ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਨਵੰਬਰ 1984 ਨੂੰ ਸਰਕਾਰ, ਸਰਕਾਰੀ ਤੰਤਰ ਅਤੇ ਕਾਂਗਰਸੀ ਲੀਡਰਾਂ ਵਲੋਂ ਯੋਜਨਾਬੱਧ ਤਰੀਕੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ । ਜਿਸ ਅਨੁਸਾਰ ਜੰਮੂ ਕਸ਼ਮੀਰ ਵਿੱਚ 20, ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 4000, ਹਰਿਆਣੇ ਦੇ ਵੱਖ-ਵੱਖ ਸ਼ਹਿਰਾਂ ਵਿੱਚ 300, ਯੂਪੀ ਵਿੱਚ 515, ਬਿਹਾਰ ਵਿੱਚ 370, ਤਾਮਿਲਨਾਢੂ ਵਿੱਚ 22, ਅਸਾਮ ਵਿੱਚ 07,ਮਹਾਰਾਸਟਰਾ ਵਿੱਚ 260,ਬੰਗਾਲ ਵਿੱਚ 33, ਮੱਧ ਪ੍ਰਦੇਸ਼ ਵਿੱਚ 48,ਉੜੀਸਾ ਵਿੱਚ 21, ਗੁਜਰਾਤ ਵਿੱਚ 06, ਹਿਮਾਚਲ ਵਿੱਚ 50 ,ਗੋਆ ਵਿੱਚ 11, ਕਰਨਾਟਕਾ 14 ਅਤੇ ਰਾਜਸਥਾਨ ਵਿੱਚ 55 ਸਿੱਖਾ ਨੂੰ ਕੋਹ-ਕੋਹ ਕੇ ਸ਼ਹੀਦ ਕੀਤਾ ਗਿਆ । ਪੰਜਾਬ ਦੇ ਅਣਗਿਣਤ ਡਰਾਇਵਰਾਂ ਨੂੰ ਰਾਸਤੇ ਵਿੱਚ ਹੀ ਮਾਰ ਕੇ ਖਪਾ ਦਿੱਤਾ ਗਿਆ ਜਿਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਦਾ । ਹੁਣ ਤੱਕ ਸਿਰਫ ਦਿੱਲੀ ਵਿੱਚ ਹੀ ਵੱਖ-ਵੱਖ ਇੰਨਕੁਆਇਰੀ ਕਮਿਸ਼ਨ ਬੈਠੇ ਸਨ । 26 ਸਾਲਾਂ ਬਾਅਦ ਨਿਜੀ ਉਦਮ ਦੇ ਸਦਕਾ ਮਾਰਚ 2011 ਨੂੰ ਦਿੱਲੀ ਤੋਂ ਬਾਹਰ ਪਹਿਲੀ ਵਾਰ ਹਰਿਆਣੇ ਵਿੱਚ ਕਤਲ ਹੋਏ ਸਿੱਖਾਂ ਦੀ ਇੰਨਕੂਆਇਰੀ ਲਈ ਟੀ.ਪੀ.ਗਰਗ ਕਮਿਸ਼ਨ ਬਣਿਆ ਹੈ । ਪਹਿਲਾਂ ਇਹ ਕਮਿਸਨ ਸਿਰਫ ਹੋਦ ਚਿੱਲੜ ਵਿੱਚ ਕਤਲ ਕੀਤੇ 32ਸਿੱਖਾਂ ਦੀ ਇੰਨਕੁਆਇਰੀ ਲਈ ਹੀ ਬਣਿਆ । ਬਾਅਦ ਵਿੱਚ ਜਦੋਂ ਗੁੜਗਾਉਂ, ਪਟੌਦੀ ਕਤਲੇਆਮ ਦੇ ਲੋਕ ਜਿਹਨਾਂ ਦੇ ਕ੍ਰਮਵਾਰ 47,17 ਪਰਿਵਾਰਿਕ ਜੀਅ ਮਰੇ ਸਨ ਉਹ ਗਰਗ ਕਮਿਸ਼ਨ ਸਾਹਮਣੇ ਗਏ ਤਾਂ ਕਮਿਸ਼ਨ ਨੇ ਉਹਨਾਂ ਦੀਆਂ ਪਟੀਸ਼ਨਾ ਖਾਰਜ ਕਰ ਦਿਤੀਆਂ । ਬਾਅਦ ਵਿੱਚ ਮੇਰੇ ਵਲੋੰ ਦਸੰਬਰ 2011 ਵਿੱਚ ਪੰਜਾਬ ਹਰਿਆਂਣਾ ਹਾਈਕੋਰਟ ਵਿੱਚ ਰਿੱਟ ਪਟੀਸ਼ਨ 3821 ਪਾਈ ਗਈ ਜਿਸ ਤਹਿਤ ਇਸ ਕਮਿਸ਼ਨ ਦੇ ਘੇਰੇ ਨੂੰ ਵਿਸਾਲ ਕਰ ਗੁੜਗਾਉਂ ਪਟੌਦੀ ਨੂੰ ਵੀ ਸ਼ਾਮਿਲ ਕੀਤਾ ਗਿਆ । ਹੁਣ ਇਹ ਕਮਿਸ਼ਨ ਤਿੰਨੋ ਏਰੀਏ ਵਿੱਚ ਕਤਲ ਹੋਏ ਸਿੱਖਾਂ ਦੀ ਇੰਨਕੁਆਇਰੀ ਕਰ ਰਿਹਾ ਹੈ ।
ਕਾਰਵਾਈ ਕਿੱਥੇ ਤੱਕ ਪਹੁੰਚੀ ?
ਜਦੋ ਕਮਿਸਨ ਬਣਿਆ ਸੀ ਤਾਂ ਸਰਕਾਰ ਨੇ ਕਿਹਾ ਸੀ ਕਿ ਇਸ ਦੀ ਰਿਪੋਰਟ ਛੇ ਮਹੀਨੇ ਦੇ ਅੰਦਰ ਅੰਦਰ ਆ ਜਾਵੇਗੀ ਪਰ ਹੁਣ ਤੱਕ ਪੂਰੇ 32 ਮਹੀਂਨੇ ਗੁਜਰ ਚੁੱਕੇ ਹਨ ਪੀੜਤਾਂ ਨੂੰ ਇੰਨਸਾਫ ਦੇ ਨਾਮ ਤੇ ਸਿਰਫ ਤਰੀਕਾਂ ਹੀ ਮਿਲ਼ ਰਹੀਆਂ ਹਨ । ਗੱਲ ਅਗਰ ਹੋਦ ਚਿੱਲੜ ਦੀ ਕਰੀਏ ਤਾਂ ਉਸ ਕੇਸ ਵਿੱਚ ਕਮਿਸਨ ਨੇ ਜੂਨ 2011 ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ , ਜਿਸ ਤਹਿਤ ਪੀੜਤਾਂ ਵਲੋਂ 80 ਪਟੀਸ਼ਨਾ ਪਾਈਆਂ ਗਈਆਂ । ਜਿਸ ਵਿੱਚ ਉਹਨਾਂ ਆਪਣੇ ਮਰੇ ਪਰਿਵਾਰਿਕ ਜੀਆਂ ਦਾ ਵਰਣਨ ਕੀਤਾ ਨਾਲ ਹੀ ਉਹਨਾਂ ਆਪਣੇ ਪਰਿਵਾਰਾਂ ਦੇ ਨੁਕਸਾਨ ਦੀ ਡੀਟੇਲ ਵੀ ਕਮਿਸ਼ਨ ਨੂੰ ਸੌੰਪੀ ਗਈ ਹੈ । ਪੀੜਤਾਂ ਦੀਆਂ ਪਟੀਸ਼ਨਾ ਵਿੱਚ ਹੌਲਨਾਕ ਕੇਸ ਅੱਜ ਕੱਲ ਰਿਵਾੜੀ ਨਿਵਾਸੀ (ਹਰਿਆਣਾ) ਸੁਰਜੀਤ ਕੌਰ ਦਾ ਹੈ । ਸੁਰਜੀਤ ਕੌਰ ਦੀ ਦਰਦ ਭਰੀ ਕਹਾਣੀ ਸੁਣ ਸਾਰੇ ਦਹਿਲ ਜਾਂਦੇ ਹਨ । ਸੁਰਜੀਤ ਕੌਰ ਵਲੋਂ ਜੱਜ ਸਾਹਮਣੇ ਭਰੇ ਮਨ ਨਾਲ਼ ਭਾਵੁਕ ਹੁੰਦਿਆਂ ਦੱਸਣ ਮੁਤਾਬਕ ਉਸ ਸਮੇਂ ਉਹ ਕੇਵਲ ਛੇ ਵਰਿਆਂ ਦੀ ਸੀ । ਉਸ ਕਤਲੇਆਮ ਦੌਰਾਨ ਉਹਨਾ ਦਾ ਸਾਰਾ ਪਰਿਵਾਰ ਇੱਕੋ ਹਵੇਲੀ ਵਿੱਚ ਰਹਿੰਦਾ ਸੀ । ਕਾਤਲ ਭੀੜ ਨੇ ਉਸ ਦੇ ਪਰਿਵਾਰ ਦੇ 12 ਜੀਆਂ ਨੂੰ ਬੜੇ ਬੁਰੇ ਤਰੀਕੇ ਨਾਲ਼ ਮਾਰ ਦਿਤਾ ਸੀ । ਜਿਸ ਵਿੱਚ ਉਸ ਦੇ ਦਾਦਾ ਗੁਰਦਿਆਲ ਸਿੰਘ, ਦਾਦੀ ਜਮਨਾ ਬਾਈ । ਉਸ ਦੇ ਪਿਤਾ ਅਰਜਨ ਸਿੰਘ ਮਾਤਾ ਪ੍ਰੀਤਮ ਕੌਰ ਨੂੰ ਥਾਏ ਹੀ ਮਾਰ ਦਿਤਾ ਗਿਆ । ਉਸ ਨੇ ਰੋਂਦਿਆਂ ਦੱਸਿਆ ਕਿ ਉਸ ਦੇ ਦੋ ਛੋਟੇ ਭਾਈ ਜਸਬੀਰ ਸਿੰਘ ਅਤੇ ਸਤਬੀਰ ਸਿੰਘ ਜਿਹਨਾਂ ਦੀ ਉਮਰ ਮਸਾਂ ਦੋ ਅਤੇ ਤਿੰਨ ਸਾਲ ਦੀ ਸੀ ਭੀੜ ਨੇ ਉਹਨਾਂ ਨੂੰ ਕੰਧਾਂ ਨਾਲ਼ ਪਟਕਾ-ਪਟਕਾ ਕੇ ਮਾਰਿਆ ਸੀ । ਏਥੇ ਹੀ ਬੱਸ ਨਹੀਂ ਉਸ ਦੀਆ ਤਿੰਨ ਭੂਆ ਜੋਗਿੰਦਰ ਕੌਰ, ਜਸਬੀਰ ਕੌਰ ਅਤੇ ਸੁਨੀਤਾ ਦੇਵੀ ਨੂੰ ਵੀ ਭੀੜ ਨੇ ਨਹੀਂ ਬਖਸਿਆ । ਇਸੇ ਘਟਨਾ ਕ੍ਰਮ ਦੌਰਾਨ ਉਸ ਦੇ ਤਿੰਨ ਚਾਚੇ ਮਹਿੰਦਰ ਸਿੰਘ, ਗੁਰਚਰਨ ਸਿੰਘ ਅਤੇ ਗਿਆਨ ਸਿੰਘ ਨੂੰ ਵੀ ਮੌਤ ਦੇ ਘਾਟ ਉਤਾਰ ਦਿਤਾ । ਉਸ ਨੇ ਅਦਾਲਤ ਨੂੰ ਦੱਸਿਆ ਕਿ ਸਾਰਿਆਂ ਦੀ ਮੋਤ ਤੋਂ ਬਾਅਦ ਉਹ ਬਿਲਕੁਲ ਅਨਾਥ ਹੋ ਗਈ ਸੀ ਅਤੇ ਉਸ ਦੇ ਨਾਨਾ-ਨਾਨੀ ਨੇ ਉਸ ਨੂੰ ਕਿਵੇਂ ਨਾ ਕਿਵੇਂ ਪਾਲਿਆ । ਸੁਰਜੀਤ ਕੌਰ ਦੀ ਦਰਦ ਭਰੀ ਕਹਾਣੀ ਪੱਥਰ ਦਿਲਾਂ ਨੂੰ ਵੀ ਰੁਆਉਣ ਦੇ ਸਮਰੱਥ ਹੈ ।
ਮਹਿੰਦਰ ਕੌਰ ਪਤਨੀ ਸ.ਪਰਤਾਪ ਸਿੰਘ ਦੀ ਵਿੱਥਿਆ ਅਨੁਸਾਰ, ‘ਹਜਾਰਾਂ ਦੀ ਗਿਣਤੀ ਵਿੱਚ ਭੀੜ ਨੂੰ ਦੇਖ ਕੇ ਉਹ ਸਾਰੇ ਆਪਣੀ ਹਵੇਲੀ ਵਿੱਚ ਵੜ ਗਏ ਸਨ । ਕਾਤਲ ਭੀੜ ਨੇ ਉਹਨਾਂ ਦੇ ਘਰ ਦੀ ਛੱਤ ਪਾੜ ਕੇ ਅੰਦਰ ਡੀਜਲ ਪਾ ਕੇ, ਜਵਾਰ ਦੇ ਟਾਂਡਿਆਂ ਨਾਲ਼ ਅੱਗ ਲਗਾ ਦਿਤੀ । ਅੰਦਰ ਜਦੋਂ ਧੂੰਏ ਨਾਲ਼ ਦਮ ਘੁੱਟਣ ਲੱਗਾ ਤਾਂ ਅਸੀਂ ਭੱਜ ਕੇ ਬਾਹਰ ਆਏ । ਜਦੋਂ ਬਾਹਰ ਆਏ ਤਾਂ ਭੀੜ ਨੇ ਸਾਡੇ ਤੇ ਲੋਹੇ ਦੀਆਂ ਰਾਡਾਂ ਅਤੇ ਪੱਥਰ ਵੱਟਿਆਂ ਨਾਲ਼ ਹਮਲਾ ਕਰ ਦਿਤਾ । ਅਸੀਂ ਫਿਰ ਅੰਦਰ ਵੜ ਜਾਂਦੇ, ਭੀੜ ਫਿਰ ਦੂਸਰੇ ਕਮਰੇ ਜਿਸ ਵਿੱਚ ਅਸੀਂ ਵੜੇ ਹੁੰਦੇ ਉਸ ਦੀ ਛੱਤ ਪਾੜਦੀ ਅਤੇ ਠੀਕ ਉਸੇ ਤਰੀਕੇ ਅੰਦਰ ਅੱਗ ਲਗਾ ਦਿੰਦੀ । ਏਸੇ ਤਰਾਂ ਸਾਡੀ ਪੂਰੀ ਹਵੇਲੀ ਤਬਾਹ ਹੋ ਗਈ ਅਤੇ ਇਸ ਵਿੱਚ ਮੇਰੀ ਜੇਠਾਣੀ ਅੰਮ੍ਰਿਤ ਕੌਰ ਦੀ ਮੌਤ ਹੋ ਗਈ ।
ਸਾਡਾ ਪਰਿਵਾਰ ਮੈਂਨੂੰ , ਮੇਰੇ ਦਿਓਰ ਸਾਵਣ ਸਿੰਘ ਅਤੇ ਮੇਰੀ ਸੱਸ ਬੇਸਰ ਬਾਈ ਨੂੰ ਮਰਿਆ ਸਮਝ ਓਥੇ ਹੀ ਛੱਡ ਗਿਆ । ਅਸੀਂ ਪੂਰੀ ਰਾਤ ਖੂਨ ਨਾਲ਼ ਲੱਥ-ਪੱਥ ਉਵੇਂ ਹੀ ਪਏ ਰਹੇ । ਅਸੀਂ ਜਖਮੀ ਹੀ ਐਨੇ ਸਾਂ ਕਿ ਸਾਡੇ ਤੋਂ ਉੱਠਿਆ ਵੀ ਨਹੀਂ ਸੀ ਜਾਂਦਾ । ਅਗਲੇ ਦਿਨ ਸਾਨੂੰ ਨਹੀਂ ਪਤਾ ਕਿ ਕੌਣ ਸਾਨੂੰ ਹਸਪਤਾਲ਼ ਲੈ ਕੇ ਗਿਆ ?”
ਹੁਣ ਤੱਕ ਇੱਕ ਵਾਰ ਜੱਜ ਜਸਟਿਸ ਟੀ.ਪੀ. ਗਰਗ ਹੋਦ ਪਿੰਦ ਦਾ ਦੌਰਾ ਵੀ ਕਰ ਚੁੱਕਾ ਹੈ । ਅਤੇ ਉਹਨਾਂ ਉਸ ਪਿੰਡ ਨੂੰ ਉਵੇਂ ਦਾ ਉਂਵੇ ਰੱਖਣ ਦਾ ਆਰਡਰ ਵੀ ਪਾਸ ਕੀਤਾ ਹੈ । ਪੀ.ਡਬਲਿਊ.ਡੀ ਵਿਭਾਗ ਵਲੋਂ ਰਿਪੋਰਟ ਪੇਸ਼ ਕੀਤੀ ਗਈ ਹੈ । ਜਿਸ ਵਿਚ ਪੀੜਤਾਂ ਵਲੋਂ ਇਤਰਾਜ ਵੀ ਉਠਾਏ ਗਏ ਹਨ ।
ਪਟੌਦੀ ਕੇਸ ਦੇ ਸਬੰਧ ਵਿੱਚ ਚਸਮਦੀਨ ਗਵਾਹ ਹਰਭਜਨ ਸਿੰਘ ਦੇ ਹਵਾਲੇ ਨਾਲ਼ ਦਿਲ ਦਹਿਲਾਉਣ ਵਾਲਾ ਵਾਕਿਆ ਪ੍ਰਕਾਸ ਵਿੱਚ ਆਇਆ ਹੈ । ਉਸ ਅਨੁਸਾਰ ਗਿਆਨ ਸਿੰਘ ਦੀਆਂ ਦੋ ਲੜਕੀਆਂ ਕ੍ਰਮਵਾਰ 16 ਅਤੇ 19 ਸਾਲ ਦੀਆਂ ਸਨ, ਜਿਹਨਾਂ ਨੂੰ ਮਕਸੂਦ ਨਾਂ ਦੇ ਮੁਸਲਮਾਨ ਨੇ ਬਚਾਉਣ ਦੀ ਬਹੁਤ ਕੋਸ਼ਿਸ ਕੀਤੀ ਪਰ ਵਿਚਾਰੇ ਇਕੱਲੇ ਦੀ ਕੋਈ ਪੇਸ਼ ਨਾਂ ਗਈ । ਇਹਨਾਂ ਦੋਹਾਂ ਮਾਸੂਮ ਬਾਲੜੀਆਂ ਨਾਲ਼ ਸਮੂਹਿਕ ਬਲਤਕਾਰ ਕੀਤਾ ਗਿਆ । ਵਿਚਾਰੀਆਂ ਲੜਕੀਆਂ ਦਰਦ ਨਾਲ਼ ਕਰਾਉਂਦੀਆਂ ਰਹੀਆਂ ਮਾਂ ਦੇ ਸੋਗ ਵਿੱਚ ਡੁੱਬੇ ਦੰਗਈ ਵਾਰੀ ਵਾਰੀ ਬਲਤਕਾਰ ਕਰਦੇ ਰਹੇ । ਬਲਤਕਾਰ ਕਰਨ ਤੋਂ ਬਾਅਦ ਵੀ ਦੰਗਈ ਸਾਂਤ ਨਾਂ ਹੋਏ ਉਹਨਾਂ ਦੋਵਾ ਨੂੰ ਨਗਨ ਹਾਲਤ ਵਿੱਚ ਹੀ ਸਾਰਿਆਂ ਨੇ ਉਹਨਾਂ ਦੇ ਮੂੰਹ ਤੇ ਪੇਸ਼ਾਬ ਕੀਤਾ ਅਤੇ ਉਹ ਥਾਂ ਤੇ ਹੀ ਮਰ ਗਈਆਂ ਸਨ ।
ਪਿੰਡ ਖੇੜੀ ਦੇ ਵਾਸੀ ਹਰਭਜਨ ਸਿੰਘ ਨੇ 4 ਨਵੰਬਰ 1984 ਨੂੰ ਪਟੌਦੀ ਥਾਣੇ ਵਿੱਚ ਦਰਜ ਕਰਵਾਈ ਇੱਕ ਐਫ ਆਈ ਆਰ ਨੰ. 165 ਡੀ.ਐਫ 4-11-84 ਦਰਜ ਕਰਵਾਈ ਗਈ ।ਉਸ ਐਫ.ਆਈ.ਆਰ ਵਿੱਚ ਨਥਨ ਸਨਆਫ ਰਾਮ ਚੰਦਰ ਅਹੀਰ ਰੈਸ਼ੀਡੈਂਸ ਆਫ ਟੋਡਾ ਪੁਰ , ਬਿਲੂ ਉਰਫ ਮਹੇਸ਼ ਸਨਆਫ ੳੇਦੈ ਰਾਜ, ਅਚਨ ਅਨਆਫ ਨਰੈਣ ਸਿੰਘ ਰਾਜਪੂਤ, ਜਟੋਲੀ, ਸੁਖਪਾਲ ਸੰਨਆਫ ਮਹਿੰਦਰ ਸਿੰਘ ਰਾਜਪੂਤ, ਰਣਜੀਤ ਸੰਨਆਫ ਮੰਗੂਰਾਮ ਲੋਹਾਰ, ਸੰਭੂ ਉਰਫ ਵਰਿੰਦਰ ਸੰਨਆਫ ਰਤੀਆਂ ਬ੍ਰਾਹਮਣ ਰੈਜੀਡੈਂਸ ਆਫ ਜਟੌਲੀ, ਮਹਿੰਦਰ ਸੰਂਆਫ ਕਲਿਆਂਣ ਸਿੰਘ, ਸੀਤਾ ਰਾਮ ਸੰਨਆਫ ਹਜਾਰੀ ਲਾਲ ਖਾਤੀ, ਜਗਦੀਸ਼ ਸੰਨਆਫ ਚਿਰੰਜੀ ਕੌਮ ਨਾਈ, ਸ਼ਹਿਜਾਦ ਸੰਨਆਫ ਕਿਸ਼ਨ ਲਾਲ ਧਾਨਕ ਰੈਜੀਡੈਂਸ ਪਟੌਦੀ, ਵਰਿੰਦਰ ਸਿੰਘ ਸੰਨਆਫ ਬਨੀ ਸਿੰਘ ਰਾਜਪੂਤ, ਸੁਨੀਲ ਅਤੇ ਹੋਰ ਅਣਗਿਣਤ ਅਣਪਛਾਤ ਵਿਅਕਤੀਆਂ ਵਿਰੁੱਧ ਆਈ ਪੀ ਸੀ ਦੀ ਧਾਰਾ 414, 302/201,148/149,448/436, 380 ਤਹਿਤ ਦਰਜ ਕੀਤਾ ਗਿਆ ਸੀ ਪਰ ਅਫਸੋਸ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ।
ਹੁਣ ਤੱਕ ਢਾਈ ਸਾਲਾਂ ਦੀ ਚੱਲ ਰਹੀ ਕੋਰਟ ਦੀ ਕਾਰਵਾਈ ਦੌਰਾਨ ਸਰਕਾਰੀ ਤੰਤਰ ਪੀੜਤਾ ਸਿੱਖਾਂ ਨੂੰ ਮਿਲੇ ਮੁਆਵਜੇ ਦੀ ਲਿਸਟ ਪੇਸ਼ ਕਰ ਰਿਹਾ ਹੈ , ਕਰਵਾਈ ਦੇ ਨਾਮ ਤੇ ਸਰਕਾਰੀ ਤੰਤਰ ਬਿਲਕੁਲ ਜੀਰੋ ਹੈ । ਉਹਨਾਂ ਦਾ ਕਹਿਣਾ ਹੈ, ਕਿ ਇਹ ਸਿੱਖ ਐਵੇਂ ਰੌਲਾਂ ਪਾਈ ਜਾ ਰਹੇ ਹਨ ਅਸੀਂ ਇਹਨਾਂ ਨੂੰ ਇਹਨਾਂ ਦੇ ਕਤਲ ਹੋਏ ਭੈਣਾ ਭਰਾਂਵਾ/ ਲੁੱਟੀਆਂ ਇੱਜਤਾਂ ਦੇ ਜੁਰਮਾਨੇ ਵਜੋ ਮੁੱਲ ਤਾਂ ਦੇ ਦਿਤਾ ਹੈ । ਅਸੀ ਹਰੇਕ ਸਿੱਖ ਦੀ ਮੌਤ ਦਾ ਮੁੱਲ ਪਾ ਦਿਤਾ ਹੈ ਹੁਣ ਇਹਨਾਂ ਨੂੰ ਕੁੱਝ ਵੀ ਬੋਲਣਾ ਨਹੀਂ ਚਾਹੀਦਾ ।
ਪੀੜਤਾਂ ਦਾ ਦਰਦ:- ਪੀੜਤ 1984 ਵਿੱਚ ਉਜੜ ਕੇ ਏਧਰ ਆਪਣੇ ਦੇਸ਼ ਆਏ । ਥੋੜੇ ਬਹੁਤ ਸੈਟ ਹੋਏ ਨਵੰਬਰ 1984 ਆ ਗਈ ਜਿਸ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਖੇਰੂ ਖੇਰੂ ਹੋ ਗਏ । ਉਹ ਫਿਰ ਉਜੜ ਗਏ । ਅੱਜ ਕੱਲ ਉਹ ਸੈਟ ਹੋਣ ਲਈ ਫਿਰ ਹੱਥ ਪੈਰ ਮਾਰ ਰਹੇ ਹਨ । ਹੋਦ ਵਿੱਚੋਂ ਉਜੜ ਕੇ ਆਏ ਬਜੁਰਗ ਬਾਪੂ ਉੱਤਮ ਸਿੰਘ ਜੋ ਅਜ ਕੱਲ ਬਠਿੰਡੇ ਵਿਖੇ ਰਹਿੰਦੇ ਹਨ ਕਿ ਉਹ ਅੱਜ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ । ਉਹਨਾਂ ਦੀ ਕਿਸੇ ਨੇ ਵੀ ਬਾਹ ਨਹੀਂ ਫੜੀ । ਉਹਨਾਂ ਵਲੋਂ ਲੱਖਾਂ ਬੇਨਤੀਆਂ ਕਰਨ ਦੇ ਬਾਵਜੂਦ ਉਹਨਾਂ ਦੇ ਲਾਲ ਕਾਰਡ ਨਹੀਂ ਬਣ ਰਹੇ । ਬੱਚਿਆਂ ਨੂੰ ਨੌਕਰੀ ਮਿਲਣੀ ਤਾਂ ਬਹੁਾ ਦੂਰ ਦੀ ਗੱਲ ਹੈ । ਹਾਲਾਂਕਿ ਐਸ.ਜੀ.ਪੀ.ਸੀ ਨੇ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਦਾ ਭਰੋਸਾ ਤਾਂ ਜਤਾਇਆ ਹੈ ਪਰ ਉਹ ਅੱਜ ਤੱਕ ਸਿਰਫ ਭਰੋਸਾ ਹੈ । ਭਰੋਸਾ ਲਾਗੂ ਕਦੋ ਹੋਵੇਗਾ ਉਹਨਾਂ ਨੂੰ ਨਹੀਂ ਪਤਾ । ਗੱਲ ਅਗਰ ਕੋਰਟ ਕਚਿਹਿਰੀਆਂ ਦੀ ਕਰੀਏ ਤਾਂ ਉਹ 200 ਕਿਲੋਮੀਟਰ ਚੱਲ ਕੇ ਹਿਸਾਰ ਜਾਂਦੇ ਹਨ ਆਪਣੇ ਪੱਲਿਓ ਖਰਚਾ ਕਰਦੇ ਹਨ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਧੱਕੇ ਖਾ ਰਹੇ ਹਨ ਆਪਣਾ ਕੰਮ ਛੱਡ ਰਹੇ ਹਨ ਪਰ ਕੋਰਟ ਵਿੱਚੋਂ ਉਹਨਾਂ ਨੂੰ ਸਿਰਫ ਤਰੀਕਾਂ ਹੀ ਮਿਲ਼ ਰਹੀਆਂ ਹਨ ਇੰਨਸਾਫ ਕਦੋੰ ਮਿਲੇਗਾ ਉਹਨਾਂ ਨੂੰ ਨਹੀਂ ਪਤਾ ? ਹੁਣ ਉਹਨਾਂ ਵਿੱਚ ਲੜਨ ਦੀ ਵੀ ਤਾਕਤ ਨਹੀਂ ਬਚੀ ਸੋਚਦੇ ਹਨ ਕਿ ਕਿੱਥੇ ਪੰਗਾ ਪਾ ਲਿਆ ।
ਉਜਾਗਰ ਕਰਨ ਵਾਲਾ :-ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਵੀ.ਐਂਡ.ਐਸ. ਨਾਮੀ ਗਾਰਮੈਂਟ ਐਕਸਪੋਰਟ ਦੀ ਵਿੱਚ ਬਤੌਰ ਮੈਨੇਜਰ ਕੰਮ ਕਰ ਰਿਹਾ ਸੀ । 22 ਜਨਵਰੀ 2011 ਨੂੰ ਉਸ ਨੂੰ ਇੱਕ ਲੋਕਲ ਡਰਾਵਿਰ ਰਾਂਹੀ ਇਸ ਹੌਲਨਾਕ ਕਾਂਡ ਦਾ ਪਤਾ ਲੱਗਾ । ਉਸ ਨੇ ਉਸ ਪਿੰਡ ਜਾ ਕੇ ਤਫਦੀਸ਼ ਕਰਕੇ ਉਸ ਪਿੰਦ ਦੀ ਐਫ ਆਈ ਆਰ ਨੰ; 91 / 2.11.1984 ਨੂੰ ਲੱਭ ਕੇ ਫੇਸ ਬੁੱਕ ਜਰੀਏ ਲੋਕਾਂ ਦੀ ਕਚਿਹਿਰੀ ਵਿੱਚ ਰੱਖਿਆ ।ਢਹਿਆਂ ਬਿਲਡਿੰਗਾ ਦੀਆਂ ਫੋਟੋਆਂ ਹੀ ਐਨੀਆਂ ਦਰਦਨਾਕ ਸਨ ਕਿ ਪੂਰੇ ਸੰਸਾਰ ਵਿੱਚ ਹਾ ਹਾਕਾਰ ਮੱਚ ਗਈ । ਇਹ ਪੂਰਾ ਕਾਂਡ ਪ੍ਰਕਾਸ਼ਮਾਨ ਹੋਇਆਂ । ਭਾਵੇਂ ਇਸ ਕਾਂਡ ਕਾਰਨ ਉਸ ਦੀ ਨੌਕਰੀ ਵੀ ਚਲੇ ਗਈ, ਘਰ ਲੁੱਟ ਮਾਰ ਵੀ ਹੋਈ, 153 ਏ ਦੇਸ਼ ਧ੍ਰੋਹ ਦਾ ਝੂਠਾ ਪਰਚਾ ਵੀ ਹੋਇਆ, ਦਫਤਰ ਵਿੱਚੋਂ ਸਬੰਧਿਤ ਰਿਕਾਰਡ ਵੀ ਚੋਰੀ ਹੋਇਆ, ਸ਼ਰਾਰੀਆਂ ਵਲੋਂ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ ਪਰ ਉਹ ਫਿਰ ਵੀ ਇਸ ਕੇਸ ਲਈ ਡਟਿਆ ਹੋਇਆ ਹੈ ।
ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਦੀ ਗੱਡੀ ਤੇ ਅਣਪਛਾਤੇ ਵਿਅਕਤੀਆਂ ਵਲੋਂ ਗਿਆਸਪੁਰਾ ਵਿਖੇ ਸਥਿਤ ਘਰ ਦੇ ਬਾਹਰ ਹਮਲਾ ਕਰਕੇ ਗੱਡੀ ਦੀ ਭੰਨਤੋੜ ਕੀਤੀ ਗਈ । ਜਿਸ ਦੀ ਬਕਾਇਦਾ ਸੇਰਪੁਰ ਚੌਂਕੀ ਵਿੱਚ ਡੀ.ਡੀ.ਆਰ ਨੰ.103-5ਡੀ/13-5-13 ਵੀ ਕਟਵਾਈ ਗਈ । ਉਹਨਾਂ ਪੁਲਿਸ ਨੂੰ ਲਿਖਵਾਈ ਰਿਪੋਰਟ ਵਿੱਚ ਕਿਹਾ ਕਿ ਉਹ ਹੋਦ ਚਿੱਲੜ ਵਿੱਚ ਕਤਲ ਕੀਤੇ 32 ਸਿੱਖਾਂ ਦਾ ਕੇਸ ਹਿਸਾਰ ਵਿਖੇ ਲੜ ਰਹੇ ਹਨ ਅਤੇ ਉਹ ਫਿਰਕਾ ਪ੍ਰਸਤਾ ਦੇ ਅੱਖਾਂ ਵਿੱਚ ਰੜਕਦੇ ਹਨ । ਉਹਨਾਂ ਪੁਲਿਸ ਨੂੰ ਦਿਤੀ ਇਤਲਾਹ ਵਿੱਚ ਕਿਹਾ ਕਿ ਉਹਨਾਂ ਦੇ ਘਰ ਵਿੱਚ ਭੰਨਤੋੜ ਕਰਕੇ 03.03.11 ਨੂੰ ਜਿਹੜੀ ਲੁੱਟ ਮਾਰ ਹੋਈ ਸੀ ਉਸ ਦਾ ਪੁਲਿਸ ਨੂੰ ਕੋਈ ਸੁਰਾਖ ਨਹੀਂ ਲੱਭਿਆ । 19 ਨਵੰਬਰ 2012 ਨੂੰ ਉਹਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਪਰ ਉਸ ਤੇ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਫਿਰਕਾਪ੍ਰਸਤ ਜਥੇਬੰਦੀ ਦੇ ਅਖੌਤੀ ਆਗੂ ਜੱਸੀਆਂ ਦੇ ਕਹਿਣ ਤੇ ਝੂਠਾ ਕੇਸ ਪਾਇਆ ਗਿਆ ਜੋ ਅਜੇ ਤੱਕ ਵੀ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿਚ ਵਿਚਾਰ ਅਧੀਨ ਹੈ । ਉਹਨਾਂ ਕਿਹਾ ਕਿ ਕੱਲ ਸਾਮ 9 ਵਜੇ ਸ਼ਰਾਰਤੀਆਂ ਅਨਸਰਾ ਵਲੋਂ ਕੀਤੀ ਕਾਰਵਾਈ ਉਸੇ ਦਾ ਹੀ ਹਿੱਸਾ ਹੈ । ਉਹਨਾਂ ਪ੍ਰਸਾਸਨ ਤੋਂ ਉਹਨਾਂ ਦੇ ਜਾਨ ਮਾਲ ਦੀ ਰਾਖੀ ਦੀ ਗੁਹਾਰ ਲਗਾਈ ।
ਹੋਦ ਚਿੱਲੜ ਤਾਲਮੇਲ ਕਮੇਟੀ ਦਾ ਰੋਲ :- ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਏ ਅਤੇ ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਵਲੋਂ ਰਲ ਕੇ ਕੇਸਾਂ ਦੀ ਪੈਰਵਾਈ ਕਰਨ ਲਈ ਹੋਦ ਚਿੱਲੜ ਤਾਲਮੇਲ ਕਮੇਟੀ ਬਣਾਈ ਗਈ । ਇਹ ਕਮੇਟੀ ਹੋਦ,ਗੁੜਗਾਉਂ, ਪਟੌਦੀ ਦੇ ਕੇਸ ਹਿਸਾਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਲੜ ਰਹੀ ਹੈ । ਇਹਨਾਂ ਦੇ ਮੇਂਬਰ ਹਰ ਤਰੀਕ ਤੇ ਗਰਗ ਕਮਿਸ਼ਨ ਸਾਹਮਣੇ ਪੇਸ਼ ਹੁੰਦੇ ਹਨ ਅਤੇ ਪੀੜਤਾਂ ਨੂੰ ਲੜਨ ਦਾ ਹੌਸਲਾ ਦਿੰਦੇ ਹਨ ।
ਯਾਦਗਾਰ ਦਾ ਮਸਲਾ ਕੀ ਹੈ ਤੇ ਹੁਣ ਤੱਕ ਕੀ ਹੋਇਆਂ ?
ਜਦੋਂ ਕੇਸ ਪ੍ਰਕਾਸਮਾਨ ਹੋਇਆ ਤਾਂ ਸੰਗਤਾਂ ਵਲੋਂ ਏਸੇ ਪਿੰਡ 4 ਮਾਰਚ 2011 ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ ।6 ਮਾਰਚ2011 ਨੂੰ ਭੋਗ ਵਾਲੇ ਦਿਨ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਨਾਮੀ ਹਸਤੀਆਂ ਪਹੁੰਚੀਆਂ । ਸਿੱਖ ਕੌਮ ਦੀ ਸੁਪਰੀਮ ਹਸਤੀ ਸਿੰਘ ਸਾਹਿਬ ਜਥੇਦਾਰ ਗਿਆਂਨੀ ਗੁਰਬਚਨ ਸਿੰਘ ਜੀ ਨੇ ਇਸ ਪਿੰਡ ਨੂੰ ਜਲਿਆਂ ਵਾਲੇ ਬਾਗ ਦੀ ਤਰਜ ਤੇ ਸਮਭਾਲਣ ਲਈ ਇੱਕ ਸਿੱਖ ਜੈਨੋਸਾਈਡ ਦਾ ਪੱਥਰ ਵੀ ਲਗਾਇਆਂ ਪਰ ਬਾਅਦ ਵਿੱਚ ਕੋਈ ਵੀ ਸਾਰਥਿਕ ਉਪਰਾਲਾ ਨਹੀਂ ਹੋਇਆ । ਉਸ ਪੱਥਰ ਨੂੰ ਸ਼ਰਾਰਤੀਆਂ ਵਲੋਂ ਤੋੜਿਆ ਵੀ ਗਿਆ ਜਿਸ ਦੀ ਕਿ ਡੀ.ਡੀ.ਆਰ ਕਰਵਾ ਕੇ ਗਰਗ ਕਮਿਸ਼ਨ ਸਨਮੁੱਖ ਕੇਸ ਵੀ ਰੱਖਿਆ ਗਿਆ । ਉਸ ਪੱਥਰ ਤੋਂ ਬਾਅਦ ਫੈਡਰੇਸ਼ਨ ਅਤੇ ਸਿੱਖਸ ਫਾਰ ਜਸਟਿਰ ਵਲੋਂ ਐਲਾਨ ਕੀਤਾ ਗਿਆ ਕਿ ਸ੍ਰੋਮਣੀ ਕਮੇਟੀ ਇਸ ਪ੍ਰੋਜੈਕਟ ਵਿੱਚ ਫੇਲ ਹੋਈ ਹੈ ਹੁਣ ਉਹ ਆਪਣੇ ਤੌਰ ਤੇ ਸੰਗਤਾਂ ਦੇ ਸਹਿਯੋਗ ਨਾਲ਼ ਇਹ ਯਾਦਗਾਰ ਉਸਾਰਨਗੇ । ਪਰ ਉਹ ਵੀ ਸਫਲ ਨਹੀਂ ਹੋਏ ਅਤੇ ਉਹ ਯਾਦਗਾਰ ਦਾ ਸੁਫਨਾ ਉਵੇਂ ਦਾ ਉਵੇਂ ਰਿਹਾ । ਪਿਛਲੇ ਦਿਨੀ ਪੀੜਤਾਂ ਵਲੋਂ ਸ੍ਰੋਮਣੀ ਕਮੇਟੀ ਨੂੰ ਐਫੀਡੈਵਿਟ ਦਿੱਤੇ ਹਨ ਕਿ ਉਹਨਾਂ ਦੇ ਪਿੰਡ ਨੂੰ ਸ਼੍ਰੋਮਣੀ ਕਮੇਟੀ ਸੰਭਾਲ਼ੇ । ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਨਿੱਜੀ ਦਿਲਚਸਪੀ ਦਿਖਾਉਂਦਿਆਂ ਇਸ ਸਬੰਧੀ ਮਤਾ ਪਾਸ ਕੀਤਾ ਗਿਆ ਹੈ ਅਤੇ ਹੁਣ ਇਹ ਯਾਦਗਾਰ ਦੀ ਬਾਲ ਸ੍ਰੋਮਣੀ ਕਮੇਟੀ ਦੇ ਪਾੜੇ ਵਿੱਚ ਹੈ ਦੇਖਦੇ ਹਾਂ ਉਹ ਕਦੋਂ ਗੋਲ਼ ਕਰਨ ਵਿੱਚ ਕਾਮਯਾਬ ਹੋਣਗੇ ? ਅਜੇ ਤੱਕ ਤਾਂ ਸਿਰਫ ਗੱਲਾਂ ਹੀ ਹਨ ਜੋ ਪਿਛਲੇ ਤਿੰਨ ਸਾਲਾਂ ਤੱਕ ਸਾਰੇ ਕਰਦੇ ਆਏ ਹਨ ਅਤੇ ਕਰ ਰਹੇ ਹਨ ।
ਯਾਦਗਾਰ ਕਿਦਾਂ ਦੀ ਹੋਵੇ ?
ਇਸ ਕੇਸ ਨੂੰ ਉਜਾਗਰ ਕਰਨ ਵਾਲੇ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਸ ਦੀ ਯਾਦਗਾਰ ਲਈ ਸ਼ਹੀਦਾਂ ਦੀ ਯਾਦ ਨੁੰ ਸਦੀਵੀ ਤਾਜਾ ਰੱਖਣ ਲਈ ਇਸ ਪਿੰਡ ਨੂੰ ਜਿਉਂ ਦਾ ਤਿਉਂ ਹੀ ਰੱਖਿਆ ਜਾਣਾ ਚਾਹੀਦਾ ਹੈ । ਪਿੰਡ ਦੇ ਨਜਦੀਕ ਵੱਡੇ ਸਾਰੇ ਹੌਦ ਵਿੱਚ 32 ਸ਼ਹੀਦਾਂ ਦੀ ਯਾਦ ਵਿੱਚ 32 ਫੁੱਟ ਉੱਚਾ ਮਿਨਾਰ ਬਣਾ ਕੇ ਭਾਈ ਘਨੱਈਆ ਜੀ ਦੇ ਮਿਸ਼ਨ ਨੂੰ ਸਮਰਪਿਤ ਕੋਈ ਲੋਕਲ ਲੋਕਾਂ ਦੀ ਵੈਲਫੇਅਰ ਲਈ ਪ੍ਰੋਜੈਕਟ ਉਲੀਕਣਾ ਚਾਹੀਦਾ ਹੈ ਤਾਂ ਜੋ ਸਿੱਖ ਧਰਮ ਦੀ ਖੁਸ਼ਬੋ ਦੂਰ ਦੂਰ ਤੱਕ ਫੈਲੇ ਜਿਹੜੇ ਨਫਰਤ ਕਰਦੇ ਹਨ ਉਹ ਵੀ ਸਾਡੇ ਇਸ ਪ੍ਰੋਜੈਕਟ ਦੀ ਸਲਾਹੁਤਾ ਕਰਨ ।