ਰਾਏਪੁਰ- ਰਾਮਦੇਵ ਵੱਲੋਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਲਈ ਬਹੁਤ ਹੀ ਘਟੀਆ ਸ਼ਬਦਾਵਲੀ ਵਰਤਣ ਅਤੇ ਸੋਨੀਆ ਅਤੇ ਰਾਹੁਲ ਲਈ ਊਲ ਜਲੂਲ ਬੋਲਣ ਕਰਕੇ ਉਸ ਨੂੰ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਸਵਾਮੀ ਵਿਵੇਕਾਨੰਦ ਏਅਰਪੋਰਟ ਤੇ ਘੇਰ ਕੇ ਜਮ ਕੇ ਨਾਅਰੇਬਾਜ਼ੀ ਕੀਤੀ। ਰਾਮਦੇਵ ਤੇ ਚੂੜੀਆਂ ਸੁੱਟੀਆਂ ਗਈਆਂ ਅਤੇ ਉਸ ਦੇ ਪਹਿਨਣ ਲਈ ਸਲਵਾਰ ਵੀ ਲੈ ਕੇ ਗਈਆਂ। ਰਾਮਦੇਵ ਕੁਝ ਅਰਸਾ ਪਹਿਲੇ ਦਿੱਲੀ ਦੀ ਗਾਂਧੀ ਗਰਾਊਂਡ ਵਿੱਚ ਰੈਲੀ ਦੌਰਾਨ ਔਰਤਾਂ ਵਾਲੇ ਕਪੜੇ ਪਾ ਕੇ ਭੱਜਿਆ ਸੀ।
ਰਾਮਦੇਵ ਨੂੰ ਜਦੋਂ ਪਤਾ ਚੱਲਿਆ ਕਿ ਏਅਰਪੋਰਟ ਤੇ ਮਹਿਲਾਵਾਂ ਉਸ ਲਈ ਸਲਵਾਰ ਅਤੇ ਚੂੜੀਆਂ ਲੈ ਕੇ ਆਈਆਂ ਹਨ ਤਾਂ ਉਹ ਲੁਕ ਛਿੱਪ ਕੇ ਏਅਰਪੋਰਟ ਦੇ ਅੰਦਰ ਦਾਖਿਲ ਹੋਇਆ। ਜਦੋਂ ਮਹਿਲਾਵਾਂ ਨੇ ਉਸ ਨੂੰ ਵੇਖ ਲਿਆ ਤਾਂ ਉਹ ਨਾਅਰੇ ਲਗਾਉਂਦੀਆਂ ਹੋਈਆਂ ਉਸ ਵੱਲ ਵੱਧਣ ਲਗੀਆਂ ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਰਾਮਦੇਵ ਤੇ ਇਨਕਮ ਟੈਕਸ ਵਾਲਿਆਂ ਨੇ ਵੀ ਸਿ਼ਕੰਜਾ ਕਸਿਆ ਹੋਇਆ ਹੈ। ਹਾਲ ਹੀ ਵਿੱਚ ਉਸ ਤੇ 19 ਕਰੋੜ ਦੀ ਟੈਕਸ ਚੋਰੀ ਕਰਨ ਦਾ ਆਰੋਪ ਲਗਿਆ ਸੀ। ਰਾਮਦੇਵ ਹੋਰ ਵੀ ਕਈ ਮਾਮਲਿਆਂ ਵਿੱਚ ਫਸਿਆ ਹੋਇਆ ਹੈ। ਇਸ ਲਈ ਉਹ ਕਾਂਗਰਸ ਨੂੰ ਪਾਣੀ ਪੀ-ਪੀ ਕੇ ਕੋਸ ਰਿਹਾ ਹੈ ਅਤੇ ਮੋਦੀ ਦੀ ਚਮਚਾਗਿਰੀ ਕਰ ਰਿਹਾ ਹੈ।
ਰਾਮਦੇਵ ਨੇ ਦਿੱਲੀ ਵਿੱਚ ਯੋਗਾ ਕੈਂਪ ਲਗਾਉਣ ਦੀ ਯੋਜਨਾ ਹੈ, ਜਿਸ ਦੁਆਰਾ ਉਹ ਭਾਜਪਾ ਦਾ ਪ੍ਰਚਾਰ ਕਰਨਾ ਚਾਹੁੰਦਾ ਹੈ। ਕਾਂਗਰਸ ਨੇ ਚੋਣ ਆਯੋਗ ਨੂੰ ਇਨ੍ਹਾਂ ਯੋਗ ਕੈਂਪਾਂ ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ। ਚੋਣ ਕਮਿਸ਼ਨ ਨੇ ਰਾਮਦੇਵ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਰਾਜਨੀਤਕ ਵਿਅਕਤੀ ਇਨ੍ਹਾਂ ਯੋਗ ਸਿ਼ਵਰਾਂ ਦਾ ਉਦਘਾਟਨ ਜਾਂ ਸਮਾਪਤੀ ਨਹੀਂ ਕਰੇਗਾ। ਕੋਈ ਵੀ ਰਾਜਨੀਤਕ ਵਿਅਕਤੀ ਮੁੱਖ ਮਹਿਮਾਨ ਨਹੀਂ ਬਣੇਗਾ। ਕਿਸੇ ਵੀ ਰਾਜਨੀਤਕ ਪਾਰਟੀ ਦਾ ਪਰਚਾਰ ਇਨ੍ਹਾਂ ਸਿ਼ਵਰਾਂ ਵਿੱਚ ਨਹੀਂ ਕੀਤਾ ਜਾਵੇਗਾ।