ਨਵੀਂ ਦਿੱਲੀ- ਅਗਲੇ ਸਾਲ ਹੋਣ ਵਾਲੀਆਂ ਲੋਕ ਸੱਭਾ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਅਤੇ ਭਾਜਪਾ ਇੱਕ ਦੂਸਰੇ ਤੇ ਆਰੋਪ ਅਤੇ ਫਿਕਰੇ ਕੱਸਣ ਦਾ ਕੋਈ ਵੀ ਮੌਕਾ ਗਵਾ ਨਹੀਂ ਰਹੇ। ਮੋਦੀ ਵੱਲੋਂ ਪਟੇਲ ਦਾ ਬੁੱਤ ਲਗਾਉਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਨਹਿਰੂ ਦੇ ਮੁਕਾਬਲੇ ਪਟੇਲ ਦੀਆਂ ਝੂਠੀਆਂ ਸੱਚੀਆਂ ਵੱਡਿਆਈਆਂ ਕੀਤੀਆਂ ਜਾ ਰਹੀਆਂ ਹਨ।ਕਾਂਗਰਸੀ ਨੇਤਾ ਵੀ ਪਿੱਛੇ ਨਹੀਂ ਹਨ, ਹਾਲ ਹੀ ਵਿੱਚ ਮਾਕਨ ਨੇ ਮੋਦੀ ਨੂੰ ਹੰਕਾਰੀ ਦੱਸਿਆ ਹੈ।ਰਾਜ ਬੱਬਰ ਨੇ ਕਿਹਾ ਕਿ ਪਟੇਲ ਦੀ ਮਹਾਨਤਾ ਸਾਬਿਤ ਕਰਨ ਲਈ ਕਿਸੇ ਮੂਰਤੀ ਦੀ ਲੋੜ ਨਹੀਂ ਹੈ।
ਬੀਜੇਪੀ ਅਤੇ ਸੰਘ ਤੇ ਵਾਰ ਕਰਦੇ ਹੋਏ ਰਾਜ ਬੱਬਰ ਨੇ ਕਿਹਾ ਹੈ ਕਿ ਜੇ ਪਟੇਲ ਕੁਝ ਸਮਾਂ ਹੋਰ ਜਿੰਦਾ ਰਹਿ ਜਾਂਦੇ ਤਾਂ ਸੰਘ ਦਾ ਨਾਮੋ ਨਿਸ਼ਾਨ ਹੀ ਮਿੱਟ ਜਾਂਦਾ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਟੇਲ ਨੇ ਕਿਹਾ ਸੀ ਕਿ ਸੰਘ ਦੇ ਕਾਰਨ ਹੀ ਮਹਾਤਮਾ ਗਾਂਧੀ ਦੀ ਮੌਤ ਹੋਈ ਸੀ।ਅਜੇ ਮਾਕਨ ਨੇ ਮੋਦੀ ਦੇ ਸਬੰਧ ਵਿੱਚ ਕਿਹਾ, ‘ਨਾਂ ਇਤਿਹਾਸ ਦਾ ਗਿਆਨ, ਨਾਂ ਭੂਗੋਲ ਦਾ ਧਿਆਨ,ਨਾਂ ਮਰਿਆਦਾ ਦਾ ਲਿਹਾਜ਼, ਉਪਰ ਤੋਂ ਹੇਠਾਂ ਤੱਕ ਸਿਰਫ਼ ਹੰਕਾਰ ਹੀ ਹੰਕਾਰ’। ਉਨ੍ਹਾਂ ਇਹ ਵੀ ਕਿਹਾ ਕਿ ਈਸ਼ਵਰ ਮੋਦੀ ਨੂੰ ਸੁਮੱਤ ਦੇਵੇ।