ਮਾਸਕੋ- ਅਮਰੀਕੀ ਖੁਫੀਆ ਵਿਭਾਗ ਦੀ ਜਾਣਕਾਰੀ ਸਰੇਆਮ ਲੀਕ ਕਰਨ ਵਾਲੇ ਸੀਆਈਏ ਦੇ ਸਾਬਕਾ ਕਰਮਚਾਰੀ ਸਨੋਡੇਨ ਨੂੰ ਸੈਮ ਐਡਮਸ ਅਵਾਰਡ ਨਾਲ ਨਿਵਾਜਿਆ ਗਿਆ ਹੈ। ਜਦੋਂ ਅਮਰੀਕਾ ਦੇ ਡਰ ਕਾਰਨ ਦੁਨੀਆਂ ਦਾ ਕੋਈ ਵੀ ਦੇਸ਼ ਉਸ ਨੂੰ ਰਾਜਨੀਤਕ ਸ਼ਰਣ ਦੇਣ ਤੋਂ ਕਤਰਾ ਰਿਹਾ ਸੀ ਤਾਂ ਉਸ ਸਮੇਂ ਰੂਸ ਨੇ ਹੀ ਆਪਣਾ ਹੱਥ ਉਸ ਦੇ ਸਿਰ ਤੇ ਰੱਖਿਆ ਸੀ।
ਸਨੋਡੇਨ ਨੂੰ ਦਿੱਤੇ ਗਏ ਅਵਾਰਡ ਸਬੰਧੀ ਇਹ ਸਪੱਸ਼ਟ ਨਹੀਂ ਹੈ ਕਿ ਊਨ੍ਹਾਂ ਨੂੰ ਕਿਸ ਜਗ੍ਹਾ ਸਨਮਾਨਿਤ ਕੀਤਾ ਗਿਆ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮਾਸਕੋ ਵਿੱਚ ਹੀ ਸਨੋਡੇਨ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਰਾਜਸੀ ਸ਼ਰਣ ਤੋਂ ਬਾਅਦ ਪਹਿਲੀ ਵਾਰ ਸਨੋਡੇਨ ਦੀ ਅਵਾਰਡ ਗ੍ਰਹਿਣ ਕਰਦਿਆਂ ਦੀ ਫੋਟੋ ਸਰਵਜਨਿਕ ਹੋਈ ਹੈ। ਸੈਮ ਐਡਮਸ ਅਵਾਰਡ ਅਮਰੀਕੀ ਖੁਫ਼ੀਆ ਏਜੰਸੀ ਦੇ ਰੀਟਾਇਰਡ ਅਧਿਕਾਰੀਆਂ ਦੁਆਰਾ ਗਠਿਤ ਸੈਮ ਐਡਮਸ ਐਸੋਸੀਏਟਸ ਫਾਰ ਇੰਟੀਗਰਿਟੀ ਇੰਟੈਲੀਜੈਂਸ ਦੁਆਰਾ ਦਿੱਤਾ ਜਾਂਦਾ ਹੈ। ਇਸ ਸਮੇਂ ਸਨੋਡੇਨ ਦੇ ਪਿਤਾ ਲੋਨ ਸਨੋਡੇਨ ਵੀ ਉਪਸਥਿਤ ਸਨ। ਸਨੋਡੇਨ ਦੇ ਪਿਤਾ ਨੇ ਰੂਸ ਦੇ ਰਾਸ਼ਟਰਪਤੀ ਪੂਤਿਨ ਦਾ ਰਾਜਸੀ ਸ਼ਰਣ ਦੇਣ ਕਰਕੇ ਧੰਨਵਾਦ ਕਰਦਿਆਂ ਕਿਹਾ ਕਿ ਮੇਰਾ ਪੁੱਤਰ ਇੱਕ ਦਿਨ ਅਮਰੀਕਾ ਪਰਤੇਗਾ।