ਅੰਮ੍ਰਿਤਸਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਧੀ ਵੱਲੋਂ ਕਲ ਸੰਗਰੂਰ ਵਿਖੇ ਅਤਿ ਆਧੁਨਿਕ ਕੈਂਸਰ ਹੋਸਪੀਟਲ ਦਾ ਨੀਂਹ ਪੱਥਰ ਰੱਖਣ ਸੰਬੰਧੀ ਸਮਾਗਮ ਵਿੱਚ ਸ਼ਮੂਲੀਅਤ ਲਈ ਸਦਾ ਨਾ ਦੇਣ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਰੋਸ ਪੱਤਰ ਲਿਖਣਾ ਬੇਮਾਅਨੀ ਹੈ । ਉਹਨਾਂ ਕਿਹਾ ਕਿ ਮੁੱਖ ਮੰਤਰੀ ਖੁਦ ਕਿਸੇ ਵੀ ਪ੍ਰੋਟੋਕਾਲ ਦਾ ਖਿਆਲ ਨਹੀਂ ਰੱਖਦੇ ਰਹੇ ਹਨ। ਉਹਨਾਂ ਦੱਸਿਆ ਕਿ ਸੰਗਤ ਦਰਸ਼ਨ ਜਾਂ ਹੋਰਨਾਂ ਸਰਕਾਰੀ ਸਮਾਗਮਾਂ ਵਿੱਚ ਕਾਂਗਰਸ ਦੇ ਸੰਬੰਧਿਤ ਸੰਸਦਾਂ ਅਤੇ ਵਿਧਾਇਕਾਂ ਨੂੰ ਬਾਦਲ ਸਰਕਾਰ ਨੇ ਕਦੀ ਸਦਾ ਨਹੀਂ ਦਿੱਤਾ ਤੇ ਅੱਖੋਂ ਪਰੋਖੇ ਕੀਤਾ ਹੈ। ਉਹਨਾਂ ਸਮੂਹ ਪੰਜਾਬੀਆਂ ਨੂੰ ਕਲ ਨੂੰ ਸੰਗਰੂਰ ਪਹੁੰਚਣ ਦੀ ਅਪੀਲ ਕੀਤੀ ਹੈ।
ਫ਼ਤਿਹ ਬਾਜਵਾ ਨੇ ਅੱਜ ਇੱਥੇ ਵੇਰਕਾ ਵਿਖੇ ਕਾਂਗਰਸੀ ਆਗੂ ਕੁਲਦੀਪ ਸਿੰਘ ਦੇ ਗ੍ਰਹਿ ਵਿਖੇ ਗੱਲਬਾਤ ਦੌਰਾਨ ਬੀਤੇ ਦਿਨੀਂ ਗੁਜਰਾਤ ਦੇ ਭੁੱਜ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਲੋਰੀਆ ਵਿਖੇ ਤਿੰਨ ਦਰਜਨ ਤੋਂ ਵੱਧ ਹਮਲਾਵਰਾਂ ਵੱਲੋਂ ਸਿੱਖ ਕਿਸਾਨ ਅਮਨਦੀਪ ਸਿੰਘ, ਜਸਵਿੰਦਰ ਸਿੰਘ, ਅੰਗਰੇਜ਼ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰਨ ਅਤੇ ਹਵਾਈ ਫਾਇਰਿੰਗ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ’ਤੇ ਗੁਜਰਾਤੀ ਸਿੱਖ ਕਿਸਾਨਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਇਆ ਹੈ। ਉਹਨਾਂ ਮੋਦੀ ਨੂੰ ਸਿੱਖ ਕਿਸਾਨਾਂ ਦੇ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਤੇ ਸਖ਼ਤ ਕਾਨੂੰਨੀ ਕਾਰਵਾਈ ਤੋਂ ਇਲਾਵਾ ਗੁਜਰਾਤ ਵਿਖੇ ਵਸ ਰਹੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ ਲਈ ਕਿਹਾ।
ਫ਼ਤਿਹ ਨੇ ਕਿਹਾ ਕਿ ਗੁਜਰਾਤ ’ਚ ਸਿੱਖਾਂ ਦੇ ਹਮਲਿਆਂ ਲਈ ਭਾਜਪਾ ਦੇ ਪ੍ਰਧਾਨ ਮੰਤਰੀ ਉਮੀਦਵਾਰ ਮੋਦੀ ਦੀਆਂ ਸਿੱਖ ਵਿਰੋਧੀ ਨੀਤੀਆਂ ਜ਼ਿੰਮੇਵਾਰ ਹਨ। ਉਹਨਾਂ ਮੋਦੀ ਨੂੰ ਤਾਨਾਸ਼ਾਹ ਠਹਿਰਾਉਂਦਿਆਂ ਮੋਦੀ ਦੇ ਉਥਾਨ ਨੂੰ ਲੋਕਤੰਤਰ ਲਈ ਖਤਰਨਾਕ ਦੱਸਿਆ। ਉਹਨਾਂ ਮੋਦੀ ਦੇ ਸੋਹਲੇ ਗਾਉਣ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਦਲ ਪਿਉ ਪੁੱਤਰ ਦੀ ਜੋੜੀ ਇੱਕ ਪਾਸੇ ਵਿਕੇਂਦਰੀਕਰਨ ਦੀ ਮੰਗ ਕਰਦੇ ਹਨ ਤੇ ਦੂਜੇ ਪਾਸੇ ਤਾਨਾਸ਼ਾਹ ਫਾਸ਼ੀਵਾਦੀ ਮੋਦੀ ਦੀ ਹਮਾਇਤ ਵੀ ਕਰ ਰਹੇ ਹਨ।
ਫ਼ਤਿਹ ਬਾਜਵਾ ਨੇ ਭਾਜਪਾ ਵੱਲੋਂ ਵਿਕਾਸ ਪੁਰਸ਼ ਦੇ ਤੌਰ ’ਤੇ ਮੋਦੀ ਨੂੰ ਪੇਸ਼ ਕਰਨ ’ਤੇ ਭਾਜਪਾ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀ ਰਿਪੋਰਟ ’ਚ ਗੁਜਰਾਤ ਵਿੱਚ ਬੱਚੇ ਬੁਰੀ ਤਰ੍ਹਾਂ ਕੁਪੋਸ਼ਣ ਦਾ ਸ਼ਿਕਾਰ ਹੋਣ ਪ੍ਰਤੀ ਸਚਾਈ ਸਾਹਮਣੇ ਆਉਣ ਨਾਲ ਮੋਦੀ ਦੇ ਵਿਕਾਸ ਮਾਡਲ ਦੀ ਫੂਕ ਵੀ ਨਿਕਲ ਗਈ ਹੈ। ਉਹਨਾਂ ਕਿਹਾ ਕਿ ਕੈਗ ਨੇ ਗੁਜਰਾਤ ਦੇ ਸਿੱਖਿਆ, ਸਿਹਤ , ਔਰਤਾਂ ਅਤੇ ਬੱਚਿਆਂ ਦੀ ਭੁੱਖਮਰੀ ਦੇ ਬਾਰੇ ਦੇਸ਼ ਦੇ ਅਤਿ ਪਛੜੇ ਸੂਬਿਆਂ ’ਚ ਇੱਕ ਹੋਣ ਦਾ ਖੁਲਾਸਾ ਕੀਤਾ ਹੈ।
ਉਹਨਾਂ ਕਿਹਾ ਕਿ ਕੈਗ ਨੇ ਗੁਜਰਾਤ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਕਈ ਬੇਨਿਯਮੀਆਂ ਦੀ ਵੀ ਪੋਲ ਖੋਲ ਦਿੱਤੀ ਹੈ। ਪਾਕਿਸਤਾਨੀ ਹਮਲਿਆਂ ਪ੍ਰਤੀ ਕੇਂਦਰ ਸਰਕਾਰ ’ਤੇ ਨਰਮ ਰੁਖ ਅਪਣਾਉਣ ਦਾ ਦੋਸ਼ ਲਾਉਣ ਵਾਲਾ ਮੋਦੀ ਖੁਦ ਆਪਣੇ ਰਾਜ ਵਿੱਚ ਤੱਟੀ ਸੁਰੱਖਿਆ ਯੋਜਨਾ ਨੂੰ ਲਾਗੂ ਨਹੀਂ ਕਰ ਸਕੇ । ਗੁਜਰਾਤ ਵਿਧਾਨ ਸਭਾ ’ਚ ਪੇਸ਼ ਹੋਈ ਇੱਕ ਤਾਜ਼ਾ ਰਿਪੋਰਟ ਮੁਤਾਬਿਕ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪਾਸ ਕੀਤੀ ਗਈ ਸੁਰੱਖਿਆ ਯੋਜਨਾ ਨੂੰ ਲਾਗੂ ਕਰਨ ‘ਚ ਮੋਦੀ ਸਰਕਾਰ ਨੇ ਢਿੱਲ ਵਰਤੀ। ਕੱਛ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ 13 ਜ਼ਿਲਿਆਂ ‘ਚੋਂ ਲੰਘਣ ਤੋਂ ਬਾਅਦ ਪਾਕਿਸਤਾਨ ਦੀ ਸਰਹੱਦ ਤਕ ਜਾਣ ਵਾਲੇ ਆਪਣੇ 235 ਕਿੱਲੋਮੀਟਰ ਲੰਬੇ ਤੱਟ ਦੀ ਸੁਰੱਖਿਆ ਕਰਨ ‘ਚ ਮੋਦੀ ਸਰਕਾਰ ਨਾਕਾਮ ਰਹੀ ਹੈ।
ਫ਼ਤਿਹ ਬਾਜਵਾ ਨੇ ਕਿਹਾ ਕਿ ਕਾਂਗਰਸ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਵਚਨਬੱਧ ਹੈ ਤੇ ਕਾਂਗਰਸ ਦੇ ਉਪ ਪ੍ਰਧਾਨ ਨੇ ਦਾਗੀ ਕਾਨੂੰਨਸਾਜਾਂ ਬਾਰੇ ਆਰਡੀਨੈਂਸ ਨੂੰ ਵਾਪਸ ਕਰਵਾ ਕੇ ਆਪਣੇ ਮਜ਼ਬੂਤ ਇਰਾਦੇ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਮੋਦੀ ਭ੍ਰਿਸ਼ਟਾਚਾਰ ਨੂੰ ਸ਼ਹਿ ਦੇਣ ਦਾ ਹਾਮੀ ਹੈ ਅਤੇ ਆਪਣੀ ਚਮੜੀ ਬਚਾਉਣ ਲਈ ਗੁਜਰਾਤ ’ਚ ਮਜ਼ਬੂਤ ਲੋਕਪਾਲ ਦੀ ਥਾਂ ਆਪਣੇ ਹੱਥ ਠੋਕੇ ਨੂੰ ਲੋਕਪਾਲ ਨਿਯੁਕਤ ਕਰਨਾ ਚਾਹੁੰਦਾ ਹੈ। ਮੋਦੀ ਸਰਕਾਰ ਨੇ ਵਿਧਾਨਸਭਾ ਵਿੱਚ ਇੱਕ ਬਿਲ ਪਾਸ ਕੀਤਾ ਹੈ ਜਿਸ ਰਾਹੀ ਲੋਕ-ਆਯੁਕਤ ਦੀ ਨਿਯੁਕਤੀ ਦਾ ਅਧਿਕਾਰ ਰਾਜਪਾਲ ਅਤੇ ਗੁਜਰਾਤ ਹਾਈਕੋਰਟ ਦੇ ਮੁ¤ਖ ਜ¤ਜ ਤੋਂ ਲੈ ਕੇ ਮੁ¤ਖ ਮੰਤਰੀ ਦੇ ਹਵਾਲੇ ਕਰਨਾ ਹੈ।
ਫ਼ਤਿਹ ਬਾਜਵਾ ਨੇ ਕਿਹਾ ਕਿ ਮੋਦੀ ਦਾ ਲੋਕ ਵਿਰੋਧੀ ਚਿਹਰਾ ਤੇ ਸੱਚ ਸਾਹਮਣੇ ਆ ਚੁਕਾ ਹੈ ਤੇ ਹੁਣ ਬਾਦਲ ਜੋੜੀ ਨੂੰ ਵੀ ਮੋਦੀ ਦੀ ਬੰਦਗੀ ਛੱਡ ਦੇਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਪੰਜਾਬ ਕਾਂਗਰਸ ਸੂਬਾਈ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਲੋਕ ਸਭਾ ਚੋਣਾਂ ਲਈ ਤਿਆਰ ਭਰ ਤਿਆਰ ਹੈ ਅਤੇ ਅਕਾਲੀ ਭਾਜਪਾ ਗੱਠਜੋੜ ਨੂੰ ਭਾਰੀ ਵੋਟਾਂ ਨਾਲ ਪਛਾੜ ਦਿੱਤਾ ਜਾਵੇਗਾ।