ਦਤੀਆ- ਮੱਧਪ੍ਰਦੇਸ਼ ਦੇ ਦਤੀਆ ਜਿਲ੍ਹੇ ਵਿੱਚ ਰਤਨਗੜ੍ਹ ਮਾਤਾ ਦੇ ਮੰਦਿਰ ਵਿੱਚ ਦਰਸ਼ਨਾਂ ਨੂੰ ਜਾ ਰਹੇ ਸ਼ਰਧਾਲੂਆਂ ਵਿੱਚ ਭਗਦੜ ਮੱਚ ਜਾਣ ਨਾਲ ਘੱਟ ਤੋਂ ਘੱਟ 115 ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਵੱਧ ਲੋਕ ਜਖਮੀ ਹੋ ਗਏ ਹਨ।ਮਰਨ ਵਾਲਿਆਂ ਵਿੱਚ 42 ਔਰਤਾਂ ਅਤੇ 30 ਮਾਸੂਮ ਬੱਚੇ ਵੀ ਸ਼ਾਮਿਲ ਹਨ। ਮ੍ਰਿਤਕਾਂ ਦੀ ਸੰਖਿਆ ਹੋਰ ਵੀ ਵੱਧ ਸਕਦੀ ਹੈ ਕਿੳਂਕਿ ਜਿਨ੍ਹਾਂ ਲੋਕਾਂ ਨੇ ਨਦੀ ਵਿੱਚ ਛਾਲਾਂ ਮਾਰੀਆਂ ਸਨ ਊਹ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਤਲਾਸ਼ ਜਾਰੀ ਹੈ।ਗੋਤਾਖੋਰ ਲਾਸ਼ਾਂ ਕੱਢਣ ਵਿੱਚ ਲਗੇ ਹੋਏ ਹਨ। ਪ੍ਰਸ਼ਾਸਨ ਵੱਲੋਂ ਇਸ ਘਟਨਾਂ ਦੀ ਨਿਆਂਇਕ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।ਭਗਦੜ ਮੱਚਣ ਤੋਂ ਬਾਅਦ ਭੜਕੀ ਹੋਈ ਭੀੜ ਨੇ ਪੁਲਿਸ ਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਨਾਲ ਦੋ ਅਧਿਕਾਰੀਆਂ ਸਮੇਤ 12 ਪੁਲਿਸ ਕਰਮਚਾਰੀ ਜਖਮੀ ਹੋ ਗਏ।
ਨਰਾਤਿਆਂ ਦੇ ਅਖੀਰਲੇ ਦਿਨ ਐਤਵਾਰ ਨੂੰ ਭਾਰੀ ਸੰਖਿਆ ਵਿੱਚ ਸ਼ਰਧਾਲੂ ਰਤਨਗੜ੍ਹ ਮਾਤਾ ਦੇ ਦਰਸ਼ਨਾਂ ਲਈ ਪਹੁੰਚੇ ਹੋਏ ਸਨ। ਮੰਦਿਰ ਤੋਂ ਪਹਿਲਾਂ ਆਉਣ ਵਾਲੇ ਸਿੰਧ ਨਦੀ ਤੇ ਪੁੱਲ ਤੇ ਭਾਰੀ ਭੀੜ ਸੀ।ਦੋ ਢਾਈ ਲੱਖ ਦੇ ਕਰੀਬ ਲੋਕ ਮੰਦਿਰ ਜਾ ਰਹੇ ਸਨ।ਪੁੱਲ ਤੰਗ ਹੋਣ ਕਰਕੇ ਬੇਕਾਬੂ ਹੋਈ ਭੀੜ ਨੂੰ ਕੰਟਰੋਲ ਕਰਨ ਲਈ ਪੁਲਿਸ ਨੇ ਹਲਕਾ ਲਾਠੀਚਾਰਜ ਕੀਤਾ। ਜਿਸ ਨਾਲ ਭਗਦੜ੍ਹ ਮੱਚ ਗਈ। ਇਸ ਦੌਰਾਨ ਪੁੱਲ ਦੇ ਟੁੱਟਣ ਦੀ ਵੀ ਅਫਵਾਹ ਫੈਲ ਗਈ। ਸ਼ਰਧਾਲੂਆਂ ਨੇ ਇੱਕ ਦੂਸਰੇ ਨੂੰ ਮਿੱਧਦੇ ਹੋਏ ਭੱਜਣ ਦੀ ਕੋਸਿ਼ਸ਼ ਕੀਤੀ। ਕਈਆਂ ਨੇ ਜਾਨ ਬਚਾਉਣ ਲਈ ਨਦੀ ਵਿੱਚ ਛਾਲਾਂ ਮਾਰ ਦਿੱਤੀਆਂ।ਇਹ ਮੰਨਿਆ ਜਾ ਰਿਹਾ ਹੈ ਕਿ ਮਿੱਧੇ ਜਾਣ ਨਾਲ ਏਨੀਆਂ ਮੌਤਾਂ ਨਹੀਂ ਹੋਈਆਂ, ਜਿੰਨੀਆਂ ਕਿ ਨਦੀ ਵਿੱਚ ਛਾਲਾਂ ਮਾਰਨ ਨਾਲ ਹੋਈਆਂ ਹਨ। ਘਟਨਾ ਵਾ਼ਲੇ ਸਥਾਨ ਤੇ ਡਾਕਟਰਾਂ ਦੀਆਂ ਟੀਮਾਂ ਭੇਜੀਆਂ ਗਈਆਂ ਹਨ।