ਮਿਸੀਸਾਗਾ: ਗੁਰੂ ਸਾਹਿਬਾਨ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਉਨਟਾਰੀਓ ਖਾਲਸਾ ਦਰਬਾਰ ਦੀ ਸਮੁੱਚੀ ਮੈਂਬਰਸਿ਼ਪ ਅਤੇ ਕੈਨੇਡਾ ਭਰ ਦੀ ਸਮੁੱਚੀ ਸਿੱਖ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੰਨ 2006 ਤੋਂ ਚੱਲਦਾ ਆ ਰਿਹਾ ਡਿਕਸੀ ਗੁਰਦੁਆਰਾ ਸਾਹਿਬ ਦਾ ਅਦਾਲਤੀ ਕੇਸ ਹੱਲ ਕਰਨ ਦੀ ਪ੍ਰਕ੍ਰਿਆ ਤੇ ਸਹਿਮਤੀ ਹੋ ਗਈ ਹੈ। ਇਸ ਫੈਸਲੇ ਤੇ ਕੇਸ ਕਰਨ ਵਾਲੇ ਅਤੇ ਕੇਸ ਦਾ ਸਾਹਮਣਾ ਕਰਨ ਵਾਲੇ ਵੀਰਾਂ ਨੇ ਦਸਤਖਤ ਕਰ ਦਿੱਤੇ ਹਨ ਅਤੇ ਅਦਾਲਤ ਵਲੋਂ ਇਸ ਫੈਸਲੇ ਨੂੰ ਪ੍ਰਵਾਨ ਕਰਕੇ ਇਸਦੀ ਪੁਸ਼ਟੀ ਕਰ ਦਿੱਤੀ ਗਈ ਹੈ।
ਤਕਰੀਬਨ 7 ਸਾਲਾਂ ਤੋਂ ਚੱਲਦਾ ਆ ਰਿਹਾ ਇਹ ਅਦਾਲਤੀ ਕੇਸ, ਗੁਰਦੁਆਰਾ ਸਾਹਿਬ ਦੇ ਵਿਕਾਸ ਅਤੇ ਕੌਮੀ ਕੰਮਾਂ ਵਿੱਚ ਬਹੁਤ ਵੱਡੀ ਖੜੋਤ ਪੈਦਾ ਕਰਦਾ ਸੀ, ਜਿਸ ਨੂੰ ਗੁਰੂ ਦੀ ਕ੍ਰਿਪਾ ਨਾਲ ਸਮੂਹ ਵੀਰਾਂ ਨੇ ਮਿਲ ਬੈਠ ਕੇ ਨਜਿੱਠਣ ਵਿੱਚ ਸਫਲਤਾ ਹਾਸਿਲ ਕਰ ਲਈ ਹੈ। ਸੰਗਤ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਇਸ ਫੈਸਲੇ ਤੋਂ ਬਾਅਦ ਕੋਈ ਵੀ ਗੁਰਦੁਆਰਾ ਸਾਹਿਬ ਦਾ ਪੈਸਾ ਵਕੀਲਾਂ ਨੂੰ ਨਹੀਂ ਦਿੱਤਾ ਜਾਵੇਗਾ। ਕੇਸ ਦੀ ਰਹਿੰਦੀ ਪ੍ਰਕ੍ਰਿਆ ਸਾਂਝੇ ਸੇਵਾਦਾਰਾਂ ਵਲੋਂ ਕੀਤੀ ਜਾਵੇਗੀ।
ਇਸ ਸਬੰਧੀ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਨ ਅਤੇ ਅਗਲੇਰੀ ਪ੍ਰਕ੍ਰਿਆ ਵਿੱਚ ਫੈਸਲੇ ਦੀ ਸੰਪੂਰਨਤਾ ਤੱਕ ਅੰਗ ਸੰਗ ਰਹਿਣ ਦੀ ਅਰਦਾਸ ਕਰਨ ਲਈ ਸ੍ਰੀ ਅਖੰਡਪਾਠ ਸਾਹਿਬ ਕਰਵਾਏ ਜਾ ਰਹੇ ਹਨ। ਇਹ ਕਾਰਜ ਵੀ ਸਮੂਹ ਸੰਗਤ ਦਾ ਹੈ ਇਸ ਲਈ ਧੁਰ ਹਿਰਦੇ ਚੋਂ ਕੇਸ ਹੱਲ ਹੋਣ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਖੰਡਪਾਠ ਸਾਹਿਬ ਦੇ ਕਾਰਜਾਂ ਵਿੱਚ ਪ੍ਰੀਵਾਰ ਸਮੇਤ ਸਾਮਲ ਹੋਵੋ ਅਤੇ ਸੇਵਾ ਵਿੱਚ ਹੱਥ ਵਟਾਓ ਜੀ।
ਉਨਟਾਰੀਓ ਖਾਲਸਾ ਦਰਬਾਰ ਦੀ ਸਮੂਹ ਸੰਗਤ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ 17 ਅਕਤੂਬਰ ਦਿਨ ਵੀਰਵਾਰ ਨੂੰ ਲੰਮੇ ਸਮ੍ਹੇਂ ਬਾਅਦ ਗੁਰਦੁਆਰਾ ਸਾਹਿਬ ਦੇ ਸਾਰੇ ਡਾਇਰੈਕਟਰਾਂ ਦੀ ਮੀਟਿੰਗ ਹੋਈ। ਇਸ ਨਵੀਂ ਸ਼ੁਰੂਆਤ ਨੂੰ ਹੋਰ ਨਵਿਆਉਣ ਲਈ ਮੀਟਿੰਗ ਵਿੱਚ ਸ਼ਾਮਲ ਸਮੂਹ ਡਾਇਰੈਕਟਰਾਂ ਨੇ ਆਉਣ ਵਾਲੇ ਕੁੱਝ ਮਹੀਨਿਆਂ ਲਈ ਪੁਜੀਸ਼ਨਾਂ ਵਿੱਚ ਰੱਦੋ ਬਦਲ ਕੀਤੀ ਹੈ। ਆਉਣ ਵਾਲੇ ਸਾਰੇ ਕਾਰਜ ਇਨ੍ਹਾਂ ਪ੍ਰਬੰਧਕਾਂ ਦੀ ਨਜ਼ਰਸਾਨੀ ਹੇਠ ਕੀਤੇ ਜਾਣਗੇ। ਸੇਵਾਦਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ;
ਰਣਜੋਧ ਸਿੰਘ ਪੰਧੇਰ (ਚੇਅਰਮੈਨ), ਅਵਤਾਰ ਸਿੰਘ ਪੂਨੀਆ (ਪ੍ਰਧਾਨ) ਮਨੋਹਰ ਸਿੰਘ ਖਹਿਰਾ (ਉਪ ਪ੍ਰਧਾਨ), ਸੁਖਦੇਵ ਸਿੰਘ ਬੈਂਸ (ਸਕੱਤਰ) ਸਵਰਨ ਸਿੰਘ ਕੈਰੋ (ਜੋਆਇੰਟ ਸਕੱਤਰ), ਕਸ਼ਮੀਰ ਸਿੰਘ (ਖਜਾਨਚੀ), ਗੁਰਦੇਵ ਸਿੰਘ ਨਾਹਲ (ਜੋਆਇੰਟ ਖਜਾਨਚੀ), ਬਲਬੀਰ ਸਿੰਘ ਬਹੁਗੁਣ (ਡਾਇਰੈਕਟਰ), ਜਸਜੀਤ ਸਿੰਘ ਭੁੱਲਰ (ਡਾਇਰੈਕਟਰ), ਕੁਲਦੀਪ ਸਿੰਘ ਲੱਛੜ (ਡਾਇਰੈਕਟਰ) ਅਤੇ ਹਰਬੰਸ ਸਿੰਘ ਜੰਡਾਲੀ (ਡਾਇਰੈਕਟਰ) ਹੋਣਗੇ।