ਲੈਂਗਲੀ, ਬੀ. ਸੀ. – 26 ਅਕਤੂਬਰ ਦਿਨ ਸ਼ਨਿੱਚਰਵਾਰ 1.00 ਵਜੇ ਤੋਂ 3.00 ਵਜੇ ਤੱਕ ਮਿਊਰੀਅਲ ਆਰਨਾਸਨ ਲਾਇਬ੍ਰੇਰੀ ਅਤੇ ਟਾਊਨਸ਼ਿਪ ਆੱਫ ਲੈਂਗਲੀ ਵੱਲੋਂ ਆਪਣਾ ਦਸਵਾਂ ਸਾਲਾਨਾ ਦੀਵਾਲੀ ਦਾ ਤਿਉਹਾਰ ਬੜੇ ਚਾਵਾਂ,ਖੁਸੀਆਂ ਅਤੇ ਉਤਸਾਹ ਨਾਲ ਮਨਾਇਆ ਗਿਆ । ਇਸ ਖੁਸ਼ੀ ਦੇ ਮੌਕੇ ਦਾ ਅਨੰਦ ਮਾਨਣ ਲਈ ਹਰ ਭਾਈਚਾਰੇ ਦੇ ਲੋਕ ਹੁੰਮ ਹੁੰਮਾ ਕੇ ਪਹੁੰਚੇ ਹੋਏ ਸਨ । ਟਾਊਨਸ਼ਿਪ ਆੱਫ ਲੈਂਗਲੀ ਦੇ ਮੇਅਰ ਜੈਕ ਫ਼ਰੋਜ, ਕੌਂਸਲਰ ਗਰਾਂਟ ਵਾਰਡ, ਕੌਂਸਲਰ ਕਿਮ ਰਿਚਟਰ, ਕੌਂਸਲਰ ਚਾਰਲੀ ਫ਼ੌਕਸ, ਕੌਂਸਲਰ ਸਟੀਵ ਫੈਰਗੂਸਨ, ਕੌਂਸਲਰ ਬੋਬ ਲੋਂਗ, ਕੌਂਸਲਰ ਬੈਵ ਡੋਰਨਨ ਵੀ ਇਸ ਬਹੁਸਭਿਅਕ ਤਿਉਹਾਰ ਦਾ ਆਨੰਦ ਮਾਨਣ ਲਈ ਪਹੁੰਚੇ ਹੋਏ ਸਨ ।ਮੇਅਰ ਜੈਕ ਫ਼ਰੋਸ ਅਤੇ ਕੌਂਸਲਰ ਗਰਾਂਟ ਵਾਰਡ, ਅਤੇ ਜੂਡੀ ਦਾ ਮੈਨਰਜ਼ ਲੇਡੀ ਨੇ ਇਸ ਪਵਿੱਤਰ ਤਿਉਹਾਰ ਤੇ ਲੋਕਾਂ ਨੂੰ ਵਧਾਈ ਦਿੱਤੀ ।
ਇਸ ਮਨੋਰੰਜਨ ਭਰਪੂਰ ਪ੍ਰੋਗਰਾਮ ਵਿੱਚ ਸੱਤ ਸਾਲ ਦੇ ਇਸ਼ਾਂਨ ਸਿੰਘ ਰੰਗੀ ਦੇ ਭੰਗੜੇ ਨੇ ਸਭ ਨੂੰ ਝੂਮਣ ਲਾ ਦਿੱਤਾ । ਜਸ਼ਨਪ੍ਰੀਤ ਸਿੰਘ ਰੰਧਾਵਾ ਨੇ ਪੱਗ ਦਾ ਸੰਖੇਪ ਇਤਿਹਾਸ, ਇਸ ਦੀ ਸਿੱਖ ਧਰਮ ਵਿੱਚ ਮਹੱਤਤਾ, ਅਤੇ ਇਸਨੂੰ ਬੰਨਣ ਦੇ ਤਰੀਕੇ ਨੂੰ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤਾ । ਸਰਵਨ ਸਿੰਘ ਰੰਧਾਵਾ ਅਤੇ ਬਲਜੀਤ ਸਿੰਘ ਕੁੰਦਨ ਵੱਲੋਂ ਆਏ ਹੋਏ ਬਹੁਤ ਸਾਰੇ ਮਹਿਮਾਨਾਂ ਜਿਨਾਂ ਵਿੱਚ ਕੌਂਸਲਰ ਚਾਰਲੀ ਫ਼ੌਕਸ, ਕੌਂਸਲਰ ਸਟੀਵ ਫੈਰਗੂਸਨ, ਐਮ ਐਲ ਏ ਰਹਿ ਚੁੱਕੇ ਦੇਵ ਹੇਅਰ, ਬਰੂਸ ਬਰੂਮਫ਼ੀਲਡ, ਅਤੇ ਇੱਕ ਨੌਜਵਾਨ ਕੁੜੀ ‘ਵੈਲਰੀ’ ਵੀ ਸਾਮਿਲ ਸੀ, ਦੇ ਸਿਰਾਂ ਤੇ ਪੱਗਾਂ ਬੰਨਣ ਦਾ ਖੂਬਸੂਰਤ ਪ੍ਰਦਰਸਨ ਕੀਤਾ । ਇਸ ਮੌਕੇ ਕੁੜੀਆਂ ਦੇ ਮਨੋਰੰਜਨ ਵਾਸਤੇ ਮੈਂਹਦੀ ਅਤੇ ਬੱਚਿਆਂ ਦੇ ਮਨੋਰੰਜਨ ਵਾਸਤੇ ਫੇਸ ਪੇਟਿੰਗ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ । ਇਸ ਦੌਰਾਨ ਕਰਾਫਟਿੰਗ ਅਤੇ ਕਲਰਿੰਗ ਦਾ ਪ੍ਰੋਗਰਾਮ ਵੀ ਸਫ਼ਲਤਾ ਪੂਰਨ ਚਲਦਾ ਰਿਹਾ । ਮਹਿਮਾਨਾਂ ਦੀ ਸਮੋਸਿਆਂ, ਪਕੌੜਿਆਂ, ਬਿਸਕੁਟਾਂ, ਚਾਹ ਅਤੇ ਕੌਫ਼ੀ ਨਾਲ ਪ੍ਰੋਹਣਾਚਾਰੀ ਕੀਤੀ ਗਈ ।
ਪ੍ਰੋਗਰਾਮ ਦੇ ਅਖੀਰ ਵਿੱਚ ਮਿਊਰੀਅਲ ਆਰਨਾਸਨ ਲਾਇਬ੍ਰੇਰੀ ਦੇ ਮੁਖੀ ਡਾ. ਸਰਵਨ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ, ਵਲੰਟੀਅਰਜ਼, ਅਤੇ ਮੀਡੀਏ ਦਾ ਧੰਨਵਾਦ ਕੀਤਾ ।