ਬੰਗਲੌਰ-ਪ੍ਰਸਿੱਧ ਗਾਇਕ ਅਤੇ ਸੱਭ ਦੇ ਦਿਲਾਂ ਤੇ ਰਾਜ ਕਰਨ ਵਾਲੇ 94 ਸਾਲਾ ਮੰਨਾ ਡੇ ਦਾ ਵੀਰਵਾਰ ਤੜਕੇ ਬੰਗਲੌਰ ਵਿੱਚ ਦੇਹਾਂਤ ਹੋ ਗਿਆ ਹੈ। ਮੰਨਾ ਡੇ ਪਿੱਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਨਰਾਇਣ ਹਿਰਦੇਆਲਿਆ ਵਿੱਚ ਪਿੱਛਲੇ ਪੰਜ ਮਹੀਨਿਆਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੇ ਵੀਰਵਾਰ ਸਵੇਰੇ 3 ਵਜ ਕੇ 50 ਮਿੰਟ ਤੇ ਆਖਰੀ ਸਾਹ ਲਏ। ਆਖਰੀ ਸਮੇਂ ਉਨ੍ਹਾਂ ਕੋਲ ਉਨ੍ਹਾਂ ਦੀ ਬੇਟੀ ਸੁਮਿਤਾ ਦੇਵ ਅਤੇ ਜਵਾਈ ਗਿਆਨਰੰਜਨ ਦੇਵ ਮੌਜੂਦ ਸਨ। ਬੰਗਲੌਰ ਦੀ ਹੇਬਲ ਸ਼ਮਸ਼ਾਨ ਭੂਮੀ ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮਹਾਨ ਸਿੰਗਰ ਨੂੰ ਆਖਰੀ ਵਿਦਾਈ ਦੇਣ ਲਈ ਬਾਲੀਵੁੱਡ ਤੋਂ ਕੋਈ ਵੀ ਨਹੀਂ ਪਹੁੰਚਿਆ। ਕਨੜ੍ਹ ਫਿਲਮ ਇੰਡਸਟਰੀ ਤੋਂ ਪਹੁੰਚੇ ਕੁਝ ਲੋਕਾਂ ਸਮੇਤ ਸਿਰਫ਼ 70 ਲੋਕ ਹੀ ਏਨੇ ਵੱਡੇ ਆਰਟਿਸਟ ਮੰਨਾ ਡੇ ਦੇ ਅੰਤਿਮ ਸਸਕਾਰ ਸਮੇਂ ਮੌਜੂਦ ਸਨ।
ਮੰਨਾ ਡੇ ਦਾ ਜਨਮ 1ਮਈ 1919 ਵਿੱਚ ਕਲਕੱਤਾ ਦੇ ਇੱਕ ਬੰਗਾਲੀ ਪ੍ਰੀਵਾਰ ਵਿੱਚ ਹੋਇਆ। ਉਨ੍ਹਾਂ ਦਾ ਅਸਲੀ ਨਾਂ ਪ੍ਰਬੋਧ ਚੰਦਰ ਡੇ ਸੀ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਹਿੰਦੀ ਅਤੇ ਹੋਰ ਭਾਸ਼ਾ ਸਮੇਤ 3500 ਤੋਂ ਵੀ ਵੱਧ ਗਾਣੇ ਗਾਏ। ਮੰਨਾ ਡੇ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਰਤ ਸਰਕਾਰ ਨੇ ਵੀ ਉਨ੍ਹਾਂ ਨੂੰ ਪਦਮ ਸ੍ਰੀ ਅਤੇ ਪਦਮ ਵਿਭੂਸ਼ਣ ਪੁਰਸਕਾਰ ਨਾਲ ਨਿਵਾਜਿਆ ਸੀ।ਮੰਨਾ ਡੇ ਭਾਰਤੀ ਸੰਗੀਤ ਦੀ ਦੁਨੀਆਂ ਵਿੱਚ ਮੰਨੀ ਪ੍ਰਮੰਨੀ ਹਸਤੀ ਸਨ। ਉਨ੍ਹਾਂ ਨੇ ਲੋਕਗੀਤ ਤੋਂ ਲੈ ਕੇ ਪਾਪ ਤੱਕ ਹਰ ਤਰ੍ਹਾਂ ਦੇ ਗਾਣੇ ਗਾਏ।
ਮੰਨਾ ਡੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1943 ਵਿੱਚ ਆਈ ਫਿ਼ਲਮ ‘ਤਮੰਨਾ’ ਤੋਂ ਕੀਤੀ ਸੀ ਅਤੇ ਸੁਰਈਆ ਨਾਲ ਗਾਇਆ ਗਾਣਾ ਬਹੁਤ ਹਿੱਟ ਹੋਇਆ ਸੀ। ਉਨ੍ਹਾਂ ਨੇ ਵਕਤ ਦਾ ‘…..ਏ ਮੇਰੀ ਜੋਹਰਾ ਜਬੀਂ’,ਦਿਲ ਹੀ ਤੋਂ ਹੈ ਦਾ ਗਾਣਾ ‘ਲਾਗਾ ਚੁਨਰੀ ਮੇਂ ਦਾਗ’, ਉਪਕਾਰ ਦਾ ‘ਕਸਮੇਂ, ਵਾਅਦੇ ਪਿਆਰ ਵਫ਼ਾ’, ਮੇਰੀ ਸੂਰਤ ਤੇਰੀ ਆਂਖੇ ਦਾ ‘ਪੂਛੋ ਨਾਂ ਕੈਸੈ ਮੈਨੇ ਰੈਣ ਬਿਤਾਈ’ ਉਹ ਹਰ ਗਾਣੇ ਤੇ ਆਪਣੀ ਛਾਪ ਛੱਡ ਜਾਂਦੇ ਸਨ। ਉਨ੍ਹਾਂ ਨੇ ‘ਦਿਲ ਕਾ ਹਾਲ ਸੁਣੇ ਦਿਲਵਾਲਾ’,’ਨਾਂ ਮਾਂਗੂ ਸੋਨਾ ਚਾਂਦੀ’, ‘ਦਿਲ ਕਾ ਹਾਲ ਸੁਣੇ ਦਿਲਵਾਲਾ’ ਅਤੇ ‘ਇੱਕ ਚਤੁਰ ਨਾਰ’ਵਰਗੇ ਹਲਕੇ ਪੁਲੇ ਗੀਤ ਵੀ ਗਾਏ।ਹਰਿਵੰਸ਼ ਰਾਏ ਬੱਚਨ ਦੀ ਮਸ਼ਹੂਰ ਰਚਨਾ ‘ਮਧੂਸ਼ਾਲਾ’ ਨੂੰ ਵੀ ਮੰਨਾ ਡੇ ਨੇ ਆਪਣੀ ਆਵਾਜ਼ ਦਿੱਤੀ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੰਨਾ ਡੇ ਦੇ ਅਕਾਲ ਚਲਾਣੇ ਤੇ ਆਪਣੇ ਸੋਗ ਸੰਦੇਸ਼ ਵਿੱਚ ਕਿਹਾ , ‘ਸੁਰਾਂ ਦੇ ਬਾਦਸ਼ਾਹ ਦੇ ਦੇਹਾਂਤ ਦੀ ਖ਼ਬਰ ਨਾਲ ਮੈਨੂੰ ਬਹੁਤ ਦੁੱਖ ਹੋਇਆ ਹੈ।ਉਹ ਇੱਕ ਅਨੂਠੀ ਆਵਾਜ਼ ਦੇ ਧਨੀ ਅਤੇ ਉਚਕੋਟੀ ਦੇ ਗਾਇਕ ਸਨ। ਉਹ ਬਹੁਤ ਹੀ ਪ੍ਰਤਿਭਾਸ਼ਾਲੀ ਸਨ ਅਤੇ ਵਿਭਿੰਨ ਰੂਪਾਂ ਦੇ ਲੋਕਪ੍ਰਿਅ ਸੰਗੀਤ ਵਿੱਚ ਉਨ੍ਹਾਂ ਨੂੰ ਮਹਾਰਤ ਹਾਸਿਲ ਸੀ।’ਪ੍ਰਧਾਨਮੰਤਰੀ ਨੇ ਕਿਹਾ ਕਿ ਮੰਨਾ ਡੇ ਦੇ ਜਾਣ ਨਾਲ ਸੰਗੀਤ ਦੀ ਦੁਨੀਆਂ ਨੇ ਆਪਣੇ ਸੱਭ ਤੋਂ ਪ੍ਰਤਿਭਾਸ਼ਾਲੀ ਕਲਾਕਾਰਾਂ ਵਿੱਚੋਂ ਇੱਕ ਨੂੰ ਖੋਅ ਦਿੱਤਾ ਹੈ। ਉਨ੍ਹਾਂ ਨੇ ਕਿਹਾ,ਹਾਲਾਂ ਕਿ ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਗਾਣਿਆਂ ਨਾਲ ਜਿੰਦਾ ਰਹੇਗੀ।