ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਮੂਹ ਮੁਲਾਜ਼ਮਾਂ ਨੂੰ ਅਜੇ ਤੱਕ ਤਨਖ਼ਾਹਾਂ ਨਹੀਂ ਮਿਲੀਆਂ। ਪੰਜਾਬ ਸਰਕਾਰ ਵਲੋਂ ਮਹੀਨਾਵਾਰ ਦਿੱਤੀ ਜਾਣ ਵਾਲੀ ਗ੍ਰਾਂਟ ਅਜੇ ਤੱਕ ਨਹੀਂ ਆਈ। ਮੁਲਾਜ਼ਮਾਂ ਨੂੰ ਦੁਸਹਿਰੇ ਦਾ ਤਿਉਹਾਰ ਹੋਣ ਕਰਕੇ ਯੂਨੀਵਰਸਿਟੀ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਭਾਰੀ ਆਸ ਸੀ।
ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸ. ਪਰਮਜੀਤ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਵਲੋਂ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤਿਉਹਾਰਾਂ ਦੀ ਰੁੱਤ ਵਿਚ ਅੰਤਾਂ ਦੀ ਮੰਹਿਗਾਈ ਨਾਲ ਜੂਝ ਰਹੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹ ਨਾ ਦੇਣਾ ਉਨ੍ਹਾਂ ਨਾਲ ਘੋਰ ਬੇਨਿਸਾਫ਼ੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਸਮੁੱਚੇ ਮੁਲਾਜ਼ਮਾਂ ਅਤੇ ਪੰਜਾਬੀ ਲੋਕਾਂ ’ਤੇ ਲਗਾਤਾਰ ਜਾਇਦਾਦ ਟੈਕਸ ਅਤੇ ਕਾਲੋਨੀਆਂ ਨਿਯਮਤ ਕਰਨ ਦੇ ਭਾਰੀ ਟੈਕਸਾਂ ਨਾਲ ਅਸਹਿ ਭਾਰ ਪਾ ਰਹੀ ਹੈ। ਇਹ ਵੀ ਵਰਨਣਯੋਗ ਹੈ ਕਿ ਪੀ.ਏ.ਯੂ. ਦੇ ਮੁਲਾਜ਼ਮਾਂ ਨੂੰ ਅਜੇ ਤੱਕ 2006 ਵਾਲੇ ਤਨਖ਼ਾਹ ਕਮਿਸ਼ਨ ਦੇ ਸੋਧੇ ਸਕੇਲਾਂ ਦਾ ਬਕਾਇਆ ਦੇਣਾ ¦ਬਿਤ ਹੈ। ਅਜਿਹੀਆਂ ਹਾਲਤਾਂ ਵਿਚ ਮੁਲਾਜ਼ਮਾਂ ਦਾ ਰੋਸ ਪ੍ਰਗਟ ਕਰਨਾ ਅਤੇ ਸੰਘਰਸ਼ ਕਰਨਾ ਕਦਾਚਿਤ ਨਜਾਇਜ਼ ਨਹੀਂ ਹੋਵੇਗਾ। ਸੋ ਸਮੁੱਚੀ ਅਗਜ਼ੈਕਟਿਵ ਕੌਂਸਲ ਨੇ ਹੰਗਾਮੀ ਮੀਟਿੰਗ ਕਰਕੇ ਫ਼ੈਸਲਾ ਲਿਆ ਕਿ 14 ਅਕਤੂਬਰ ਨੂੰ ਥਾਪਰ ਹਾਲ ਦੇ ਸਾਹਮਣੇ ਸਵੇਰੇ 9 ਵਜੇ ਭਾਰੀ ਰੋਸ ਰੈਲੀ ਕੀਤੀ ਜਾਵੇਗੀ ਅਤੇ ਜੇਕਰ ਲੋੜ ਪਈ ਤਾਂ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ। ਇਹ ਵੀ ਜ਼ਿਕਰਯੋਗ ਹੈ ਕਿ ਸਮੁੱਚੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੇ ਅਜੇ ਤੱਕ ਮਹਿੰਗਾਈ ਭੱਤੇ ਦੀਆਂ ਦੋ ਕਿਸ਼ਤਾਂ ਨਹੀਂ ਦਿੱਤੀਆਂ ਜਦੋਂ ਕਿ ਕੇਂਦਰ ਸਰਕਾਰ ਵਲੋਂ ਅਤੇ ਕੁਝ ਰਾਜ ਸਰਕਾਰਾਂ ਵਲੋਂ ਇਹ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਦਾ ਕੀਤੀਆਂ ਜਾ ਚੁੱਕੀਆਂ ਹਨ।