ਨਵੀਂ ਦਿੱਲੀ :- ਕੈਂਸਰ ਦੀ ਵੱਧ ਰਹੀ ਬਿਮਾਰੀ ਬਾਰੇ ਲੋਕਾਂ ਵਿਚ ਜਾਗਰੁਕਤਾ ਫੈਲਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰੋਕੋ ਕੈਂਸਰ ਫਾਉਂਡੇਸ਼ਨ ਯੂ.ਕੇ. ਨਾਲ ਮਿਲਕੇ 10 ਨੰਵਬਰ 2013 ਨੂੰ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਕਨਾਟ ਪਲੇਸ ਹੁੰਦਾ ਹੋਇਆ “ਕੈਂਸਰ ਜਾਗਰੁਕਤਾ ਮਾਰਚ” ਗੁਰਦੁਆਰਾ ਰਕਾਬਗੰਜ ਸਾਹਿਬ ਤਕ ਕਢਿਆ ਜਾਵੇਗਾ। ਜਿਸ ਵਿਚ ਦਿੱਲੀ ਦੇ 11 ਗੁਰੁੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਲਗਭਗ 10,000 ਬੱਚੇ ਇਸ ਪੈਦਲ ਯਾਤਰਾ ਰਾਹੀਂ ਲੋਕਾਂ ਨੂੰ ਕੈਂਸਰ ਵਰਗੀ ਵੱਡੀ ਬਿਮਾਰੀ ਤੋਂ ਬਚਣ ਲਈ ਜਾਗਰੁਕ ਕਰਨਗੇ। ਇਸ ਮੁਹਿੰਮ ਵਿਚ ਸਹਿਯੋਗ ਕਰਨ ਵਾਲੇ ਸਾਰੇ ਬੱਚਿਆਂ ਨੂੰ ਰੋਕੋ ਕੈਂਸਰ ਵਲੋਂ ਸਰਟਿਫਿਕੇਟ ਦਿੱਤੇ ਜਾਣਗੇ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸਮਾਜਿਕ ਕਾਰਜਾ ਲਈ ਪੁਰੀ ਤਨੰਦੇਹੀ ਨਾਲ ਆਪਣੀ ਜ਼ਿਮੇਦਾਰੀ ਨਿਭਾਉਣ ਨੂੰ ਵਚਨਬੱਧ ਹੈ, ਤੇ ਉਸੇ ਕੜੀ ਵਿਚ ਕੈਂਸਰ ਨੂੰ ਰੋਕਣ ਵਾਸਤੇ ਸਕੂਲੀ ਬੱਚਿਆਂ ਦੇ ਸਹਿਯੋਗ ਨਾਲ ਏਨਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ।