟਰ ਦੀ ਯੂ.ਪੀ.ਏ ਹਕੂਮਤ ਅਤੇ ਬੀ.ਜੇ.ਪੀ ਦੇ ਵੋਟ ਆਿਸਤ ਨਾਲ ਸੰਬੰਧ ਰੱਖਦੇ ਹਨ। ਲੇਕਿਨ ਤਿਲੰਗਨਾਂ ਸੂਬੇ ਦਾ ਵਿਰੋਧ ਕਰਨ ਵਾਲਿਆਂ ਜੋ ਬੀ.ਜੇ.ਪੀ ਜਾਂ ਆਰ.ਐਸ.ਐਸ ਨਾਲ ਸੰਬੰਧ ਰੱਖਦੇ ਹਨ, ਉਨਾਂ ਵੱਲੋਂ ਤਿਲੰਗਨਾਂ ਸੂਬਾ ਬਣਨ ਤੇ ਵਿਰੋਧ ਵਿਖਾਵੇ ਕਰਦੇ ਸਮੇਂ ਵਿਜੈ ਨਗਰ ਦੇ ਕੇ ਐਲ ਪੁਰਮ ਸਥਿਤ ਗੁਰੂਦੁਆਰਾ ਸ੍ਰੀ ਨਾਨਕ ਦਰਬਾਰ ਸਾਹਿਬ ਉੱਤੇ ਜੋ ਹਮਲਾ ਕਰਕੇ ਇਮਾਰਤ ਦੀ ਭੰਨਤੋੜ ਕੀਤੀ ਗਈ ਹੈ ਅਤੇ ਫਰਨੀਚਰ ਆਦਿ ਸਮਾਨ ਸਾੜ ਦਿੱਤਾ ਹੈ, ਇਹ ਅਮਲ ਗੈਰ ਧਾਰਮਿਕ ਅਤੇ ਗੈਰ ਸਮਾਜਿਕ ਅਤਿ ਨਿੰਦਣਯੋਗ ਹਨ। ਕਿਊਂਕਿ ਕਿਸੇ ਮਿਸ਼ਨ ਲਈ ਸੰਘਰਸ਼ ਕਰਦੇ ਸਮੇਂ ਗੁਰੂਦੁਆਰਿਆਂ, ਗਿਰਜਿਆਂ, ਮਸਜਿਦਾਂ ਜਾਂ ਮੰਦਿਰਾਂ ਉਤੇ ਹਮਲਾ ਕਰਨ ਦੀ ਇਜਾਜ਼ਤ ਨਾਂ ਤਾਂ ਹਿੰਦ ਦਾ ਕਾਨੂੰਨ ਦਿੰਦਾ ਹੈ ਅਤੇ ਨਾਂ ਹੀ ਕੌਮਾਂਤਰੀ ਕਾਨੂੰਨ ਅਜਿਹਾ ਕਰਨ ਦੀ ਇਜਾਜ਼ਤ ਦਿੰਦੇ ਹਨ। ਇਸ ਲਈ ਇਸ ਹੋਏ ਦੁਖਦਾਇਕ ਅਮਲ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਹ ਥੋੜੀ ਹੈ।‘‘
ਇਹ ਵਿਚਾਰ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਦੀ ਅਕਾਲੀ ਦਲ ਅੰਮ੍ਰਿਤਸਰ ਨੇ ਮੁਤੱਸਵੀ ਜਮਾਤਾਂ ਵੱਲੋਂ ਗੁਰੂਘਰ ਉੱਤੇ ਹਮਲਾ ਕਰਨ ਦੀ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਵਿਜੈ ਨਗਰ ਦੇ ਜਿਸ ਇਲਾਕੇ ਵਿਚ ਇਹ ਹਮਲਾ ਹੋਇਆ ਹੈ, ਉੱਥੇ ਇਕ ਲੱਖ ਦੇ ਕਰੀਬ ਸਿੱਖ ਵੱਸੋਂ ਵਸਦੀ ਹੈ ਅਤੇ ਜਿਸ ਗੁਰੂਘਰ ਤੇ ਹਮਲਾ ਹੋਇਆ ਹੈ, ਉਹ ਸਭ ਤੋਂ ਵੱਡਾ ਗੁਰੂਦੁਆਰਾ ਹੈ। ਜਿਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਮੁਤੱਸਵੀਆਂ ਵੱਲੋਂ ਇਹ ਹਮਲਾ ਜਾਣਬੁੱਝ ਕੇ ਇਕ ਸਾਜਿਸ਼ ਤਹਿਤ ਕੀਤਾ ਗਿਆ ਹੈ। ਇਸ ਲਈ ਹਿੰਦ ਦੇ ਗ੍ਰਹਿ ਵਜੀਰ ਸ੍ਰੀ ਸੁਸ਼ੀਲ ਸ਼ਿੰਦੇ ਅਤੇ ਆਂਧਰਾ ਪ੍ਰਦੇਸ਼ ਦੀ ਸਰਕਾਰ ਨੂੰ ਫੌਰੀ ਕਾਰਵਾਈ ਕਰਦੇ ਹੋਏ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਪਹਿਚਾਣ ਕਰਕੇ, ਸਖਤ ਤੋਂ ਸਖਤ ਸਜਾ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਮੁਤੱਸਵੀ ਲੋਕ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ ਤੇ ਅਜਿਹੇ ਹਮਲੇ ਭਵਿੱਖ ਵਿਚ ਨਾਂ ਕਰ ਸਕਣ। ਉਨਾਂ ਕਿਹਾ ਕਿ ਜਿਸ ਸਿੱਖ ਕੌਮ ਨੇ ਵੱਡੀਆਂ ਸ਼ਹੀਦੀਆਂ ਅਤੇ ਕੁਰਬਾਨੀਆਂ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਅਤੇ ਹਿੰਦ ਨੂੰ ਆਜ਼ਾਦ ਕਰਵਾਉਣ ਵਿਚ ਮੋਹਰੀ ਭੂਮਿਕਾ ਨਿਭਾਈ, ਉਸ ਸਿੱਖ ਕੌਮ ਉੱਤੇ ਬਹੁਗਿਣਤੀ ਵੱਲੋਂ ਇਸ ਤਰਾਂ ਸਾਜਿਸ਼ੀ ਹਮਲੇ ਕਰਨਾਂ ਅਤੇ ਮੁਤੱਸਵੀ ਸੋਚ ਦਾ ਨਤੀਜਾ ਅਤਿ ਸ਼ਰਮਨਾਕ ਕਾਰਵਾਈ ਹੈ। ਸ. ਮਾਨ ਨੇ ਮੁਤੱਸਵੀਆਂ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਉਹ ਇਥੋਂ ਦੇ ਅਮਨ ਚੈਨ ਨੂੰ ਭੰਗ ਕਰਨ ਵਾਲੀਆਂ ਕਾਰਵਾਈਆਂ ਤੋ ਤੌਬਾ ਕਰ ਲੈਣ ਤਾਂ ਬਿਹਤਰ ਹੋਵੇਗਾ।