ਨਵੀਂ ਦਿੱਲੀ : ਪ੍ਰਸਿੱਧ ਫਿਲਮੀ ਨਾਇਕਾ ਕਾਮਿਨੀ ਕੌਸ਼ਲ (86 ਵਰ੍ਹੇ) ਨੇ ਬੀਤੇ ਐਤਵਾਰ, 27 ਅਕਤੂਬਰ ਨੂੰ ਸੰਸਕ੍ਰਿਤਕ ਸੰਸਥਾ ਸੱਖਾ ਅਤੇ ਪੇਕੋਬਾ ਵਲੋਂ ਪ੍ਰਸਿੱਧ ਗਾਇਕ ਮਨਾਡੇ ਦੇ ਅਕਾਲ ਚਲਾਣਾ (24 ਅਕਤੂਬਰ ਨੂੰ) ਕਰ ਜਾਣ ਤੇ ਉਨ੍ਹਾਂ ਨੂੰ ਪ੍ਰਭਾਵੀ ਸ਼ਰਧਾਂਜਲੀ ਭੇਂਟ ਕਰਨ ਲਈ ਪਿਆਰੇ ਲਾਲ ਭਵਨ, ਨਵੀਂ ਦਿੱਲੀ ਵਿੱਖੇ ਆਯੋਜਿਤ ਸ਼ੋਕ ਸਭਾ ਵਿੱਚ ਮਨਾਡੇ, ਜੋ ਉਸ ਤੋਂ 8 ਵਰ੍ਹੇ ਵੱਡਾ ਸੀ, ਨੂੰ ਭਾਵਭੀਨੀ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਤੇ ਕਾਮਿਨੀ ਕੌਸ਼ਲ ਨੇ ਮਨਾਡੇ ਨਾਲ ਆਪਣੀਆਂ ਮੁਲਾਕਾਤਾਂ ਨੂੰ ਯਾਦ ਕਰਦਿਆਂ ਦਸਿਆ ਕਿ ਮਨਾਡੇ ਸਰਵਸ੍ਰੇਸ਼ਟ ਬਹੁ-ਮੁਖੀ ਗਾਇਕਾਂ ਵਿਚੋਂ ਇੱਕ ਹੀ ਨਹੀਂ ਸੀ, ਸਗੋਂ ਇੱਕ ਸੁਨਹਿਰੀ ਦਿੱਲ ਵਾਲਾ ਨੇਕ ਇਨਸਾਨ ਵੀ ਸੀ। ਕਾਮਿਨੀ ਕੌਸ਼ਲ ਨੇ ਹੋਰ ਦਸਿਆ ਕਿ ਉਪਕਾਰ ਫਿਲਮ (1967), ਜਿਸ ਵਿੱਚ ਉਨ੍ਹਾਂ (ਕਾਮਿਨੀ ਕੌਸ਼ਲ) ਦੇ ਨਾਲ ਪ੍ਰਾਣ ਨੇ ਵੀ ਮਹਤੱਵਪੂਰਣ ਭੂਮਿਕਾ ਨਿਭਾਹੀ ਹੈ, ਦਾ ਗਾਣਾ ‘ਕਸਮੇਂ ਵਾਇਦੇ’ ਉਸਦੇ ਸਭ ਤੋਂ ਵੱਧ ਪਸੰਦ ਕੀਤੇ ਜਾਂਦੇ ਗਾਣਿਆਂ ਵਿਚੋਂ ਇੱਕ ਸੀ।
ਇਸ ਮੌਕੇ ਤੇ ਸੱਖਾ ਦੇ ਬਾਨੀ ਚੇਅਰਮੈਨ ਅਤੇ ਪੇਕੋਬਾ ਦੇ ਬਾਨੀ ਜਨਰਲ ਸਕਤੱਰ ਸ਼੍ਰੀ ਅਮਰਜੀਤ ਸਿੰਘ ਕੋਹਲੀ ਨੇ ਦਸਿਆ ਕਿ ਕਾਮਿਨੀ ਕੌਸ਼ਲ ਨੇ ਬੀਤੇ 67 ਵਰ੍ਹਿਆਂ ਤੋਂ ਫਿਲਮਾਂ ਵਿੱਚ ਕੰਮ ਕਰਦਿਆਂ ਚਲਿਆਂ ਆ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਦੀ ਪਹਿਲੀ ਫਿਲਮ ਚੇਤਨ ਅਨੰਦ ਦੀ ‘ਨੀਚਾ ਘਰ’ (1946) ਸੀ, ਜਿਸਨੇ ਕੇਨ ਫਿਲਮ ਫੈਸਟੀਵਲ 1946 ਵਿੱਚ ਪਾਮ ਡੀ ਜਾਂ ਗੋਲਡਨ ਪਾਮ ਐਵਾਰਡ ਹਾਸਲ ਕੀਤਾ ਸੀ ਅਤੇ ਉਨ੍ਹਾਂ ਦੀ ਨਵੀਂ ਫਿਲਮ ‘ਚੇਨਈ ਐਕਸਪ੍ਰੈਸ’ ਹੈ। ਸ਼੍ਰੀ ਕੋਹਲੀ ਨੇ ਇਸ ਗਲ ਤੇ ਅਫਸੋਸ ਪ੍ਰਗਟ ਕੀਤਾ ਕਿ ਕਾਮਿਨੀ ਕੌਸ਼ਲ ਵਲੋਂ ਫਿਲਮ ਉਦਯੋਗ ਵਿੱਚ ਪਾਏ ਗਏ ਪ੍ਰਭਾਵੀ ਅਤੇ ਅਦੁਤੀ ਯੋਗਦਾਨ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਤਕ ਕੋਈ ਰਾਸ਼ਟਰੀ ਐਵਾਰਡ ਨਹੀਂ ਦਿੱਤਾ ਗਿਆ, ਜਦ ਕਿ ਉਨ੍ਹਾਂ ਤੋਂ ਬਾਅਦ ਦੀਆਂ ਦੋ ਪੀੜੀਆਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਜਾ ਚੁਕਾ ਹੈ।
ਇਸ ਮੌਕੇ ਤੇ ਕਾਮਿਨੀ ਕੌਸ਼ਲ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿਸ਼ੇਸ਼ ਵਿਦਿਆਰਥੀ ਨੰਦ ਕਿਸ਼ੋਰ ਅਗਰਵਾਲ (ਬਾਨੀ ਸੀ ਐਮ ਡੀ ਐਕਸ਼ਨ ਸ਼ੂਜ਼) ਅਤੇ ਧਨਪਤ ਸਿੰਘ (ਆਈ ਏ ਐਸ, ਪ੍ਰਿੰਸੀਪਲ ਸੈਕ੍ਰੇਟਰੀ, ਹਰਿਆਣਾ ਸਰਕਾਰ) ਨੂੰ ਪੇਕੋਬਾ ਐਵਾਰਡ ਨਾਲ ਸਨਮਾਨਤ ਕੀਤਾ। ਉਨ੍ਹਾਂ ਨੇ ਆਰਟ ਐਡ ਕਲਚਰ ਦੇ ਪ੍ਰੋਮੋਟਰ ਡਾ. ਹਰੀਸ਼ ਭੱਲਾ ਅਤੇ ਸੰਗੀਤਕਾਰ ਤਰੁਨ ਬਿਸਵਾਸ ਨੂੰ ਵੀ ‘ਸੱਖਾ ਐਵਾਰਡ’ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਸਿਖਿਆ ਦੇ ਖੇਤ੍ਰ ਵਿੱਚ ਮਹਤੱਵਪੂਰਣ ਯੋਗਦਾਨ ਲਈ ਦੋ ‘ਸੱਖਾ ਐਵਾਰਡਾਂ’ ਵਿਚੋਂ ਇੱਕ ਹਰਿਆਣੇ ਦੇ ਪੇਂਡੂ ਇਲਾਕੇ ਦੇ ਇੱਕ ਪੂਰੇ ਅਨਪੜ੍ਹ ਪਿੰਡ ਨੂੰ ਸਿਖਿਅਤ ਕਰਨ ਅਤੇ ਉਸ ਵਿਚੋਂ ਆਈ ਪੀ ਐਸ ਅਤੇ ਆਈ ਪੀ ਐਸ ਅਫਸਰ ਬਣਾਉਣ ਵਿੱਚ ਪਾਏ ਯੋਗਦਾਨ ਲਈ ਨੈਸ਼ਨਲ ਐਵਾਰਡ ਜੇਤੂ ਮਿਸ਼ਰੀ ਦੇਵੀ (ਚੰਡੀਗੜ੍ਹ) ਨੂੰ ਅਤੇ ਦੂਸਰਾ ਅਦੁਤੀ ਵਿਦਿਆ ਵਿਧਾਨ ਅਤੇ ਕਾਰਜ ਵਿਧੀ ਅਪਨਾਣ ਲਈ ਗੁੜਗਾਉਂ ਦੇ ਹੇਰੀਟੇਜ ਸਕੂਲ ਨੂੰ ਦਿੱਤਾ।
ਇਸ ਮੌਕੇ ਤੇ ਪ੍ਰੋ. ਮਨੋਜ ਅਰੋੜਾ ਡਾਇਰੈਕਟਰ ਪੀ ਈ ਸੀ ਯੂਨੀਵਰਸਿਟੀ ਆਫ ਟੈਕਨਾਲੋਜੀ (ਪਹਿਲਾ ਨਾਂ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ) ਨੇ ਦਸਿਆ ਕਿ ਪੀ ਈ ਸੀ ਅਤੇ ਕਾਮਿਨੀ ਕੌਸ਼ਲ ਵਿੱਚ ਇਕ ਸਾਂਝਾ ਸਬੰਧ ਹੈ। ਉਨ੍ਹਾਂ ਇਸਦਾ ਖੁਲਾਸਾ ਕਰਦਿਆਂ ਦਸਿਆ ਕਿ ਕਾਮਿਨੀ ਕੌਸ਼ਲ ਦਾ ਜਨਮ 1927 ਵਿੱਚ ਲਾਹੌਰ ਵਿਖੇ ਹੋਇਆ ਅਤੇ ਉਥੇ (ਲਾਹੌਰ ਵਿੱਚ) ਹੀ 1921 ਵਿੱਚ ਮੈਕਲਗਨ ਕਾਲਜ, ਜੋ ਪੀ ਈ ਸੀ ਦਾ ਪੂਰਵਜ ਹੈ, ਦੀ ਸਥਾਪਨਾ ਹੋਈ ਸੀ। ਉਨ੍ਹਾਂ ਪਿਛਲੇ ਮਹੀਨੇ ‘ਕਲਪਨਾ ਚਾਵਲਾ ਐਕਸੀਲੈਂਸ ਐਵਾਰਡ’, ਜੋ ਕਿ ਪੇਕੋਬਾ ਵਲੋਂ ਪੀ ਈ ਸੀ ਦਾ ਵਿਦਿਆਰਥਣ ਕਲਪਨਾ ਚਾਵਲਾ ਦੀ ਯਾਦ ਵਿੱਚ ਸਥਾਪਤ ਕੀਤਾ ਗਿਆ ਹੋਇਆ ਹੈ, ਸਵੀਕਾਰ ਕਰ ਪੀ ਈ ਸੀ ਦਾ ਮਾਣ ਵਧਾਣ ਲਈ ਕਾਮਿਨੀ ਕੌਸ਼ਲ ਦਾ ਧੰਨਵਾਦ ਕੀਤਾ। ਕਾਮਿਨੀ ਕੌਸ਼ਲ ਵਲੋਂ ਫਿਲਮਾਂ ਵਿੱਚ ਕੰਮ ਕਰਨ ਦੇ 67 ਵਰ੍ਹੇ ਪੂਰਿਆਂ ਕਰਨ ਤੇ ਦਿੱਲੀ, ਐਨ ਸੀ ਆਰ ਅਤੇ ਮੁੰਬਈ ਦੀਆਂ ਲਗਭਗ 20 ਸੰਸਕ੍ਰਿਤਕ ਸੰਸਅਥਾਵਾਂ ਦੇ ਪ੍ਰਧਾਨਾਂ ਅਤੇ ਸਕਤੱਰਾਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਤਰੁਣ ਬਿਸਵਾਸ ਦੇ ਆਰਕੇਸਟ੍ਰੇਸ਼ਨ ਨਾਲ ਕਾਮਿਨੀ ਕੌਸ਼ਲ ਦੀਆਂ ਫਿਲਮਾਂ ਦੇ ਗਾਣਿਆਂ ਤੇ ਅਧਾਰਤ ਇੱਕ ਪ੍ਰਭਾਵਸ਼ਾਲੀ ਸੰਗੀਤਮਈ ਸੰਸਕ੍ਰਿਤਕ ਪ੍ਰੋਗਰਾਮ ‘ਕਾਮਿਨੀ ਕੌਸ਼ਲ ਕੇ ਕੌਸ਼ਲ’ ਪੇਸ਼ ਕੀਤਾ ਗਿਆ। ਇਹ ਪ੍ਰੋਗਰਾਮ ਕਾਮਿਨੀ ਕੌਸ਼ਲ, ਐਸ ਕੇ ਝਾਅ ਅਤੇ ਅਮਰਜੀਤ ਸਿੰਘ ਕੋਹਲੀ ਵਲੋਂ ਸਾਂਝੇ ਤੌਰ ਤੇ ਤਿਆਰ ਕੀਤਾ ਗਿਆ ਹੋਇਆ ਸੀ।