ਭੋਪਾਲ- ਰਾਮਦੇਵ ਦਾ ਮੁਣਸ਼ੀ ਚੈਕਿੰਗ ਦੌਰਾਨ ਭੋਪਾਲ ਪੁਲਿਸ ਦੇ ਸਿ਼ਕੰਜੇ ਵਿੱਚ ਬੁਰੀ ਤਰ੍ਹਾਂ ਫਸਿਆ।ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਉਸ ਦੀ ਗੱਡੀ ਵਿੱਚੋਂ ਪੁਲਿਸ ਨੇ ਸਾਢੇ ਗਿਆਰਾਂ ਲੱਖ ਰੁਪੈ ਬਰਾਮਦ ਕੀਤੇ। ਬਾਬੇ ਰਾਮਦੇਵ ਦੀ ਇਹ ਧੰਨ ਰਾਸ਼ੀ ਜਬਤ ਕਰਕੇ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤੀ ਗਈ ਹੈ।
ਵਿਧਾਨ ਸੱਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੇ ਪੁਲਿਸ ਸਖਤ ਨਿਗਰਾਨੀ ਰੱਖ ਰਹੀ ਹੈ।ਸੂਖੀ ਸੇਵਨੀਆਂ ਥਾਣਾ ਖੇਤਰ ਵਿੱਚ ਇੱਕ ਨਾਕੇ ਤੇ ਗੱਡੀਆਂ ਦੀ ਚੈਕਿੰਗ ਦੌਰਾਨ ਰਾਮਦੇਵ ਦੇ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ਦੇ ਮੁਣਸ਼ੀ ਰਾਜੇਸ਼ ਗਡਰੀਆ ਦੀ ਗੱਡੀ ਵਿੱਚੋਂ ਤਲਾਸ਼ੀ ਦੌਰਾਨ ਸਾਢੇ ਗਿਆਰਾਂ ਲੱਖ ਦੀ ਰਾਸ਼ੀ ਮਿਲੀ। ਇਹ ਰਕਮ ਪੁਲਿਸ ਨੇ ਜਬਤ ਕਰ ਲਈ ਹੈ। ਪੁਲਿਸ ਦੀ ਪੁੱਛਗਿੱਛ ਦੌਰਾਨ ਰਾਜੇਸ਼ ਨੇ ਦੱਸਿਆ ਕਿ ਯੋਗ ਸਿ਼ਵਿਰ ਨੂੰ ਦਾਨ ਵਿੱਚ ਮਿਲੀ ਇਸ ਧੰਨ ਰਾਸ਼ੀ ਨੂੰ ਲੈ ਕੇ ਊਹ ਕਾਰ ਰਾਹੀਂ ਭੋਪਾਲ ਆ ਰਿਹਾ ਸੀ। ਉਹ ਇਹ ਰਕਮ ਲੈ ਕੇ ਪਤੰਜਲੀ ਪੀਠ ਵਿੱਚ ਜਮ੍ਹਾਂ ਕਰਵਾਉਣ ਲਈ ਹਰਿਦੁਆਰ ਜਾਣ ਹੀ ਵਾਲਾ ਸੀ ਕਿ ਪੁਲਿਸ ਦੇ ਹੱਥੀਂ ਚੜ੍ਹ ਗਿਆ ਅਤੇ ਉਸਨੂੰ ਇਸ ਰਾਸ਼ੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।ਜਬਤ ਕੀਤੀ ਗਈ ਇਹ ਧੰਨ ਰਾਸ਼ੀ ਇਨਕਮ ਟੈਕਸ ਨੂੰ ਸੌਂਪ ਦਿੱਤੀ ਗਈ ਹੈ।
ਮੱਧਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਾਂਤੀਲਾਲ ਭੂਰੀਆ ਦਾ ਕਹਿਣਾ ਹੈ ਕਿ ਯੋਗ ਕੈਂਪ ਦੀ ਆੜ ਵਿੱਚ ਨਾਂ ਕੇਵਲ ਰਾਜਨੀਤੀ ਖੇਡ ਰਿਹਾ ਹੈ, ਸਗੋਂ ਉਹ ਸ਼ਰੇਆਮ ਆਚਾਰ ਸਹਿੰਤਾ ਦਾ ਉਲੰਘਣ ਵੀ ਕਰ ਰਿਹਾ ਹੈ। ਭੂਰੀਆ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਭਾਜਪਾ ਦੇ ਨਾਲ ਮਿਲਕੇ ਇੱਕ ਅਜਿਹਾ ਪ੍ਰਧਾਨਮੰਤਰੀ ਦੇਸ਼ ਦੇ ਸੰਵਿਧਾਨ ਤੇ ਥੋਪਣ ਦੀ ਚਾਲ ਵਿੱਚ ਸ਼ਾਮਿਲ ਹੈ ਜਿਸ ਦਾ ਰਿਮੋਟ ਕੰਟਰੋਲ ਰਾਮਦੇਵ ਵਰਗੇ ਠੱਗ ਬਾਬੇ ਦੇ ਹੱਥ ਵਿੱਚ ਰਹੇਗਾ।