ਨਵੀਂ ਦਿੱਲੀ : ਇਥੋਂ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਤਿਆਧੁਨਿਕ ਇਟਾਲੀਅਨ ਤਕਨੀਕ ਨਾਲ ਭਾਰਤ ਵਿਚ ਬਣੀ ਪਰਸ਼ਾਦੇ ਪਕਾਉਣ ਦੀ ਮਸ਼ੀਨ ਜੋ ਕਿ, ਇਕ ਘੰਟੇ ਵਿਚ ਲਗਭਗ 4,000 ਪਰਸ਼ਾਦੇ ਆਟੋਮੇਟਿਕ ਤਰੀਕੇ ਨਾਲ ਆਟੇ ਨੂੰ ਆਪੇ ਗੁਨ੍ਹ ਕੇ ਚੋਪੜੇ ਹੋਏ ਪਰਸ਼ਾਦੇ ਦੇ ਰੂਪ ਵਿਚ ਤਿਆਰ ਕਰਕੇ ਸੰਗਤਾਂ ਦੇ ਲੰਗਰ ਵਾਸਤੇ ਵੱਡੀ ਗਿਣਤੀ ਵਿਚ ਪ੍ਰਦੁਸ਼ਣ ਮੁਕਤ ਤਰੀਕੇ ਨਾਲ ਤਿਆਰ ਕਰੇਗੀ, ਨੂੰ ਸੰਗਤਾਂ ਨੂੰ ਸਮਰਪਿਤ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਾਅਵਾ ਕੀਤਾ ਕਿ ਇਸ ਮਸ਼ੀਨ ਨਾਲ ਜਿਥੇ ਰਸੋਈ ਗੈਸ ਅਤੇ ਬਿਜਲੀ ਦੀ ਵੱਡੀ ਬਚਤ ਹੋਵੇਗੀ, ਉਸ ਦੇ ਨਾਲ ਹੀ ਸੰਗਤਾਂ ਨੂੰ ਸਮੇਂ ਨਾਲ ਲੰਗਰ ਪ੍ਰਾਪਤ ਕਰਨ ਵਿਚ ਕੋਈ ਥੋੜ ਨਹੀਂ ਮਹਿਸੂਸ ਹੋਵੇਗੀ। ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਇਸ ਮੌਕੇ ਅਰਦਾਸ ਕੀਤੀ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ, ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਹਰਵਿੰਦਰ ਸਿੰਘ ਕੇ.ਪੀ. ਦਰਸ਼ਨ ਸਿੰਘ, ਬੀਬੀ ਦਲਜੀਤ ਕੌਰ ਖਾਲਸਾ, ਰਵਿੰਦਰ ਸਿੰਘ ਲਵਲੀ ਅਤੇ ਸਮਰਦੀਪ ਸਿੰਘ ਸੰਨੀ ਨੇ ਵੀ ਅਰਦਾਸ ਵਿਚ ਸ਼ਮੁਲਿਅਤ ਕੀਤੀ। ਇਥੇ ਇਹ ਜਿਕਰਯੋਗ ਹੈ ਕਿ ਪੁਰਾਨੀ ਮਸ਼ੀਨ ਇਕ ਘੰਟੇ ਵਿਚ 700 ਪਰਸ਼ਾਦੇ ਹੀ ਤਿਆਰ ਕਰਨ ਵਿਚ ਸਮਰਥ ਸੀ ।