ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਬਾਦਲ ਗਠਬੰਧਨ ਦੀ ਰਾਜਨੀਤੀ ਦੇ ਤਹਿਤ ਸਿੱਖਾਂ ਦੀ ਵੱਧ ਵਸੋਂ ਵਾਲੇ ਇਲਾਕਿਆਂ ਤੋਂ ਸੀਟਾਂ ਦੀ ਦਾਅਵੇਦਾਰੀ ਕਰ ਰਿਹਾ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜਾ ਜਮਾਉਣ ਤੋਂ ਬਾਅਦ ਅਕਾਲੀ ਦਲ ਬਾਦਲ ਦਿੱਲੀ ਵਿੱਚ ਆਪਣੀ ਸਥਿਤੀ ਜਿਆਦਾ ਮਜ਼ਬੂਤ ਮੰਨ ਰਿਹਾ ਹੈ।
ਅਕਾਲੀਆਂ ਨੇ ਇਸ ਵਾਰ ਭਾਜਪਾ ਦੀ ਚਿੰਤਾ ਵਧਾਈ ਹੋਈ ਹੈ। ਬਾਦਲ ਦਲ ਨੇ ਹਰੀ ਨਗਰ, ਰਜ਼ੌਰੀ ਗਾਰਡਨ ਅਤੇ ਤਿਲਕ ਨਗਰ ਦੀਆਂ ਵਿਧਾਨ ਸੱਭਾ ਦੀਆਂ ਸੀਟਾਂ ਤੇ ਆਪਣਾ ਦਾਅਵਾ ਪੇਸ਼ ਕੀਤਾ ਹੈ। ਹਰੀ ਨਗਰ ਸੀਟ ਤੇ ਭਾਜਪਾ ਦੇ ਹਰਸ਼ਰਣ ਸਿੰਘ ਵਿਰਾਜਮਾਨ ਹਨ ਅਤੇ ਤਿਲਕ ਨਗਰ ਤੋਂ ਓਪੀ ਬੱਬਰ ਲੰਬੇ ਸਮੇਂ ਤੋਂ ਕਬਜ਼ਾ ਜਮਾਏ ਹੋਏ ਹਨ। ਇਨ੍ਹਾਂ ਸੀਟਾਂ ਤੋਂ ਇਲਾਵਾ ਅਕਾਲੀ ਦਲ ਬਾਦਲ ਆਦਰਸ਼ਨਗਰ, ਕਾਲਕਾਜੀ, ਰਜਿੰਦਰ ਨਗਰ, ਤਿਮਾਰਪੁਰ ਅਤੇ ਸ਼ਾਹਦਰਾ ਵਿਧਾਨ ਸੱਭਾ ਸੀਟਾਂ ਤੋਂ ਵੀ 2 ਸੀਟਾਂ ਤੇ ਵੀ ਆਪਣੀ ਦਾਅਵੇਦਾਰੀ ਮੰਗੀ ਹੈ।
ਇਨ੍ਹਾਂ ਵਿਧਾਨ ਸੱਭਾ ਚੋਣਾਂ ਵਿੱਚ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਤਕੜੀ ਤੇ ਚੋਣ ਲੜਨਾ ਚਾਹੁੰਦਾ ਹੈ।ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਜੇ ਪੰਜਾਬ ਵਿੱਚ ਗਠਜੋੜ ਦੀ ਨੀਤੀ ਦੇ ਤਹਿਤ ਭਾਜਪਾ ਆਪਣੇ ਚੋਣ ਨਿਸ਼ਾਨ ਕਮਲ ਤੇ ਚੋਣ ਲੜ ਸਕਦੀ ਹੈ ਤਾਂ ਦਿੱਲੀ ਵਿੱਚ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਤਕੜੀ ਤੇ ਕਿਉਂ ਨਹੀਂ ਚੋਣ ਲੜ ਸਕਦਾ।