ਨਵੀਂ ਦਿੱਲੀ- ਦਿੱਲੀ ਵਿੱਚ ਪਿਆਜ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੇ ਪ੍ਰਭਾਵ ਤੋਂ ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਵੀ ਘੱਟ ਪਰੇਸ਼ਾਨ ਨਹੀਂ ਹੈ। ਸ਼ੀਲਾ ਦੀਦੀ ਦਾ ਕਹਿਣਾ ਹੈ ਕਿ ਉਸ ਨੇ ਵੀ ਕਈ ਹਫ਼ਤਿਆਂ ਤੋਂ ਪਿਆਜ ਨਹੀਂ ਖਾਧਾ।ਬੇਸ਼ੱਕ ਕੋਈ ਯਕੀਨ ਕਰੇ ਜਾਂ ਨਾਂ ਕਰੇ, ਪਰ ਸ਼ੀਲਾ ਮੈਡਮ ਦਾ ਇਹੀ ਕਹਿਣਾ ਹੈ ਕਿ ਸਬਜੀਆਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਦਾ ਉਸ ਦੀ ਰਸੋਈ ਤੇ ਵੀ ਅਸਰ ਹੋਇਆ ਹੈ। ਊਨ੍ਹਾਂ ਨੇ ਕਿਹਾ, ‘ਹਫ਼ਤਿਆਂ ਬਾਅਦ ਅੱਜ ਮੈਂ ਭਿੰਡੀ ਨਾਲ ਪਿਆਜ ਖਾਧਾ ਹੈ।’
ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਆਪਣੇ ਸਰਕਾਰੀ ਨਿਵਾਸ ਤੇ ਇੱਕ ਪੱਤਰਕਾਰ ਸੰਮੇਲਨ ਵਿੱਚ ਪਿਆਜ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਜਿਕਰ ਕਰ ਰਹੀ ਸੀ।ਇਸ ਦੌਰਾਨ ਹੀ ਮੁੱਖਮੰਤਰੀ ਨੇ ਕਈ ਹਫ਼ਤਿਆਂ ਤੋਂ ਪਿਆਜ ਨਾਂ ਖਾਣ ਦੀ ਗੱਲ ਕਹੀ। ਦਿੱਲੀ ਵਿੱਚ ਪਿਆਜ ਦੀਆਂ ਕੀਮਤਾਂ 100 ਰੁਪੈ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਹਨ।
ਬੀਜੇਪੀ ਨੇਤਾ ਵਿਜੇਂਦਰ ਗੁਪਤਾ ਦਾ ਕਹਿਣਾ ਹੈ ਕਿ ਸ਼ੀਲਾ ਝੂਠ ਬੋਲ ਰਹੀ ਹੈ। ਪਿਆਜ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਣ ਦਿੱਲੀ ਦੇ ਲੋਕ ਉਸ ਨਾਲ ਨਰਾਜ਼ ਹਨ। ਊਹ ਆਪਣਾ ਵੋਟ ਬੈਂਕ ਕਾਇਮ ਰੱਖਣ ਲਈ ਭਾਵੁਕ ਹੋਣ ਦਾ ਯਤਨ ਕਰ ਰਹੀ ਹੈ।
ਮੁੱਖਮੰਤਰੀ ਦੀਕਸ਼ਤ ਨੇ ਕਿਹਾ ਕਿ ਮਹਿੰਗਾਈ ਨਾਲ ਲੋਕ ਪ੍ਰਭਾਵਿਤ ਹੋਏ ਹਨ।ਅਤੇ ਊਨ੍ਹਾਂ ਨੇ ਇਹ ਉਮੀਦ ਪ੍ਰਗਟਾਈ ਕਿ ਅਗਲੇ ਕੁਝ ਦਿਨਾਂ ਵਿੱਚ ਕੀਮਤਾਂ ਵਿੱਚ ਭਾਰੀ ਕਮੀ ਆਵੇਗੀ, ਕਿਉਂਕਿ ਸਰਕਾਰ ਨੇ ਇਸ ਲਈ ਕਾਫ਼ੀ ਕਦਮ ਉਠਾਏ ਹਨ।