ਲੁਧਿਆਣਾ-ਸ਼ਹੀਦ ਮੈਮੋਰੀਅਲ ਸੇਵਾ ਸੁਸਾਇਟੀ ਵੱਲੋਂ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ, ਪ੍ਰੋ: ਗੁਰਭਜਨ ਗਿੱਲ, ਬਲਦੇਵ ਸਿੰਘ ਸੜਕਨਾਮਾ ਨੂੰ ਕੋਹਿਨੂਰ ਹੀਰੇ ਦਾ ਸਨਮਾਨ ਭੇਂਟ ਕਰਕੇ ਸਨਮਾਨਿਤ ਕੀਤਾ । ਸ਼ਹੀਦ ਮੈਮੋਰੀਅਲ ਸੇਵਾ ਸੁਸਾਇਟੀ ਦੇ ਸਕੱਤਰ ਜਨਰਲ ਅਤੇ ਰਾਸ਼ਟਰੀ ਪੁਰਸਕਾਰ ਵਿਜੇਤਾ ਵਜਿੰਦਰ ਸਿੰਘ ਨ ਉਘੇ ਲੇਖਕ ਜੀ.ਐਸ. ਔਲਖ, ਨੂਰ ਮੁਹੰਮਦ ਨੂਰ, ਰਮੇਸ਼ ਕੁਮਾਰ, ਕਰਮਜੀਤ ਸਿੰਘ ਔਜਲਾ, ਪੰਡਤ ਰਾਓ, ਪਰਵਿੰਦਰ ਬੱਬਲ, ਕਮਲਜੀਤ ਸਿੰਘ ਗਰੇਵਾਲ ਨੂੰ ਅਨਮੋਲ ਰਤਨ ਪੁਰਸਕਾਰ ਨਾਲ ਨਿਵਾਜਿਆ ਗਿਆ । 30 ਅਧਿਆਪਕਾਂ, 30 ਸਕੂਲਾਂ ਦੇ 750 ਬੱਚਿਆਂ ਤੋਂ ਇਲਾਵਾ ਸੁੰਦਰ ਲਿਖਾਈ ਪ੍ਰਤੀਯੋਗਤਾ ’ਚੋਂ ਅਵੱਲ ਰਹਿਣ ਵਾਲੇ 4 ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ । ਪੰਜਾਬੀ ਮਾਂ-ਬੋਲੀ ਦਿਵਸ’ ਤੇ ਸਮਾਗਮ ਦਾ ਆਯੋਜਨ ਨਹਿਰੂ ਸਿਧਾਂਤ ਕੇਂਦਰ ਵਿਖੇ ਕੀਤਾ ਗਿਆ । ਮੁੱਖ ਮਹਿਮਾਨ ਸਾਬਕਾ ਵਿਧਾਇਕ ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਅੱਜ ਜੇਕਰ ਸਮਾਜ ਅੰਦਰ ਸਭ ਤੋਂ ਵੱਡੀ ਕੋਈ ਚੁਣੌਤੀ ਹੈ ਤਾਂ ਉਹ ਪੰਜਾਬ ਦੀ ਧਰਤੀ ’ਤੇ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਨੂੰ ਠੱਲ ਪਾਉਣ ਦੀ, ਕਿਉਂਕਿ ਪੰਜਾਬ ਦੀ ਜਵਾਨੀ ਇਸ ਬੁਰਾਈ ’ਚ ਗਰਕ ਹੋ ਰਹੀ ਹੈ । ਜੱਸੋਵਾਲ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੁਨੀਆਂ ਭਰ ਅੰਦਰ ਜਿਸ ਵੀ ਮੁਲਕ ਨੇ ਤਰੱਕੀ ਤੇ ਵਿਕਾਸ ਦੀਆਂ ਮੰਜਿਲਾਂ ਪ੍ਰਾਪਤ ਕੀਤੀਆਂ ਹਨ, ਉਨ੍ਹਾਂ ਦੀ ਯੂਵਾ ਪੀੜੀ ਉਚੱ ਸਿੱਖਿਆ ਪ੍ਰਾਪਤ ਹੈ । ਉਨ੍ਹਾਂ ਕਿਹਾ ਕਿ ਜਿਸ ਤੇਜੀ ਨਾਲ ਸਮਾਜ ’ਚ ਤਬਦੀਲੀ ਆ ਰਹੀ ਹੈ, ਸਾਨੂੰ ਉਸ ਮੁਤਾਬਕ ਆਪਣੀ ਸੋਚ ਅਤੇ ਕੰਮਕਾਜ ਦੇ ਢੰਗਾਂ ’ਚ ਵੀ ਬਦਲਾਓ ਲਿਆਉਣਾ ਹੋਵੇਗਾ । ਇਸਦੇ ਨਾਲ ਹੀ ਅਨੁਸ਼ਾਸ਼ਨ ’ਚ ਵੀ ਰਹਿਣਾ ਸਿੱਖਣਾ ਪਵੇਗਾ, ਕਿਉਂਕਿ ਜੋ ਲੋਕ ਸਮੇਂ ਦੀ ਕਦਰ ਨਹੀਂ ਕਰਦੇ, ਉਹ ਹਮੇਸ਼ਾ ਹੀ ਹਰ ਖੇਤਰ ’ਚ ਪਛੱੜ ਜਾਂਦੇ ਹਨ । ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼ਹੀਦ ਮੈਮੋਰੀਅਲ ਸੇਵਾ ਸੁਸਾਇਟੀ ਵੱਲੋਂ ਅੱਜ ਪੰਜਾਬੀ ਮਾਂ ਬੋਲੀ ਦਿਵਸ ਦੇ ਪਵਿੱਤਰ ਦਿਹਾੜੇ ’ਤੇ ਹਰ ਸਾਲ ਸਮਾਗਮ ਦਾ ਆਯੋਜਨ ਕਰਨਾ ਸ਼ਲਾਘਾਯੋਗ ਕਦਮ ਹੈ । ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਵੱਧ ਚੜ ਕੇ ਯੋਗਦਾਨ ਪਾਉਂਦਿਆਂ ਅੰਤਰ-ਰਾਸ਼ਟਰੀ ਪੱਧਰ ’ਤੇ ਸਨਮਾਨ ਦਿਵਾਈਏ ।ਸੁਸਾਇਟੀ ਦੇ ਸਕੱਤਰ ਜਨਰਲ ਵਜਿੰਦਰ ਸਿੰਘ ਨੇ ਪੰਜਾਬ ਭਰ ਦੇ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਸਮੇਤ ਸਮਾਜਿਕ ਬੁਰਾਈਆਂ ਦੇ ਖਾਤਮੇਂ ਲਈ ਅਤੇ ਬਜ਼ੁਰਗ ਦੇ ਮਾਣ-ਸਤਿਕਾਰ ਲਈ ਲਿਖਤਾਂ ਲਿਖਣ ਤਾਂ ਜੋ ਪੰਜਾਬ ਦਾ ਅਮੀਰ ਵਿਰਸਾ ਬਰਕਰਾਰ ਰਹਿ ਸਕੇ । ਇਸ ਸਮਾਗਮ ਵਿੱਚ ਸੁਸਾਇਟੀ ਦੇ ਪ੍ਰਧਾਨ ਰਾਧਾ ਕ੍ਰਿਸ਼ਨ, ਸਤਿੰਦਰ ਸਿੰਘ, ਸੇਵਾ ਸਿੰਘ ਅਤੇ ਪ੍ਰਦੀਪ ਕੁਮਾਰ ਸਮੇਤ ਵੱਖ-ਵੱਖ ਸਕੂਲ ਕਾਲਜਾਂ ਦੇ ਪ੍ਰਿੰਸੀਪਲ ਅਤੇ ਡਾਇਰੈਕਟਰ ਮੌਜੂਦ ਸਨ ।